ਪੀ ਏ ਯੂ ਦੀ ਸਫਾਈ ਅਤੇ ਹਰਿਆਲੀ ਮੁਹਿੰਮ ਨੂੰ ਸਟੇਟ ਬੈਂਕ ਆਫ ਇੰਡੀਆ ਦਾ ਸਹਿਯੋਗ ਮਿਲਿਆ
Jul28,2023
| Narinder Kumar | Ludhiana
ਵਾਤਾਵਰਣ ਦੀ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਸੰਸਥਾਈ ਸਹਿਯੋਗ ਵਜੋਂ ਸਟੇਟ ਬੈਂਕ ਆਫ਼ ਇੰਡੀਆ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ 'ਕਲੀਨ ਐਂਡ ਗ੍ਰੀਨ ਕੈਂਪਸ ਮੁਹਿੰਮ' ਵਿੱਚ 12 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ । ਇਸ ਸਹਿਯੋਗ ਲਈ ਚੈੱਕ ਦੇਣ ਦਾ ਰਸਮੀ ਸਮਾਰੋਹ ਯੂਨੀਵਰਸਿਟੀ ਵਿੱਚ ਅੱਜ ਹੋਇਆ। ਇਸ ਸਮਾਰੋਹ ਵਿਚ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਸ਼੍ਰੀ ਵਿਨੋਦ ਜੈਸਵਾਲ, ਚੀਫ਼ ਜਨਰਲ ਮੈਨੇਜਰ, ਐਸਬੀਆਈ, ਚੰਡੀਗੜ੍ਹ ਸਰਕਲ ਦੁਆਰਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਸਟੇਟ ਬੈਂਕ ਦੇ ਅਧਿਕਾਰੀ ਵੀ ਮੌਜੂਦ ਰਹੇ।
ਸ੍ਰੀ ਵਿਨੋਦ ਜੈਸਵਾਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਸਮਾਜਕ ਕਾਰਜਾਂ ਦੀ ਸ਼ਾਨਾਮੱਤੀ ਵਿਰਾਸਤ ਬਾਰੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਭ ਤੋਂ ਵੱਡੇ ਵਪਾਰਕ ਬੈਂਕ ਦੇ ਰੂਪ ਵਿੱਚ ਇਹ ਬੈਂਕ ਕੇਵਲ ਸਰਮਾਏ, ਧਨ ਜਮਾਂ ਦੇ ਕਾਰਜਾਂ ਵਾਲੀਆਂ ਸ਼ਾਖਾਵਾਂ, ਗਾਹਕਾਂ ਅਤੇ ਕਰਮਚਾਰੀਆਂ ਦਾ ਅਦਾਰਾ ਹੀ ਨਹੀਂ ਬਲਕਿ ਆਮ ਆਦਮੀ ਦੀ ਸੇਵਾ ਕਰਨ ਅਤੇ ਸਮਾਜ ਦੀ ਭਲਾਈ ਲਈ ਲਗਾਤਾਰ ਗਤੀਸ਼ੀਲ ਸੰਸਥਾ ਵੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਸਹਿਯੋਗ ਦੀ ਮਹੱਤਤਾ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਕਾਰਜ ਅਮੁੱਲ ਮਹੱਤਤਾ ਵਾਲਾ ਹੈ, ਕਿਉਂਕਿ ਇਹ ਸਮਾਜ ਦੇ ਵਿਕਾਸ ਅਤੇ ਵਾਤਾਵਰਣ ਸਥਿਰਤਾ ਲਈ ਬੈਂਕ ਦੇ ਸਮਰਪਣ ਨੂੰ ਦਰਸਾਉਂਦਾ ਹੈ। ਬੈਂਕ ਵਲੋਂ ਵਾਤਾਵਰਣ ਸੰਤੁਲਨ , ਜੈਵ ਵਿਭਿੰਨਤਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਯੂਨੀਵਰਸਿਟੀ ਦੇ ਕਾਰਜਾਂ ਨੂੰ ਪਛਾਣਿਆ ਗਿਆ ਹੈ ਅਤੇ ਇਸ ਦਿਸ਼ਾ ਵਿਚ ਭਾਰਤ ਦੀ ਇਸ ਸਰਵੋਤਮ ਸੰਸਥਾ ਨਾਲ ਜੁੜਨਾ ਮਾਣ ਵਾਲੀ ਗੱਲ ਹੈ।
ਡਾ. ਸਤਿਬੀਰ ਸਿੰਘ ਗੋਸਲ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵਚਨਬੱਧਤਾ ਅਤੇ ਅਮੁੱਲ ਸਹਿਯੋਗ ਲਈ ਸਟੇਟ ਬੈਂਕ ਆਫ਼ ਇੰਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਹ ਯੋਗਦਾਨ ਕੇਵਲ ਇੱਕ ਵਿੱਤੀ ਸਹਾਇਤਾ ਨਹੀਂ ਹੈ ਬਲਕਿ ਖੇਤੀਬਾੜੀ ਸਿੱਖਿਆ ਅਤੇ ਸਮਾਜ ਸੇਵਾ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਹੈ। ਉਨ੍ਹਾਂ ਦੱਸਿਆ ਕਿ ਪੀਏਯੂ ਦੀ ਆਪਣੇ ਡਾਇਮੰਡ ਜੁਬਲੀ ਸਾਲ ਵਿੱਚ ਯੋਜਨਾ ਹੈ ਕਿ ਦਾਨ ਕੀਤੀ ਰਕਮ ਦੀ ਵਰਤੋਂ ਉਨ੍ਹਾਂ ਕਾਰਜਾਂ ਲਈ ਜਾਵੇ ਜੋ ਕੈਂਪਸ ਨੂੰ ਇੱਕ ਹਰੇ ਭਰੇ ਦਰਸ਼ਨੀ ਸਥਾਨ ਵਿੱਚ ਬਦਲਣ ਵਿਚ ਸਹਾਈ ਹੋਣਗੇ। ਇਸ ਵਿੱਚ ਹਰਿਆਲੀ ਭਰੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਪੀਏਯੂ ਬਾਜ਼ਾਰ ਦੀ ਸੰਭਾਲ ਅਤੇ ਕੈਂਪਸ ਦੇ ਅੰਦਰ ਜੈਵ ਭਿੰਨਤਾ ਨਾਲ ਭਰਪੂਰ ਖੇਤਰਾਂ ਦੀ ਸੁਰੱਖਿਆ ਸ਼ਾਮਲ ਹੈ।
ਵਾਈਸ-ਚਾਂਸਲਰ ਨੇ ਸੰਸਥਾਈ ਵਿਕਾਸ ਅਤੇ ਸਕਾਰਾਤਮਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਅਤੇ ਪੀਏਯੂ ਵਿਚਕਾਰ ਸੰਬੰਧ ਬੜੇ ਪੁਰਾਣੇ ਅਤੇ ਪਕੇਰੇ ਹਨ। ਦੋਵੇਂ ਸੰਸਥਾਵਾਂ ਦੇਸ਼ ਦੀ ਭਲਾਈ ਅਤੇ ਦੇਸ਼ਵਾਸੀਆਂ ਦੀ ਸੇਵਾ ਦੇ ਸਾਂਝੇ ਉਦੇਸ਼ ਨੂੰ ਸਮਰਪਿਤ ਹਨ।
ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਗੁਰਮੀਤ ਸਿੰਘ ਬੁੱਟਰ ਨੇ ਇਸ ਮੌਕੇ ਕਿਹਾ ਕਿ ਇਸ ਸਾਂਝ ਦੁਆਰਾ ਬੀਜੇ ਗਏ ਬੀਜਾਂ ਤੋਂ ਭਰਪੂਰ ਫ਼ਸਲ ਦੀ ਉਮੀਦ ਕੀਤੀ ਜਾ ਸਕਦੀ ਹੈ, ਜਿਸ ਨਾਲ ਕਿਸਾਨੀ ਭਾਈਚਾਰਿਆਂ ਅਤੇ ਸਮੁੱਚੇ ਦੇਸ਼ ਨੂੰ ਲਾਭ ਹੋਵੇਗਾ।
ਡਾ: ਸ਼ੰਮੀ ਕਪੂਰ ਪੀਏਯੂ ਕੰਪਟਰੋਲਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਦੋਂ ਸਟੇਟ ਬੈਂਕ ਵਰਗੀਆਂ ਸੰਸਥਾਵਾਂ ਅਜਿਹੀਆਂ ਪਹਿਲਕਦਮੀਆਂ ਵਿੱਚ ਯੋਗਦਾਨ ਪਾਉਂਦੀਆਂ ਹਨ, ਤਾਂ ਉਹ ਨਾ ਸਿਰਫ਼ ਯੂਨੀਵਰਸਿਟੀ ਦੇ ਵਾਤਾਵਰਣ ਵਿੱਚ ਸੁਧਾਰ ਦੇ ਯਤਨਾਂ ਵਿੱਚ ਮਦਦ ਕਰਦੀਆਂ ਹਨ, ਸਗੋਂ ਹੋਰ ਸੰਸਥਾਵਾਂ ਅਤੇ ਵਿਅਕਤੀਆਂ ਲਈ ਵੀ ਇੱਕ ਮਿਸਾਲ ਕਾਇਮ ਕਰਦੀਆਂ ਹਨ, ਜਿਸ ਨਾਲ ਵਾਤਾਵਰਣ ਦੀ ਜ਼ਿੰਮੇਵਾਰੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਸਮਾਰੋਹ ਦਾ ਸੰਚਾਲਨ ਡਾ: ਵਿਸ਼ਾਲ ਬੈਕਟਰ, ਐਸੋਸੀਏਟ ਡਾਇਰੈਕਟਰ (ਸੰਸਥਾਈ ਸੰਪਰਕ) ਦੁਆਰਾ ਕੀਤਾ ਗਿਆ ਸੀ।
The-Cleanliness-And-Greening-Campaign-Of-Pau-Got-The-Support-Of-State-Bank-Of-India