ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿੱਚ ਫ਼ਲਾਂ ਦੇ ਕੀੜਿਆਂ ਦੇ ਵਿਸ਼ੇਸ਼ਗ ਡਾ. ਸਨਦੀਪ ਸਿੰਘ ਨੂੰ ਮੌਖਿਕ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੁਰਸਕਾਰ ਤਹਿਤ ਚਾਂਦੀ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਐਵਾਰਡ ਡਾ. ਸਨਦੀਪ ਸਿੰਘ ਨੂੰ ਬੀਤੇ ਦਿਨੀਂ ਥਾਈਲੈਂਡ ਵਿਖੇ ਪ੍ਰਿੰਸ ਆਫ ਸੋਂਗਖਲਾਂ ਯੂਨੀਵਰਸਿਟੀ, ਹਾਤ ਯੇਈ ਕੈਂਪਸ ਵਿਖੇ ਹੋਈ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ | ਇਸ ਦੌਰਾਨ ਉਹਨਾਂ ਨੇ ਲੀਚੀ ਦੇ ਕੀੜੇ ਦੀ ਰੋਕਥਾਮ ਬਾਰੇ ਆਪਣਾ ਪੇਪਰ ਪੇਸ਼ ਕੀਤਾ | ਇਸ ਪੇਪਰ ਸੰਬੰਧੀ ਹੋਈ ਖੋਜ ਵਿੱਚ ਮਸਰਤ ਸਿਰਾਜ, ਡਾ. ਪੀ ਐੱਸ ਸ਼ੇਰਾ, ਸੁਮਨੀਤ ਕੌਰ, ਆਰ ਕੇ ਸੰਧੂ, ਐੱਚ ਐੱਸ ਰੰਧਾਵਾ, ਆਰ ਕੇ ਸ਼ਰਮਾ ਅਤੇ ਮਨੂ ਤਿਆਗੀ ਵੀ ਸ਼ਾਮਿਲ ਸਨ |
ਡਾ. ਸਨਦੀਪ ਸਿੰਘ ਨੂੰ ਉਪਰੋਕਤ ਯੂਨੀਵਰਸਿਟੀ ਨੇ ਮਹਿਮਾਨ ਪ੍ਰੋਫੈਸਰ ਵਜੋਂ ਫਲਾਂ ਦੀਆਂ ਮੱਖੀਆਂ ਸੰਬੰਧੀ ਖੋਜ ਕਾਰਜ ਲਈ ਸੱਦਾ ਦਿੱਤਾ ਸੀ | ਉਹਨਾਂ ਨੇ ਇਸ ਦੌਰਾਨ ਫਲਦਾਰ ਫ਼ਸਲਾਂ ਦੇ ਕੀੜੇ-ਮਕੌੜੇ ਰੋਕਣ ਦੀਆਂ ਖੋਜਾਂ ਬਾਰੇ ਮੁੱਖ ਭਾਸ਼ਣ ਵੀ ਦਿੱਤਾ | ਨਾਲ ਹੀ ਡਾ. ਸਨਦੀਪ ਸਿੰਘ ਨੇ ਦੱਖਣੀ ਖੇਤੀਬਾੜੀ ਮੇਲੇ ਵਿੱਚ ਮਾਹਿਰ ਵਜੋਂ ਹਿੱਸਾ ਲਿਆ ਅਤੇ ਵਿਦਿਆਰਥੀਆਂ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ | ਉਹਨਾਂ ਨੇ ਥਾਈਲੈਂਡ ਦੀਆਂ ਪੰਜ ਯੂਨੀਵਰਸਿਟੀਆਂ ਦੇ ਮਾਹਿਰਾਂ ਨਾਲ ਮਿਲ ਕੇ ਕਿਸਾਨਾਂ ਦੇ ਸਿਖਲਾਈ ਕੈਂਪ ਵਿੱਚ ਹਿੱਸਾ ਲਿਆ | ਇਸ ਤੋਂ ਪਹਿਲਾਂ ਵੀ ਡਾ. ਸਨਦੀਪ ਸਿੰਘ ਅਮਰੀਕਾ, ਆਸਟਰੇਲੀਆ, ਇਟਲੀ, ਚੀਨ, ਮਲੇਸ਼ੀਆ, ਥਾਈਲੈਂਡ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਨੇਪਾਲ ਵਿੱਚ ਕੀਟ ਵਿਗਿਆਨੀ ਦੇ ਤੌਰ ਤੇ ਕਾਨਫਰੰਸਾਂ ਵਿੱਚ ਹਿੱਸਾ ਲੈਂਦੇ ਰਹੇ ਹਨ | ਉਹਨਾਂ ਦੀ ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ.ਅਜਮੇਰ ਸਿੰਘ ਢੱਟ, ਹਾਰਟੀਕਲਚਰ ਅਤੇ ਫੌਰੈਸਟਰੀ ਕਾਲਜ ਦੇ ਡੀਨ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਡਾ. ਸਨਦੀਪ ਸਿੰਘ ਨੂੰ ਵਧਾਈ ਦਿੱਤੀ |
Pau-The-Professor-Was-Awarded-A-Silver-Medal-In-Thailand
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)