ਜੁਲਾਈ ਦੇ ਦੂਜੇ ਹਫਤੇ ਉੱਤਰ ਭਾਰਤ ਵਿਚ ਹੋਈ ਲਗਾਤਾਰ ਬਰਸਾਤ ਨੇ ਪੰਜਾਬ ਵਿਚ ਹੜ੍ਹਾਂ ਦੇ ਹਾਲਾਤ ਪੈਦਾ ਕੀਤੇ । ਇਨ੍ਹਾਂ ਹੜ੍ਹਾਂ ਵਿਚ ਦੋ ਲੱਖ ਹੈਕਟੇਅਰ ਤੋਂ ਵਧੇਰੇ ਕਾਸ਼ਤਯੋਗ ਰਕਬਾ ਪਾਣੀ ਵਿਚ ਡੁੱਬ ਗਿਆ। ਇਸ ਸਥਿਤੀ ਵਿਚ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਆਰਥਿਕ ਹਾਨੀ ਦਾ ਸਾਮ੍ਹਣਾ ਤਾਂ ਕਰਨਾ ਹੀ ਪਿਆ ਨਾਲ ਹੀ ਸਾਉਣੀ ਸੀਜ਼ਨ ਦੌਰਾਨ ਫ਼ਸਲਾਂ ਦੀ ਕਾਸ਼ਤ ਬਾਰੇ ਵੀ ਦੁਬਾਰਾ ਸੋਚਣਾ ਪਿਆ ਹੈ । ਪੀ ਏ ਯੂ ਦੇ ਮਾਹਿਰਾਂ ਨੇ ਸਥਿਤੀ ਨਾਲ ਨਜਿੱਠਣ ਲਈ ਅਚਨਚੇਤੀ ਫ਼ਸਲ ਯੋਜਨਾ ਬਣਾਈ ਹੈ। ਇਸ ਯੋਜਨਾ ਬਾਰੇ ਪੀ ਏ ਯੂ ਦੇ ਵਾਈਸ ਚਾਂਸਲਰ ਅਤੇ ਉੱਚ ਅਧਿਕਾਰੀਆਂ ਨੇ ਜਾਣੂੰ ਕਰਵਾਇਆ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਮੌਜੂਦਾ ਸਥਿਤੀ ਵਿਚ ਯੂਨੀਵਰਸਿਟੀ ਆਪਣੀਆਂ ਖੋਜ ਅਤੇ ਪਸਾਰ ਸੇਵਾਵਾਂ ਨਾਲ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਪਾਣੀ ਭਰਿਆ ਓਥੇ ਝੋਨੇ ਦੀ ਛੇਤੀ ਪੱਕਣ ਵਾਲੀ ਕਿਸਮ ਪੀਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਢੁਕਵਾਂ ਬਦਲ ਹੋ ਸਕਦੀ ਹੈ।। ਡਾ. ਗੋਸਲ ਨੇ ਦਾ ਕਾਰਨ ਦੱਸਿਦਿਆਂ ਕਿਹਾ ਕਿ ਲੰਮੀ ਮਿਆਦ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਖੇਤ ਵਿਚ ਲਾਉਣ ਤੋਂ ਬਾਅਦ ਪੱਕਣ ਲਈ 110 ਤੋਂ 130 ਦਿਨ ਲਗਦੇ ਹਨ ਇਸ ਲਈ ਇਨ੍ਹਾਂ ਕਿਸਮਾਂ ਦੀ ਪਛੇਤੀ ਬਿਜਾਈ ਸੰਭਵ ਨਹੀਂ। ਪਰ ਪੀ ਏ ਯੂ ਦੀ ਕਿਸਮ ਪੀ ਆਰ126 ਇਸ ਸਥਿਤੀ ਵਿੱਚ ਢੁਕਵੀਂ ਹੈ । ਇਹ ਖੇਤ ਵਿਚ ਲਾਉਣ ਤੋਂ 93 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ। ਛੇਤੀ ਪੱਕਣ ਕਾਰਨ ਇਹ ਕਿਸਮ ਸਮੇਂ ਦੀ ਬਚਤ ਕਰੇਗੀ, ਜਿਸ ਨਾਲ ਅਗਲੀ ਫ਼ਸਲ ਦੀ ਬਿਜਾਈ ਲਈ ਸਮੇਂ ਸਿਰ ਖੇਤ ਵਿਹਲੇ ਹੋ ਸਕਣਗੇ। ਇਸ ਤੋਂ ਇਲਾਵਾ ਪੀਆਰ 126 ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬੀਜੇ ਜਾਣ ਲਈ ਢੁਕਵੀਂ ਹੈ ਤੇ ਇਸ ਸੰਕਟ ਦੇ ਸਮੇਂ ਇਹ ਹੀ ਬਿਹਤਰ ਬਦਲ ਹੋ ਸਕਦੀ ਹੈ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਕਿਹਾ ਕਿ ਪੀਆਰ 126 ਨੂੰ 2017 ਵਿੱਚ ਕਾਸ਼ਤ ਲਈ ਜਾਰੀ ਕੀਤਾ ਗਿਆ ਸੀ। ਇਹ ਕਿਸਮ ਪੂਸਾ 44 ਦੇ ਮੁਕਾਬਲੇ ਪੱਕਣ ਲਈ ਇੱਕ ਮਹੀਨਾ ਅਤੇ ਹੋਰ ਕਿਸਮਾਂ ਦੇ ਮੁਕਾਬਲੇ 2-3 ਹਫ਼ਤੇ ਘੱਟ ਲੈਂਦੀ ਹੈ। ਇਸ ਕਿਸਮ ਨੇ 38 ਕੁਇੰਟਲ ਪ੍ਰਤੀ ਏਕੜ ਤਕ ਝਾੜ ਦਿੱਤਾ ਹੈ ਤੇ ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਤਕ ਆ ਜਾਂਦਾ ਹੈ। ਇਸੇ ਤਰ੍ਹਾਂ ਪੂਸਾ ਬਾਸਮਤੀ 1509 ਇੱਕ ਹੋਰ ਢੁਕਵੀਂ ਕਿਸਮ ਹੈ ਜੋ ਕਿ ਵੱਧ ਝਾੜ ਦੇਣ ਵਾਲੀ ਅਤੇ ਜਲਦੀ ਪੱਕਣ ਵਾਲੀ ਹੈ। ਇਸ ਬਦਲਵੀਂ ਕਾਸ਼ਤ ਯੋਜਨਾ ਬਾਰੇ ਗੱਲ ਕਰਦਿਆਂ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਯੂਨੀਵਰਸਿਟੀ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਦੇ ਨਾਲ ਨਾਲ ਬੀਜ ਕੇਂਦਰਾਂ ਦੇ ਆਪਣੇ ਢਾਂਚੇ ਦੀ ਵਰਤੋਂ ਕਰਦੇ ਹੋਏ ਲਗਭਗ 30 ਏਕੜ ਜ਼ਮੀਨ ਵਿੱਚ ਪੀਆਰ 126 ਅਤੇ ਪੂਸਾ ਬਾਸਮਤੀ 1509 ਪਨੀਰੀ ਬੀਜ ਦਿੱਤੀ ਹੈ। ਇਹ ਪਨੀਰੀ 25-30 ਦਿਨਾਂ ਵਿੱਚ ਲਵਾਈ ਲਈ ਤਿਆਰ ਹੋ ਜਾਏਗੀ। ਕਿਸਾਨ 10 ਅਗਸਤ, 2023 ਤੱਕ ਪੀਏਯੂ ਦੇ ਵੱਖ ਵੱਖ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤੀਬਾੜੀ ਵਿਭਾਗ ਪੰਜਾਬ ਅਤੇ ਪਨਸੀਡ ਤੋਂ ਇਹ ਕਿਸਮਾਂ ਪ੍ਰਾਪਤ ਕਰ ਸਕਣਗੇ। ਚੰਗੀ ਉਪਜ ਲਈ ਇਨ੍ਹਾਂ ਕਿਸਮਾਂ ਦੀ ਲਵਾਈ 15 ਅਗਸਤ 2023 ਤੋਂ ਪਹਿਲਾਂ ਕਰਨ ਬਾਰੇ ਡਾ ਬੁੱਟਰ ਨੇ ਕਿਹਾ। ਉਨ੍ਹਾਂ ਕਿਹਾ ਕਿ ਝੋਨੇ ਦੀ ਵਢਾਈ ਤੋਂ ਬਾਅਦ ਹਾਲ ਹੀ ਵਿੱਚ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀ ਸਰਫੇਸ ਸੀਡਿੰਗ ਵਿਧੀ ਨਾਲ ਕਣਕ ਦੀ ਫ਼ਸਲ ਸਮੇਂ ਸਿਰ ਬੀਜੀ ਜਾ ਸਕਦੀ ਹੈ। ਜਿਹੜੇ ਕਿਸਾਨ ਝੋਨੇ ਦੇ ਬਦਲ ਵਿਚ ਹੋਰ ਫ਼ਸਲਾਂ ਨੂੰ ਤਰਜੀਹ ਦਿੰਦੇ ਹਨ ਉਨ੍ਹਾਂ ਲਈ ਡਾ. ਬੁੱਟਰ ਨੇ ਤੋਰੀਆ, ਚਾਰੇ ਦੀਆਂ ਫ਼ਸਲਾਂ, ਗੰਨਾ, ਅਤੇ ਕੁਝ ਸਬਜ਼ੀਆਂ ਦੀਆਂ ਫ਼ਸਲਾਂ ਦੀ ਗੱਲ ਕੀਤੀ। ਡਾ. ਬੁੱਟਰ ਨੇ ਕਿਹਾ ਕਿ ਕਿਸਾਨਾਂ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਚੰਗੀ ਤਰ੍ਹਾਂ ਸੋਚੀ ਸਮਝੀ ਬਦਲਵੀਂ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਖੇਤਾਂ ਵਿਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਹੋਰ ਸੁਝਾਅ ਦਿੰਦਿਆਂ ਕਿਹਾ ਕਿ ਪਾਣੀ ਕੱਢਣ ਤੋਂ ਬਾਅਦ ਝੋਨੇ ਦੇ ਮਰ ਗਏ ਬੂਟਿਆਂ ਦੀ ਥਾਂ ਨਵੇਂ ਬੂਟੇ ਲਾ ਦੇਣੇ ਚਾਹੀਦੇ ਹਨ। ਜਿੱਥੇ ਨਵੀਂ ਬਿਜਾਈ ਦੀ ਲੋੜ ਹੈ ਓਥੇ ਪੀਆਰ 126 ਅਤੇ ਪੂਸਾ ਬਾਸਮਤੀ 1509 ਦੀ ਪਨੀਰੀ ਬੀਜੀ ਜਾਵੇ। ਮੱਕੀ ਵਿਚੋਂ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ।ਇਸ ਤੋਂ ਇਲਾਵਾ 3% ਯੂਰੀਆ ਘੋਲ ਦੀ ਹਫਤਾਵਾਰੀ ਸਪਰੇਅ ਅਤੇ ਵਾਧੂ ਨਾਈਟ੍ਰੋਜਨ (25-50 ਕਿਲੋ ਯੂਰੀਆ/ਏਕੜ) ਪਾਉਣੀ ਚਾਹੀਦੀ ਹੈ। ਕੀੜੇ-ਮਕੌੜਿਆਂ, ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਨਰਮੇ ਦੀ ਫਸਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਯੂਰੀਆ ਦੀ ਸਿਫਾਰਿਸ਼ ਕੀਤੀ ਖੁਰਾਕ ਨੂੰ ਫੁੱਲ ਆਉਣ -ਤੇ, ਕੋਬਾਲਟ ਕਲੋਰਾਈਡ ਦੇ ਘੋਲ ਦੇ ਛਿੜਕਾਅ ਕਰਕੇ ਪੱਤਾ ਡਿੱਗਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਫੁੱਲ ਆਉਣ ਵੇਲੇ ਹਰ 7-10 ਦਿਨਾਂ ਬਾਅਦ 2% ਪੋਟਾਸ਼ੀਅਮ ਨਾਈਟ੍ਰੇਟ ਸਪਰੇਅ ਦੁਹਰਾਈ ਜਾਵੇ। ਪਛੇਤੀ ਬੀਜੀ ਗੰਨੇ ਨੂੰ ਪਾਣੀ ਦੇ ਨਿਕਾਸ ਤੋਂ ਬਾਅਦ ਖਾਦ ਪਾਉਣੀ ਚਾਹੀਦੀ ਹੈ, ਫਸਲ ਨੂੰ ਡਿੱਗਣ ਤੋਂ ਬਚਨ ਲਈ ਮੂੜ੍ਹੇ ਬੰਨ੍ਹ ਦਿਓ ਅਤੇ ਆਗ ਦੇ ਗੜੂਏਂ ਲਈ ਫਰਟੇਰਾ ਦੀ ਵਰਤੋਂ ਕਰੋ। ਪਾਣੀ ਕੱਢਣ ਤੋਂ ਬਾਅਦ ਖੇਤਾਂ ਵਿੱਚ ਚਾਰੇ ਦੇ ਲਈ ਮੱਕੀ, ਜੁਆਰ ਅਤੇ ਬਾਜਰੇ ਦੀ ਬਿਜਾਈ ਕਰੋ। ਜਿੱਥੇ ਜ਼ਿਆਦਾ ਨੁਕਸਾਨ ਹੋਇਆ ਹੈ ਓਥੇ ਮੱਕੀ ਜਾਂ ਬਾਜਰੇ ਦੇ ਨਾਲ ਲੋਬੀਆ ਮਿਲਾ ਕੇ ਚਾਰੇ ਨੂੰ ਦੁਬਾਰਾ ਬੀਜੋ। ਅੱਧ ਸਤੰਬਰ ਵਿੱਚ ਹਾੜ੍ਹੀ ਦੇ ਚਾਰੇ ਦੀ ਬਿਜਾਈ ਕਰੋ। ਤਿਲਾਂ ਦੀ ਕਿਸਮ ਪੰਜਾਬ ਤਿਲ ਨੰਬਰ 2 ਜੁਲਾਈ ਦੇ ਅੰਤ ਤੱਕ ਬੀਜ ਦੇਣੇ ਚਾਹੀਦੇ ਹਨ। ਫਲਦਾਰ ਫਸਲਾਂ ਵਿੱਚ, ਨੁਕਸਾਨ ਦੀ ਜਾਂਚ ਕਰਨੀ ਚਾਹੀਦੀ ਹੈ, ਟੁੱਟੀਆਂ ਟਾਹਣੀਆਂ ਦੇ ਮਲਬੇ ਨੂੰ ਹਟਾ ਕੇ, ਸ਼ਾਖਾਵਾਂ ਦੀ ਛਾਂਟੀ ਕਰਕੇ, ਵਾਧੂ ਪਾਣੀ ਦਾ ਨਿਕਾਸ ਅਤੇ ਵਾਧੂ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਨਾਲ ਪੌਸ਼ਟਿਕ ਤੱਤਾਂ ਦੀ ਪੂਰਤੀ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੀੜਿਆਂ ਅਤੇ ਬਿਮਾਰੀਆਂ ਲਈ ਨਿਯਮਤ ਤੌਰ -ਤੇ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਲੋੜ ਮਹਿਸੂਸ ਹੋਵੇ ਤਾਂ ਹੀ ਛਿੜਕਾਅ ਕਰੋ। ਸਬਜ਼ੀਆਂ ਦੀ ਫ਼ਸਲ ਵਿੱਚ ਭਿੰਡੀ ਦੀ ਪੰਜਾਬ ਸੁਹਾਵਾਨੀ, ਪੰਜਾਬ ਰੌਣਕ ਅਤੇ ਬੈਂਗਣ ਦੀ ਪੀਬੀਐਚਆਰ-42, ਟਮਾਟਰ, ਖੀਰੇ ਦੀ ਪੰਜਾਬ ਵਰਖਾਬਹਾਰ-4 ਅਤੇ ਕੱਦੂ ਦੀ ਪੰਜਾਬ ਨਵਾਬ ਕਿਸਮ ਬੀਜੋ। ਚਿੱਟੀ ਮੱਖੀ, ਫਰੂਟ ਫਲਾਈ ਅਤੇ ਕੀੜਿਆਂ ਦੀ ਰੋਕਥਾਮ ਢੁਕਵੇਂ ਛਿੜਕਾਅ ਨਾਲ ਕੀਤੀ ਜਾਵੇ।
Pau-Experts-Recommended-An-Emergency-Crop-Plan-For-Farmers-In-View-Of-Floods
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)