ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਬਣੇ ਅਲੂਮਨੀ ਸੰਪਰਕ ਕੇਂਦਰ ਅਤੇ ਪ੍ਰੋ ਗੈਲਰੀ ਦਾ ਦੌਰਾ ਕੀਤਾ | ਇਸ ਮੌਕੇ ਉਹਨਾਂ ਨਾਲ ਯੂਨੀਵਰਸਿਟੀ ਦੇ ਉਚ ਅਧਿਕਾਰੀ ਅਤੇ ਵੱਖ-ਵੱਖ ਕਾਲਜਾਂ ਦੇ ਡੀਨ ਵੀ ਮੌਜੂਦ ਰਹੇ | ਡਾ. ਗੋਸਲ ਨੇ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਉੱਚ ਪੱਧਰੀ ਪ੍ਰਾਪਤੀਆਂ ਕਰਨ ਵਾਲੇ ਪੂਰੀ ਦੁਨੀਆਂ ਵਿੱਚ ਫੈਲੇ ਸਾਬਕਾ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਨੇ ਆਪਣੀ ਲਗਨ, ਮਿਹਨਤ ਅਤੇ ਸਮਰਪਣ ਨਾਲ ਆਪਣੀ ਸੰਸਥਾਂ ਦਾ ਨਾਂ ਸੰਸਾਰ ਭਰ ਵਿੱਚ ਉੱਚਾ ਕੀਤਾ ਹੈ ਅਤੇ ਅਲੂਮਨੀ ਸੰਪਰਕ ਕੇਂਦਰ ਦੀ ਸਥਾਪਤੀ ਦਾ ਉਦੇਸ਼ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਆਉਣ ਵਾਲੇ ਵਿਦਿਆਰਥੀਆਂ ਲਈ ਦਰਜ਼ ਕਰਨਾ ਹੈ | ਉਹਨਾਂ ਮੌਜੂਦਾ ਵਿਦਿਆਰਥੀਆਂ ਨੂੰ ਪੁਰਾਣੇ ਰਹਿ ਚੁੱਕੇ ਵਿਦਿਆਰਥੀਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਪੇਸ਼ੇ ਵਿੱਚ ਸਫਲਤਾ ਦੀਆਂ ਸਿਖਰਾਂ ਛੋਹਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਕਾਲਜ ਅਤੇ ਯੂਨੀਵਰਸਿਟੀ ਵੱਲੋਂ ਇਸ ਕਾਰਜ ਲਈ ਵਿਦਿਆਰਥੀਆਂ ਦੀ ਹਰ ਲੋੜੀਂਦੀ ਸਹਾਇਤਾ ਕੀਤੀ ਜਾਵੇਗੀ | ਡਾ. ਗੋਸਲ ਨੇ ਕਿਹਾ ਕਿ ਕੋਈ ਰੁੱਖ ਓਨਾ ਸੰਘਣਾ ਅਤੇ ਛਾਂਦਾਰ ਹੁੰਦਾ ਹੈ ਜਿੰਨੀਆਂ ਉਸਦੀਆਂ ਜੜ੍ਹਾਂ ਮਜ਼ਬੂਤ ਹੋਣ ਅਤੇ ਸਾਨੂੰ ਮਾਣ ਹੈ ਕਿ ਅਸੀਂ ਆਪਣੀ ਸੰਸਥਾਂ ਦੀਆਂ ਮਜ਼ਬੂਤ ਜੜ੍ਹਾਂ ਨਾਲ ਜੁੜੇ ਹੋਏ ਹਾਂ | ਉਹਨਾਂ ਨੇ ਹੋਰ ਕਾਲਜਾਂ ਨੂੰ ਵੀ ਸਾਬਕਾ ਵਿਦਿਆਰਥੀਆਂ ਨਾਲ ਸੰਪਰਕ ਦੇ ਕੇਂਦਰ ਸਥਾਪਿਤ ਕਰਨ ਲਈ ਕਿਹਾ ਤਾਂ ਜੋ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀ ਰਵਾਇਤ ਨਾਲ ਡੂੰਘੀ ਤਰ੍ਹਾਂ ਜੁੜ ਸਕਣ | ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਐੱਚ ਐੱਸ ਸਿੱਧੂ ਨੇ ਇਸ ਮੌਕੇ ਇਸ ਕੇਂਦਰ ਦੀ ਸਥਾਪਤੀ ਦੇ ਉਦੇਸ਼ਾਂ ਬਾਰੇ ਗੱਲ ਕੀਤੀ | ਉਹਨਾਂ ਕਿਹਾ ਕਿ ਇਸ ਕੇਂਦਰ ਨੇ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਦਸਤਾਵੇਜ਼ ਹੀ ਨਹੀਂ ਬਨਾਉਣਾ ਬਲਕਿ ਮੌਜੂਦਾ ਅਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਸੁਨਹਿਰੀ ਇਤਿਹਾਸ ਨਾਲ ਜੋੜਨਾ ਹੈ | ਉਹਨਾਂ ਹੋਰ ਸਾਬਕਾ ਵਿਦਿਆਰਥੀਆਂ ਨੂੰ ਵੀ ਇਸ ਕੇਂਦਰ ਦੇ ਬਹਾਨੇ ਯੂਨੀਵਰਸਿਟੀ ਨਾਲ ਜੁੜਨ ਦੀ ਅਪੀਲ ਕੀਤੀ | ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਤੀਸ਼ ਕੁਮਾਰ ਗੁਪਤਾ ਅਤੇ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਇਸ ਮੌਕੇ ਕਾਲਜ ਵੱਲੋਂ ਵਿਦਿਆਰਥੀਆਂ ਦੀ ਬਿਹਤਰੀ ਲਈ ਕੀਤੇ ਜਾਂਦੇ ਕਾਰਜਾਂ ਦੀ ਸੂਚੀ ਦਿੱਤੀ | ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਗਿਆਨ, ਪ੍ਰਤਿਭਾ ਅਤੇ ਹੁਨਰ ਨੂੰ ਨਿਖਾਰਨ ਲਈ ਹਰ ਸੰਭਵ ਕਾਰਜ ਕੀਤਾ ਜਾਂਦਾ ਹੈ ਜਿਸ ਨਾਲ ਮੌਜੂਦਾ ਮੁਕਾਬਲੇ ਦੇ ਯੁਗ ਵਿੱਚ ਕਾਲਜ ਦੇ ਵਿਦਿਆਰਥੀ ਹਰ ਤਰ੍ਹਾਂ ਦੇ ਮੁਕਾਬਲੇ ਲਈ ਤਿਆਰ ਹੋ ਸਕਣ |
Pau-The-Vice-Chancellor-Visited-The-Alumni-Contact-Centre
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)