*ਆਰ.ਟੀ.ਆਈ. ਐਕਟ ਪਾਰਦਰਸ਼ੀ ਤੇ ਜਵਾਬਦੇਹ ਪ" />

psic-celebrates-state-level-right-to-information-day

ਪੀ.ਐਸ.ਆਈ.ਸੀ. ਨੇ ਰਾਜ ਪੱਧਰੀ ਆਰ.ਟੀ.ਆਈ. ਦਿਵਸ ਮਨਾਇਆ

Oct12,2026 | Narinder Kumar | Chandigarh

*ਆਰ.ਟੀ.ਆਈ. ਐਕਟ ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਯਕੀਨੀ ਬਣਾਉਣ ਦਾ ਅਹਿਮ ਸਾਧਨ: ਅਮਨ ਅਰੋੜਾ*

*ਸੂਚਨਾ ਦਾ ਅਧਿਕਾਰ ਐਕਟ, 2005 ਦੇ 21 ਸਾਲ ਪੂਰੇ ਹੋਣ ਮੌਕੇ “ਆਰ.ਟੀ.ਆਈ. ਐਂਡ ਗੁਡ ਗਵਰਨੈਂਸ” ਪੁਸਤਕ ਰਿਲੀਜ਼*

 
ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਅੱਜ ਯੂ.ਟੀ. ਸਟੇਟ ਗੈਸਟ ਹਾਊਸ, ਚੰਡੀਗੜ੍ਹ ਵਿਖੇ ਸੂਚਨਾ ਦਾ ਅਧਿਕਾਰ ਐਕਟ, 2005 ਦੇ ਲਾਗੂ ਹੋਣ ਦੇ 21 ਸਾਲ ਪੂਰੇ ਹੋਣ ਮੌਕੇ ਸੂਚਨਾ ਦਾ ਅਧਿਕਾਰ ਦਿਵਸ ਮਨਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਦੱਸਣਯੋਗ ਹੈ ਕਿ ਸੂਚਨਾ ਦਾ ਅਧਿਕਾਰ ਐਕਟ, 2005 ਇੱਕ ਅਹਿਮ ਕਾਨੂੰਨ ਹੈ ਜਿਸ ਨੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਨਾਗਰਿਕ ਸਸ਼ਕਤੀਕਰਨ ਨੂੰ ਹੋਰ ਮਜ਼ਬੂਤ ਕੀਤਾ ਹੈ।
ਇਸ ਸਮਾਗਮ ਮੌਕੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਦੀ ਸਰਪ੍ਰਸਤੀ ਹੇਠ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਲਿਖੀ ਪੁਸਤਕ “ਆਰ.ਟੀ.ਆਈ. ਐਂਡ ਗੁਡ ਗਵਰਨੈਂਸ” ਨੂੰ ਰਿਲੀਜ਼ ਕੀਤਾ ਗਿਆ। ਇਹ ਪੁਸਤਕ ਸੂਚਨਾ ਦਾ ਅਧਿਕਾਰ ਢਾਂਚੇ ਦੀ ਮਹੱਤਤਾ ਤੇ ਪਾਰਦਰਸ਼ੀ, ਜਵਾਬਦੇਹ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਦੀ ਭੂਮਿਕਾ ਨੂੰ ਸਮਰਪਿਤ ਹੈ। ਇਸ ਪ੍ਰਕਾਸ਼ਨ ਦਾ ਉਦੇਸ਼ ਆਰ.ਟੀ.ਆਈ. ਐਕਟ ਦੇ ਉਦੇਸ਼ਾਂ ਅਤੇ ਉਪਬੰਧਾਂ, ਪਿਛਲੇ 21 ਸਾਲਾਂ ਵਿੱਚ ਇਸ ਦੇ ਵਿਕਾਸ ਅਤੇ ਸਮਕਾਲੀ ਕਾਨੂੰਨੀ ਤੇ ਪ੍ਰਸ਼ਾਸਨਿਕ ਵਿਕਾਸ ਦੇ ਸੰਦਰਭ ਵਿੱਚ ਸੂਚਨਾ ਸ਼ਾਸਨ ਦੇ ਉੱਭਰ ਰਹੇ ਪਹਿਲੂਆਂ ਬਾਰੇ ਲੋਕਾਂ ਦਰਮਿਆਨ ਜਾਗਰੂਕਤਾ ਵਧਾਉਣਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੌਜੀ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਚਨਾ ਦਾ ਅਧਿਕਾਰ ਐਕਟ, 2005 ਨੇ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੇ ਨਾਲ-ਨਾਲ ਆਮ ਨਾਗਰਿਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਸ਼ਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਭਾਵਨਾ ਅਨੁਸਾਰ ਸਰਕਾਰ ਲੋਕਾਂ ਦੀ, ਲੋਕਾਂ ਵੱਲੋਂ ਅਤੇ ਲੋਕਾਂ ਲਈ ਹੋਣੀ ਚਾਹੀਦੀ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਸਰਕਾਰੀ ਸੰਸਥਾਵਾਂ ਦਾ ਪਾਰਦਰਸ਼ੀ ਅਤੇ ਜਵਾਬਦੇਹ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਡਿਜੀਟਲ ਪਲੇਟਫਾਰਮਾਂ ਰਾਹੀਂ ਸੇਵਾਵਾਂ ਦੀ ਸਮਾਂਬੱਧ ਡਿਲੀਵਰੀ ਅਤੇ ਦੇਰੀ ਲਈ ਜਵਾਬਦੇਹੀ ਤੈਅ ਕਰਕੇ ਚੰਗੇ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਹ ਆਰ.ਟੀ.ਆਈ. ਦਿਵਸ ਸਮਾਗਮ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ, ਰਾਜ ਸੂਚਨਾ ਕਮਿਸ਼ਨਰਾਂ ਸੰਦੀਪ ਧਾਲੀਵਾਲ, ਵਰਿੰਦਰਜੀਤ ਸਿੰਘ ਬਿਲਿੰਗ, ਹਰਪ੍ਰੀਤ ਸੰਧੂ, ਡਾ. ਭੁਪਿੰਦਰ ਸਿੰਘ ਬਾਠ, ਸ੍ਰੀਮਤੀ ਪੂਜਾ ਗੁਪਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਸੂਚਨਾ ਕਮਿਸ਼ਨਰਾਂ ਰਾਜਨ ਕਸ਼ਯਪ, ਆਈ.ਏ.ਐਸ. (ਸੇਵਾ-ਮੁਕਤ), ਰਮੇਸ਼ ਇੰਦਰ ਸਿੰਘ, ਆਈ.ਏ.ਐਸ. (ਸੇਵਾ-ਮੁਕਤ), ਐਸ.ਐਸ. ਚੰਨੀ, ਆਈ.ਏ.ਐਸ. (ਸੇਵਾ-ਮੁਕਤ), ਜਸਟਿਸ ਹਰਨਰੇਸ਼ ਸਿੰਘ ਗਿੱਲ
ਡੀ.ਜੀ.ਪੀ ਚੰਡੀਗੜ੍ਹ ਸਾਗਰਪ੍ਰੀਤ ਸਿੰਘ ਹੁੱਡਾ, ਪੱਛਮੀ ਕਮਾਂਡ ਤੋਂ ਕਰਨਲ ਜਗਦੀਪ ਸੰਧੂ ਦੀ ਅਗਵਾਈ ਹੇਠ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ, ਹਾਈ ਕੋਰਟ ਦੇ ਸਾਬਕਾ ਜੱਜਾਂ ਅਤੇ ਪੰਜਾਬ ਰਾਜ ਭਰ ਤੋਂ ਪੀ.ਆਈ.ਓਜ਼. ਦੀ ਮੌਜੂਦਗੀ ਵਿੱਚ ਕਰਵਾਇਆ ਗਿਆ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਰਾਜਨ ਕਸ਼ਯਪ, ਸੰਸਥਾਪਕ ਅਤੇ ਸੀ.ਆਈ.ਸੀ ਪੰਜਾਬ ਨੇ ਆਰ.ਟੀ.ਆਈ ਐਕਟ ਲਾਗੂ ਕਰਨ ਦੇ ਸ਼ੁਰੂਆਤੀ ਦਿਨਾਂ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸਾਬਕਾ ਮੁੱਖ ਸੂਚਨਾ ਕਮਿਸ਼ਨਰ ਰਮੇਸ਼ ਇੰਦਰ ਸਿੰਘ ਅਤੇ ਐਸ.ਐਸ ਚੰਨੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
“ਆਰ.ਟੀ.ਆਈ. ਐਂਡ ਗੁਡ ਗਵਰਨੈਂਸ” ਕਿਤਾਬ ਵਿੱਚ ਭਾਰਤ ਦੇ ਚੀਫ਼ ਜਸਟਿਸ, ਜਸਟਿਸ ਸੂਰਿਆ ਕਾਂਤ, ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਭਾਰਤ ਦੇ ਮੁੱਖ ਸੂਚਨਾ ਕਮਿਸ਼ਨਰ ਰਾਜ ਕੁਮਾਰ ਗੋਇਲ, ਆਈ.ਏ.ਐਸ. (ਸੇਵਾ-ਮੁਕਤ) ਦੇ ਵਿਸ਼ੇਸ਼ ਸੰਦੇਸ਼ ਦਰਜ ਹਨ। ਉਨ੍ਹਾਂ ਦੇ ਇਹ ਸੁਨੇਹੇ ਇਸ ਪ੍ਰਕਾਸ਼ਨ ਦੇ ਸੰਵਿਧਾਨਕ ਅਤੇ ਲੋਕਤੰਤਰੀ ਮਹੱਤਵ ਨੂੰ ਉਜਾਗਰ ਕਰਦੇ ਹਨ, ਜਿਸ ਨੂੰ ਭਾਰਤ ਦੇ ਪਹਿਲੇ ਮੁੱਖ ਸੂਚਨਾ ਕਮਿਸ਼ਨਰ ਵਜਾਹਤ ਹਬੀਬਉੱਲਾ ਅਤੇ ਪੰਜਾਬ ਦੇ ਪਹਿਲੇ ਮੁੱਖ ਸੂਚਨਾ ਕਮਿਸ਼ਨਰ ਰਾਜਨ ਕਸ਼ਯਪ ਵਲੋਂ ਤਾਈਦ ਕੀਤਾ ਗਿਆ ਹੈ। ਪੰਜਾਬ ਰਾਜ ਸੂਚਨਾ ਕਮਿਸ਼ਨ ਦੀ ਸਰਪ੍ਰਸਤੀ ਹੇਠ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਲਿਖੀ ਗਈ ਇਹ ਪੁਸਤਕ ਜਾਗਰੂਕਤਾ ਨੂੰ ਵਧਾਉਣ, ਆਰ.ਟੀ.ਆਈ. ਢਾਂਚੇ ਨੂੰ ਜ਼ਿੰਮੇਵਾਰੀ ਨਾਲ ਲਾਗੂ ਕਰਨ ਨੂੰ ਉਤਸ਼ਾਹਿਤ ਕਰਨ ਅਤੇ ਜਨਤਕ ਸੰਸਥਾਵਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸੱਭਿਆਚਾਰ ਨੂੰ ਪੈਦਾ ਕਰਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ। ਇਹ ਸਮਾਗਮ ਵੱਡੇ ਜਨਤਕ ਹਿੱਤ ਵਿੱਚ ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਨਿਰੰਤਰ ਲੋੜ ਨੂੰ ਮਾਨਤਾ ਦੇਣ ਦੇ ਨਾਲ-ਨਾਲ ਪਿਛਲੇ 21 ਸਾਲਾਂ ਦੀਆਂ ਪ੍ਰਾਪਤੀਆਂ ‘ਤੇ ਵਿਚਾਰ ਕਰਨ ਦਾ ਇੱਕ ਵਿਸ਼ੇਸ਼ ਮੌਕਾ ਬਣਿਆ।
-------------

psic-celebrates-state-level-right-to-information-day


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com