ਸੁਰਤਿ ਮੈਗਜ਼ੀਨ ਦੇ ਸੰਪਾਦਕ ਅਤੇ ਗੁਰੂ ਨਾਨਕ ਕਾਲਿਜ ਬਟਾਲਾ ਦੇ ਪੰਜਾਬੀ ਵਿਭਾਗ ਦੇ ਅਸੋਸੀਏਟ ਪ੍ਰੋਫੈਸਰ ਡਾ. ਗੁਰਬੀਰ ਸਿੰਘ ਬਰਾੜ ਨੇ ਦੱਸਿਆ ਕਿ ਪਰਵੇਜ਼ ਸੰਧੂ ਦੀਆਂ ਕਹਾਣੀਆਂ ਸਰਲ ਤੇ ਤਾਜ਼ਾ ਸ਼ੈਲੀ ਛੋਟੀਆਂ-ਛੋਟੀਆਂ ਘਟਨਾਵਾਂ ਵਿੱਚੋਂ ਵੱਡੀਆਂ ਭਾਵਨਾਤਮਕ ਸੱਚਾਈਆਂ ਸਿਰਜਦੀਆਂ ਹਨ। ਉਨ੍ਹਾਂ ਦੀ ਰੌਚਿਕ ਤੇ ਬਿਹਤਰੀਨ ਪਾਤਰ-ਸਿਰਜਣਾ ਪਾਠਕ ਨੂੰ ਉਂਗਲ ਲਾ ਕੇ ਆਪਣੇ ਨਾਲ ਤੋਰ ਲੈਂਦੀ ਹੈ। ਤ੍ਰੈਲੋਚਨ ਲੋਚੀ ਨੇ ਵਿਸ਼ੇਸ਼ ਤੌਰ 'ਤੇ ਰੇਖਾਂਕਿਤ ਕੀਤਾ ਕਿ ਇਹ ਪੁਸਤਕ ਔਰਤ ਦ੍ਰਿਸ਼ਟੀਕੋਣ ਤੋਂ ਅਮਰੀਕਾ ਵੱਸਦੇ ਪੰਜਾਬੀਆਂ ਦੇ ਸੱਭਿਆਚਾਰਕ ਟਕਰਾਅ, ਨਰਸਿੰਗ ਹੋਮਜ਼ ਦੀ ਇਕੱਲਤਾ, ਬੁਢਾਪੇ ਦੀ ਬੇਵੱਸੀ, ਜਾਅਲੀ ਚਿੱਠੀਆਂ ਦੇ ਪ੍ਰਸੰਗ, ਰਿਸ਼ਤਿਆਂ ਦੇ ਨਿਘਾਰ ਅਤੇ ਸਮਾਜ ਦੀ ਦੋਹਰੀ ਸੋਚ ਵਰਗੇ ਮਾਨਸਿਕ ਦਵੰਦਾਂ ਨੂੰ ਬੇਹੱਦ ਸੰਵੇਦਨਸ਼ੀਲਤਾ ਨਾਲ ਬੇਨਕਾਬ ਕਰਦੀ ਹੈ, ਜਦਕਿ ‘ਗੌਡੈੱਸ’ ਅਤੇ ‘ਸ਼ਹਿਨਸ਼ਾਹ’ (ਡਾਊਨ ਸਿੰਡਰੋਮ ਪੀੜਤ ਬੱਚੇ ਦੇ ਪ੍ਰਸੰਗ) ਵਰਗੀਆਂ ਕਹਾਣੀਆਂ ਰਾਹੀਂ ਦੌਲਤ ਨਾਲੋਂ ਸੱਚੇ ਤੇ ਨਿਰਸਵਾਰਥ ਰੂਹਾਨੀ ਪਿਆਰ ਦੀ ਸਰਵਉੱਚਤਾ ਨੂੰ ਬਾਖ਼ੂਬੀ ਉਭਾਰਿਆ ਗਿਆ ਹੈ।