ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਵਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ
Jul22,2026
| Narinder Kumar | Phagwara
ਫਗਵਾੜਾ ’ਚ ਰਾਸ਼ਟਰੀ ਰਾਜ ਮਾਰਗ ਅਥਾਰਟੀ ਵਲੋਂ ਆਧੁਨਿਕ ਪਾਰਕਿੰਗ ਖੇਤਰ ਬਣਾਉਣ ਦੀ ਪੇਸ਼ ਕੀਤੀ ਤਜ਼ਵੀਜ
ਕੇਂਦਰੀ ਮੰਤਰੀ ਵਲੋਂ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਦੀ ਟੀਮ ਨੂੰ ਮੌਕਾ ਦੇਖਣ ਦੇ ਨਿਰਦੇਸ਼
ਫਗਵਾੜਾ, 22 ਜੁਲਾਈ : ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਦਿਆਂ ਫਗਵਾੜਾ ਵਿਖੇ ਨੈਸ਼ਨਲ ਹਾਈਵੇਅ ’ਤੇ ਬਣੇ ਪੁੱਲ ਦੇ ਹੇਠਾਂ ਲੋਕਾਂ ਦੀ ਸਹੂਲਤ ਲਈ ਆਧੁਨਿਕ ਪਾਰਕਿੰਗ ਖੇਤਰ ਉਸਾਰਨ ਦੀ ਤਜ਼ਵੀਜ ਰੱਖੀ।
ਕੇਂਦਰੀ ਮੰਤਰੀ ਨਾਲ ਵਿਚਾਰ-ਵਟਾਂਦਰਾ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਉਨ੍ਹਾਂ ਨੇ ਮੰਗ ਰੱਖੀ ਕਿ ਨੈਸ਼ਨਲ ਹਾਈਵੇਅ ਲੋਜਿਸਟਿਕਸ ਮੈਨੇਜਮੈਂਟ ਲਿਮਟਡ ਵਲੋਂ ਜਿਵੇਂ ਹੋਰਨਾਂ ਸ਼ਹਿਰਾਂ ਵਿਚ ਪੁਲਾਂ ਹੇਠ ਪਾਰਕਿੰਗ ਲਾਟ ਬਣਾਏ ਗਏ ਹਨ ਉਸੇ ਤਰਜ਼ ’ਤੇ ਫਗਵਾੜਾ ਵਿਖੇ ਵੀ ਪੁਲ ਦੇ ਹੇਠਾਂ ਆਧੁਨਿਕ ਪਾਰਕਿੰਗ ਖੇਤਰ ਬਣਾਇਆ ਜਾਵੇ ਜਿਸ ਨਾਲ ਬੱਸ ਅੱਡੇ ਦੇ ਦੋਵਾਂ ਪਾਸੇ ਰੋਜ਼ਾਨਾ ਆਉਣ ਜਾਣ ਵਾਲੇ ਹਜ਼ਾਰਾਂ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਫਗਵਾੜਾ, ਜੋ ਕਿ ਕੌਮੀ ਰਾਜ ਮਾਰਗ-44 ’ਤੇ ਸਥਿਤ ਹੈ ਅਤੇ ਪੰਜਾਬ ਦੀ ਇਕ ਅਹਿਮ ਵਪਾਰਕ, ਉਦਯੋਗਿਕ, ਸਿੱਖਿਆ ਆਦਿ ਦਾ ਕੇਂਦਰ ਹੈ, ਵਿਖੇ ਅਜਿਹੀ ਵਿਵਸਥਾ ਅਤਿ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕੌਮੀ ਰਾਜ ਮਾਰਗ ’ਤੇ ਬਣੇ ਪੁਲ ਹੇਠਾਂ ਸੰਘਣੀ ਟਰੈਫਿਕ ਨੂੰ ਕੰਟਰੋਲ ਕਰਨ ਵਿਚ ਵੀ ਇਹ ਪਾਰਕਿੰਗ ਥਾਵਾਂ ਸਹਾਈ ਹੋਣਗੀਆਂ।
ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਰਾਸ਼ਟਰੀ ਰਾਜ ਮਾਰਗ ਅਥਾਰਟੀ ਦੇ ਉਪਰਾਲੇ ਸਦਕਾ ਨਾ ਸਿਰਫ਼ ਸ਼ਹਿਰ ਵਾਸੀਆਂ ਨੂੰ ਸੁਚੱਜੀ ਪਾਰਕਿੰਗ ਵਾਲੀ ਥਾਂ ਮਿਲੇਗੀ ਸਗੋਂ ਸੜਕ ਸੁਰੱਖਿਆ ਅਤੇ ਟਰੈਫਿਕ ਵਿਵਸਥਾ ਵਿਚ ਵੀ ਵੱਡਾ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਥੋੜੀ ਦੂਰ ਹੀ ਇਹ ਪ੍ਰਬੰਧ ਹੋਣ ਨਾਲ ਵਪਾਰਕ ਅਤੇ ਉਦਯੋਗਿਕ ਗਤੀਵਿਧੀਆਂ ਨੂੰ ਵੀ ਬਲ ਮਿਲੇਗਾ। ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਪੇਸ਼ ਕੀਤੀ ਤਜ਼ਵੀਜ ਨੂੰ ਗਹੁ ਨਾਲ ਸੁਣਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੌਕੇ ’ਤੇ ਹੀ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਹੀ ਕੌਮੀ ਰਾਜ ਮਾਰਗ ਅਥਾਰਟੀ ਦੀ ਟੀਮ ਵਲੋਂ ਮੌਕੇ ਦਾ ਜਾਇਜ਼ਾ ਲੈ ਕੇ ਆਧੁਨਿਕ ਪਾਰਕਿੰਗ ਲਾਟ ਸਥਾਪਿਤ ਕਰਨ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ ਅਤੇ ਯੋਗ ਕਾਰਵਾਈ ਕੀਤੀ ਜਾਵੇਗੀ।
----
ਕੈਪਸ਼ਨ : ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਕੇਂਦਰ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਦੇ ਹੋਏ।
mp-dr-raj-kumar-chabbewal-calls-on-union-minister-nitin-gadkari-urges-for-modern-parking-lots-at-phagwara