ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਐਸੋਸੀਏਸ਼ਨ ਨੇ ਬੀਤੇ ਦਿਨੀਂ ਅਲੂਮਨੀ ਮੀਟ ਕਰਵਾਈ। ਇਸ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ150ਦੇ ਕਰੀਬ ਸਾਬਕਾ ਵਿਦਿਆਰਥੀ ਸ਼ਾਮਿਲ ਹੋਏ। ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਕਾਲਜ ਦੇ ਸਾਬਕਾ ਡੀਨ ਡਾ. ਐੱਸ ਆਰ ਵਰਮਾ,ਡਾ. ਪੀ ਕੇ ਗੁਪਤਾ ਅਤੇ ਡਾ. ਅਸ਼ੋਕ ਕੁਮਾਰ ਤੋਂ ਇਲਾਵਾ ਸਾਬਕਾ ਰਜਿਸਟਰਾਰ ਡਾ. ਵੀ ਕੇ ਸ਼ਰਮਾ,ਸਾਬਕਾ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਕੇ ਡੀ ਮੰਨਨ,ਪੰਜਾਬ ਦੇ ਸਾਬਕਾ ਕਮਿਸ਼ਨਰ ਖੇਤੀਬਾੜੀ ਡਾ. ਬੀ ਐੱਸ ਸਿੱਧੂ ਵੀ ਇਸ ਸਮਾਰੋਹ ਵਿਚ ਸ਼ਾਮਿਲ ਹੋਏ।
ਵਾਈਸ ਚਾਂਸਲਰ ਡਾ. ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਾਲਜ ਦੀ ਇਸ ਇਕੱਤਰਤਾ ਲਈ ਸਭ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਕਾਲਜ ਨੇ ਪੰਜਾਬ ਦੀ ਖੇਤੀ ਨੂੰ ਮਸ਼ੀਨ ਅਧਾਰਿਤ ਬਨਾਉਣ ਲਈ ਇਤਿਹਾਸਕ ਕਾਰਜ ਕੀਤਾ ਹੈ ਅਤੇ ਇਸਦਾ ਸਿਹਰਾ ਸਾਬਕਾ ਵਿਦਿਆਰਥੀਆਂ,ਮਾਹਿਰਾਂ ਅਤੇ ਉੱਚ ਅਧਿਕਾਰੀਆਂ ਦੇ ਸਿਰ ਬੱਝਦਾ ਹੈ। ਉਹਨਾਂ ਕਿਹਾ ਕਿ ਮੌਜਦਾ ਵਿਦਿਆਰਥੀਆਂ ਨੂੰ ਆਪਣੇ ਪੁਰਾਣੇ ਰਾਹ ਦਸੇਰਿਆਂ ਕੋਲੋਂ ਅਗਵਾਈ ਲੈ ਕੇ ਅੱਗੇ ਵਧਣ ਦੀ ਲੋੜ ਹੈ। ਡਾ. ਗੋਸਲ ਨੇ ਕਿਹਾ ਕਿ ਦੇਸ਼ ਭਰ ਵਿਚ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਮਸ਼ੀਨਰੀ ਨੂੰ ਸਵੀਕਾਰ ਕੀਤਾ ਗਿਆ ਹੈ। ਇਹ ਕਾਰਜ ਪੁਰਾਣੇ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਘਾਲਣਾ ਸਦਕਾ ਸੰਭਵ ਹੋਇਆ। ਕਾਲਜ ਦੀ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਸਾਬਕਾ ਵਿਦਿਆਰਥੀਆਂ ਵੱਲੋਂ ਦਿੱਤੇ ਸਹਿਯੋਗ ਅਤੇ ਰਹਿਨੁਮਾਈ ਲਈ ਉਹਨਾਂ ਦਾ ਹਾਰਦਿਕ ਧੰਨਵਾਦ ਕੀਤਾ। ਉਹਨਾਂ ਕਿਹਾ ਕਿ1964ਵਿਚ ਆਪਣੀ ਸਥਾਪਨਾ ਤੋਂ ਲੈ ਕੇ ਇਸ ਕਾਲਜ ਨੇ2700ਦੇ ਕਰੀਬ ਖੇਤੀ ਇੰਜਨੀਅਰ ਪੈਦਾ ਕੀਤੇ ਹਨ ਜਿਨ੍ਹਾਂ ਵਿਚ ਅਕਾਦਮਿਕ ਮਾਹਿਰ,ਖੋਜੀ,ਪ੍ਰਸ਼ਾਸਕ ਅਤੇ ਖੇਤੀ ਉੱਦਮੀ ਸ਼ਾਮਿਲ ਹਨ। ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਤੀਸ਼ ਕੁਮਾਰ ਗੁਪਤਾ ਨੇ ਬੀਤੇ ਸਾਲ ਦੌਰਾਨ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ। ਡਾ. ਵਿਸ਼ਾਲ ਬੈਕਟਰ ਨੇ ਸਮਾਰੋਹ ਦਾ ਸੰਚਾਲਨ ਕੀਤਾ ਅਤੇ ਅੰਤ ਵਿਚ ਡਾ. ਸਮਨਪ੍ਰੀਤ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਦੌਰਾਨ ਅਲੂਮਨੀ ਐਸੋਸੀਏਸ਼ਨ ਦੀ ਆਮ ਇਕੱਤਰਤਾ ਹੋਈ ਜਿਸ ਵਿਚ ਐਸੋਸੀਏਸ਼ਨ ਦੇ ਅਹੁਦੇਦਾਰ ਚੁਣੇ ਗਏ ਡਾ. ਪ੍ਰੀਤਇੰਦਰ ਕੌਰ ਨੂੰ ਪ੍ਰਧਾਨ ਅਤੇ ਡਾ. ਸਮਨਪ੍ਰੀਤ ਕੌਰ ਨੂੰ ਉੱਪ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਇੰਜ.ਰਤਨਪਾਲ ਸਿੰਘ ਅਤੇ ਇੰਜ. ਸਰਬਜੀਤ ਸਿੰਘ ਨੂੰ ਚੰਡੀਗੜ੍ਹ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਉੱਪ ਪ੍ਰਧਾਨ ਚੁਣਿਆ ਗਿਆ। ਇਸ ਮੀਟ ਦੌਰਾਨ ਸਾਬਕਾ ਵਿਦਿਆਰਥੀਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਅੰਤ ਵਿਚ ਹੋਸਟਲ ਵਿਚ ਸਵੇਰ ਦੇ ਖਾਣੇ ਦਾ ਆਯੋਜਨ ਹੋਇਆ। ਮੌਜੂਦਾ ਵਿਦਿਆਰਥੀਆਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਆਪਸ ਵਿਚ ਵਿਚਾਰ-ਵਟਾਂਦਰਾ ਕਰਕੇ ਕਾਲਜ ਦੀ ਪਰੰਪਰਾ ਨੂੰ ਅੱਗੇ ਵਧਾਇਆ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)