ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ ਦਾ ਛੇਵਾਂ ਇਜਲਾਸ ਕੱਲ ਨੂੰ ਹੋਣ ਜਾ ਰਿਹਾ ਹੈ। ਜਿਸ ਵਿੱਚ ਪਿਛਲੇ 2 ਸਾਲਾਂ ਦੌਰਾਨ ਜਥੇਬੰਦੀ ਦੁਆਰਾ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਕੀਤਾ ਜਾਵੇਗਾ ਤੇ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਚੁਣੀ ਜਾਵੇਗੀ। ਕਮੇਟੀ ਦੀ ਚੋਣ ਵੱਖ-ਵੱਖ ਕਾਰਖਾਨਿਆਂ ਤੋਂ ਆਏ ਡੈਲੀਗੇਟਾਂ ਦੁਆਰਾ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਯੂਨੀਅਨ ਦੀ ਪੁਰਾਣੀ ਕਮੇਟੀ ਵਿੱਚ 9 ਮੈਂਬਰ ਸ਼ਾਮਲ ਹਨ ਅਤੇ ਜਿਸਦੇ ਪ੍ਰਧਾਨ ਰਾਜਵਿੰਦਰ ਸਿੰਘ ਹਨ। ਯੂਨੀਅਨ ਦੇ ਕੰਮਾਂ ਨੂੰ ਜਮਹੂਰੀ ਢੰਗ ਨਾਲ਼ ਚਲਾਉਣ ਲਈ ਹਰ 2 ਸਾਲ ਬਾਅਦ ਯੂਨੀਅਨ ਦੇ ਮੈਂਬਰ ਕਮੇਟੀ ਦੀ ਚੋਣ ਕਰਦੇ ਹਨ ਤੇ ਨਵੀਂ ਕਮੇਟੀ ਅਗਲੇ 2 ਸਾਲਾਂ ਲਈ ਯੂਨੀਅਨ ਦੀ ਅਗਵਾਈ ਕਰਦੀ ਹੈ। ਯੂਨੀਅਨ ਦੇ ਫੰਡਾਂ ਦੀ ਹਿਸਾਬ ਵੀ ਪਾਰਦਰਸ਼ੀ ਤਰੀਕੇ ਨਾਲ ਸਾਰੇ ਮੈਂਬਰਾਂ ਅੱਗੇ ਰੱਖਿਆ ਜਾਂਦਾ ਹੈ। ਪ੍ਰੈਸਨੋਟ ਜਾਰੀ ਕਰਦੇ ਹੋਏ ਯੂਨੀਅਨ ਦੇ ਮੁੱਖ ਸਕੱਤਰ ਜਗਦੀਸ਼ ਸਿੰਘ ਨੇ ਦੱਸਿਆ ਕਿ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨਿਅਨ ਲੁਧਿਆਣੇ ਦੇ ਪਾਵਰਲੂਮ ਅਤੇ ਹੌਜ਼ਰੀ ਮਜ਼ਦੂਰਾਂ ਦੇ ਮੰਗਾਂ-ਮਸਲੇ ਹੱਲ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਬਹੁਤ ਚਣੌਤੀਪੂਰਨ ਸਮੇਂ ਵਿੱਚ ਯੂਨਿਅਨ ਦਾ ਇਜਲਾਸ ਕਰ ਰਹੇ ਹਾਂ ਜਦੋਂ ਇੱਕ ਪਾਸੇ ਲੱਕ ਤੋੜ ਮਹਿੰਗਾਈ ਦੀ ਮਾਰ ਹੈ ਅਤੇ ਦੂਜੇ ਪਾਸੇ ਕੰਮ-ਧੰਦੇ ਠੱਪ ਹੋਣ ਕਾਰਨ ਨਿੱਤ ਹੁੰਦੀਆਂ ਛਾਂਟੀਆਂ ਅਤੇ ਤਾਲਾਬੰਦੀਆਂ ਨਾਲ਼ ਫੈਲੀ ਬੇਰੋਜ਼ਗਾਰੀ ਦੇ ਝੰਬੇ ਮਜ਼ਦੂਰਾਂ ਨੂੰ ਪਹਿਲਾਂ ਨਾਲੋਂ ਘੱਟ ਤਨਖਾਹਾਂ ਅਤੇ ਪੀਸ-ਰੇਟਾਂ ਕੇ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਜਰਤਾਂ ਘੱਟ ਹੋਣ ਕਰਕੇ ਵੱਡੀ ਮਜਦੂਰ ਅਬਾਦੀ ਬੁਨਿਆਦੀ ਲੋੜਾਂ ਦੀ ਪੂਰਤੀ ਵੀ ਨਹੀਂ ਕਰ ਪਾ ਰਹੀ। ਇਸ ਸਮੇਂ ਸਰਕਾਰ ਵੀ ਸਰਮਾਏਦਾਰਾਂ ਪੱਖੀ ਨੀਤੀਆਂ ਲਿਆ ਕੇ ਮਜ਼ਦੂਰਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ, ਮਜਦੂਰਾਂ ਦੇ ਹੱਕ ਚ ਬਣੇ ਕਨੂੰਨਾਂ ਲਗਾਤਾਰ ਨੂੰ ਛਾਂਗਿਆ ਜਾ ਰਿਹਾ ਹੈ। ਪਹਿਲਾਂ ਹੀ ਬਹੁਤ ਵੱਡੀ ਮਜ਼ਦੂਰ ਅਬਾਦੀ ਜੋ ਗੈਰ-ਰਸਮੀ ਖੇਤਰ ਚ ਕੰਮ ਕਰਦੀ ਹੈ, ਇਹਨਾਂ ਕਨੂੰਨਾਂ ਅਤੇ ਸਹੂਲਤਾਂ ਤੋਂ ਵਾਂਝੀ ਹੈ। ਅਜਿਹੀ ਹਾਲਤ ਚ ਵਿਸ਼ਾਲ ਮਜਦੂਰ ਅਬਾਦੀ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ, ਸਿੱਖਿਅਤ ਅਤੇ ਜਥੇਬੰਦ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। ਇਸੇ ਲਈ ਕੱਲ ਨੂੰ ਸਾਡੀ ਜਥੇਬੰਦੀ ਵੱਲੋਂ ਜਮਹੂਰੀ ਤਰੀਕੇ ਨਾਲ਼ ਇਜਲਾਸ ਸੱਦ ਕੇ ਜਥੇਬੰਦੀ ਦੇ ਪਿਛਲੇ ਕੰਮਾਂ ਦਾ ਲੇਖਾ-ਜੋਖਾ ਕੀਤਾ ਜਾਵੇਗਾ ਅਤੇ ਨਵੀਂ ਆਗੂ ਕਮੇਟੀ ਦੀ ਚੋਣ ਕੀਤੀ ਜਾਵੇਗੀ।
The-Sixth-Session-Of-The-Textile-hosiery-Workers-Union-Tomorrow
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)