ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰੇਲਵੇ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਸੇਵਾਵਾਂ ਨੂੰ ਹੋਰ ਕੁਸ਼ਲ ਬਣਾਉਣ ਦਾ ਸੁਝਾਅ ਦਿੱਤਾ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਰੇਲ ਸੇਵਾਵਾਂ ਨੂੰ ਹੋਰ ਕੁਸ਼ਲ ਬਣਾਉਣ ਲਈ ਰੇਲਵੇ ਨੂੰ ਕੁਝ ਸੁਝਾਅ ਦਿੱਤੇ ਹਨ। ਅਰੋੜਾ ਨੇ ਅੱਜ ਡਾ. ਸੀਮਾ ਸ਼ਰਮਾ, ਡੀਆਰਐਮ, ਉੱਤਰੀ ਰੇਲਵੇ, ਫਿਰੋਜ਼ਪੁਰ ਤੋਂ 9 ਨਵੰਬਰ, 2022 ਨੂੰ ਇੱਕ ਅਧਿਕਾਰਤ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਇਹ ਸੁਝਾਅ ਦਿੱਤੇ। ਡਾ: ਸੀਮਾ ਨੇ ਅਰੋੜਾ ਤੋਂ ਸੁਝਾਅ ਮੰਗੇ ਸਨ। ਉਨ੍ਹਾਂ ਨੇ ਅਰੋੜਾ ਨੂੰ ਜਾਣੂ ਕਰਵਾਇਆ ਕਿ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਨੇ ਚਾਲੂ ਵਿੱਤੀ ਸਾਲ ਦੌਰਾਨ ਬਹੁਤ ਤਰੱਕੀ ਕੀਤੀ ਹੈ ਅਤੇ ਇਸ ਨੂੰ ਹੋਰ ਗਤੀ ਦੇਣ ਲਈ ਸੁਝਾਅ ਮੰਗੇ ਸਨ। ਡੀਆਰਐਮ ਦੇ ਪੱਤਰ ਦੇ ਜਵਾਬ ਵਿੱਚ ਅਰੋੜਾ ਨੇ ਕਿਹਾ, -ਵੱਖ-ਵੱਖ ਪਲੇਟਫਾਰਮਾਂ ਅਤੇ ਫੋਰਮਾਂ ਰਾਹੀਂ, ਯਾਤਰੀਆਂ ਦੀਆਂ ਸਮੱਸਿਆਵਾਂ ਸੁਣ ਰਿਹਾ ਹਾਂ ਅਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕੁਝ ਮੁੱਦਿਆਂ ਨੂੰ ਉਜਾਗਰ ਕਰਨਾ ਚਾਹੁੰਦਾ ਹਾਂ, ਜਿੱਥੇ ਮੈਂ ਰਹਿੰਦਾ ਹਾਂ।- ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਸੁਝਾਅ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵਿੱਚ ਸਹਾਈ ਹੋਣਗੇ। ਉਨ੍ਹਾਂ ਲਿਖਿਆ ਕਿ ਲੁਧਿਆਣਾ ਰੇਲਵੇ ਸਟੇਸ਼ਨ ਦੀ ਮੌਜੂਦਾ ਹਾਲਤ ਖਾਸ ਤੌਰ -ਤੇ ਪਲੇਟਫਾਰਮਾਂ ਦੀ ਹਾਲਤ ਖਸਤਾ ਹੈ ਅਤੇ ਇਸ ਲਈ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ/ਸੁਧਾਰ ਦੀ ਲੋੜ ਹੈ। ਅਰੋੜਾ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਵਿਚ ਵੱਡੀ ਗਿਣਤੀ ਵਿਚ ਯਾਤਰੀ ਰੇਲ ਗੱਡੀਆਂ ਲੁਧਿਆਣਾ ਸਟੇਸ਼ਨ -ਤੇ ਰੁਕ ਰਹੀਆਂ ਹਨ। ਲੇਕਿਨ, ਯਾਤਰੀਆਂ ਦੀ ਗਿਣਤੀ ਮੁਤਾਬਿਕ ਸਹੂਲਤਾਂ ਉਪਲਬਧ ਨਹੀਂ ਹਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਕੁਝ ਯਾਤਰੀ ਰੇਲ ਗੱਡੀਆਂ ਨੂੰ ਲੁਧਿਆਣਾ ਦੀ ਬਜਾਏ ਨੇੜਲੇ ਢੰਡਾਰੀ ਅਤੇ ਫਿਲੌਰ ਰੇਲਵੇ ਸਟੇਸ਼ਨਾਂ -ਤੇ ਰੋਕਿਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਰੇਲਵੇ ਕਰਾਸਿੰਗ ਇੱਕ ਵੱਡਾ ਮੁੱਦਾ ਹੈ ਅਤੇ ਇਸ ਲਈ ਉਨ੍ਹਾਂ ਨੇ ਨੀਲੋਂ ਨਹਿਰ ਅਤੇ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਇਸ਼ਮੀਤ ਸਿੰਘ ਚੌਕ ਵਿਖੇ ਰੇਲ ਓਵਰ ਬ੍ਰਿਜ (ਆਰ.ਓ.ਬੀ.) ਦੇ ਨਿਰਮਾਣ ਬਾਰੇ ਵਿਚਾਰ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਅੱਗੇ ਲਿਖਿਆ ਕਿ ਲੁਧਿਆਣਾ ਇੱਕ ਸਨਅਤੀ ਸ਼ਹਿਰ ਹੋਣ ਦੇ ਨਾਤੇ ਉਨ੍ਹਾਂ ਦੇ ਹਲਕੇ ਵਿੱਚ ਹਜ਼ਾਰਾਂ ਯਾਤਰੀਆਂ ਵਿਚ ਫੈਕਟਰੀ ਵਰਕਰਾਂ ਦਾ ਵੱਡਾ ਹਿੱਸਾ ਹੈ ਜੋ ਰੇਲਵੇ ਸੇਵਾਵਾਂ -ਤੇ ਨਿਰਭਰ ਹਨ। ਮੌਜੂਦਾ ਸ਼ਤਾਬਦੀ ਐਕਸਪ੍ਰੈਸ 12037/12038 ਲੁਧਿਆਣਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਸਮਰਥਾ ਮੁਤਾਬਿਕ ਨਹੀਂ ਹੈ। ਇਸ ਲਈ, ਉਹਨਾਂ ਨੇ ਮੌਜੂਦਾ ਸਮਾਂ-ਸਾਰਣੀ ਤੋਂ ਤਿੰਨ ਘੰਟੇ ਦੇ ਅੰਤਰ ਨਾਲ ਨਵੀਆਂ ਸ਼ਤਾਬਦੀ ਰੇਲ ਗੱਡੀਆਂ ਦੀ ਸ਼ੁਰੂਆਤ ਲਈ ਬੋਗੀਆਂ ਦੀ ਗਿਣਤੀ ਵਧਾਉਣ ਅਤੇ ਸਮਾਂ-ਸਾਰਣੀ ਯੋਜਨਾ ਦਾ ਖਰੜਾ ਤਿਆਰ ਕਰਨ ਦੀ ਬੇਨਤੀ ਕੀਤੀ। ਅਰੋੜਾ ਨੇ ਮੰਗ ਕੀਤੀ ਕਿ ਉਠਾਏ ਗਏ ਮੁੱਦਿਆਂ ਵੱਲ ਧਿਆਨ ਦੇ ਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੇ ਉਪਰਾਲੇ ਕੀਤੇ ਜਾਣ।
politics-crime-education-news-punjab
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)