ਵਿਧਾਇਕ ਗੋਗੀ, ਅੰਤਰਰਾਸ਼ਟਰੀ ਪੱਧਰ ਦੀ ਵੇਟ ਲਿਫਟਰ ਰਮਨਦੀਪ ਕੌਰ ਦੇ ਸਹਿਯੋਗ ਲਈ ਆਏ ਅੱਗੇ ਸੂਬੇ ਵਿੱਚ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖਿਡਾਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਲੁਧਿਆਣਾ ਸ਼ਹਿਰ, ਪੰਜਾਬ ਸੂਬੇ ਦਾ ਨਾਂ ਰੋਸ਼ਨ ਕਰਨ ਵਾਲੇ ਖਿਡਾਰੀਆਂ ਦੇ ਨਾਲ ਚੱਟਾਨ ਦੇ ਵਾਂਗ ਖੜੀ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਕੀਤਾ ਗਿਆ ਜਦੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਵੇਟ ਲਿਫਟਰ ਰਮਨਦੀਪ ਕੌਰ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਵਿਧਾਇਕ ਗੋਗੀ ਨੇ ਪਿਛਲੀਆਂ ਸਰਕਾਰਾਂ -ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਸੂਬੇ, ਖ਼ਾਸਕਰ ਲੁਧਿਆਣਾ ਜ਼ਿਲ੍ਹੇ ਨੇ ਦੇਸ਼ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ ਪਰ ਸਰਕਾਰਾਂ ਵੱਲੋਂ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਅਣਗੋਲਿਆ ਕੀਤਾ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ਦੀ ਵਸਨੀਕ ਵੇਟ ਲਿਫਟਰ ਰਮਨਦੀਪ ਕੌਰ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਹੈ ਜੋਕਿ ਕਰੀਬ 40-45 ਫੀਸਦ ਅਪੰਗ ਹੈ। ਰਮਨਦੀਪ ਕੌਰ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਬਹੁਤ ਸਾਰੇ ਮੈਡਲ ਜਿੱਤੇ ਹਨ ਪਰ ਅੱਜ ਉਹ ਕਪੜਿਆਂ ਦੀ ਸਿਲਾਈ ਕਰਕੇ ਆਪਣਾ ਗੁਜਾਰਾ ਚਲਾ ਰਹੀ ਹੈ। ਰਮਨਦੀਪ ਕੌਰ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਉਸ ਵੱਲੋਂ ਸਰਕਾਰੀ ਨੌਕਰੀ ਲਈ ਕਾਫੀ ਜਦੋ-ਜਹਿਦ ਕੀਤੀ ਗਈ ਪਰ ਲਾਰਿਆਂ ਦੇ ਸਿਵਾ ਕਿਸੇ ਨੇ ਉਸ ਦੀ ਝੋਲੀ ਕੁਝ ਨਾ ਪਾਇਆ ਤੇ ਉਹ ਥੱਕ-ਹਾਰ ਕੇ ਬਹਿ ਗਈ ਹੈ। ਅੰਤਰਰਾਸ਼ਟੀ ਖਿਡਾਰਨ ਨੇ ਦੱਸਿਆ ਕਿ ਹੁਣ ਸੂਬੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਸ ਨੂੰ ਆਸ ਬੱਝੀ ਹੈ ਜਿਸ ਤਹਿਤ ਉਸਨੇ ਅੱਜ ਵਿਧਾਇਕ ਗੋਗੀ ਦੇ ਦਫ਼ਤਰ ਵਿਖੇ ਆਪਣੀ ਗੁਹਾਰ ਲਗਾਈ ਹੈ। ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਖਿਡਾਰਨ ਰਮਨਦੀਪ ਕੌਰ ਨੂੰ ਵਿਸ਼ਵਾਸ਼ ਦੁਆਇਆ ਗਿਆ ਕਿ ਜਲਦ ਹੀ ਉਹ ਉਨ੍ਹਾਂ ਦਾ ਮੁੱਦਾ ਪੰਜਾਬ ਸਰਕਾਰ ਦੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅਤੇ ਮਾਣਯੋਗ ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ। ਵਿਧਾਇਕ ਗੋਗੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲੋ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਤਾਂ ਜੋ ਉਹ ਲੁਧਿਆਣਾ ਸ਼ਹਿਰ, ਆਪਣੇ ਪੰਜਾਬ ਸੂਬੇ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ। ਇਸ ਤੋਂ ਇਲਾਵਾ ਬੱਚੇ ਖੇਡਾਂ ਰਾਹੀਂ ਆਪਣਾ ਜੀਵਨ ਪੱਧਰ ਉੱਚਾ ਚੁੱਕਦਿਆਂ ਆਪਣੇ ਪਰਿਵਾਰ ਦਾ ਵੀ ਸਹਾਰਾ ਬਣਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਰਾਜ ਵਜੋਂ ਉਭਰਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। #gurpreetgogi #weightlifting #internationalplayer #pbpunjab #MLA #sport
punjab-politics-crime-educational-news
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)