*ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ ਹੋਣ; ਉਨ੍ਹਾਂ ਦੀ ਸਫ਼ਲਤਾ ਹੀ ਪੰਜਾਬ ਦੀ ਅਸਲ ਤਰੱਕੀ ਹੈ ਅਤੇ ਸਾਡੀ ਸਰਕਾਰ ਹਰ ਕਦਮ 'ਤੇ ਪੰਜਾਬ ਦੇ ਨੌਜਵਾਨਾਂ ਨਾਲ ਖੜ੍ਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਚਾਰ ਉਪ-ਜੇਤੂਆਂ ਨੂੰ 10-10 ਲੱਖ ਰੁਪਏ ਅਤੇ ਲੀਡਰਬੋਰਡ 'ਤੇ ਜਗ੍ਹਾ ਬਣਾਉਣ ਵਾਲੇ 8 ਹੋਰ ਭਾਗੀਦਾਰਾਂ ਨੂੰ 5-5 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*15 ਤੋਂ 28 ਨਵੰਬਰ ਤੱਕ ਰਜਿਸਟਰੇਸ਼ਨ ਹੋਵੇਗੀ; ਪਹਿਲਾ ਦੌਰ 21 ਨਵੰਬਰ ਨੂੰ ਹੋਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਜ਼ਿਲ੍ਹਾ ਪੱਧਰੀ ਫਾਈਨਲ 9 ਦਸੰਬਰ ਨੂੰ ਅਤੇ ਰਾਜ ਪੱਧਰੀ ਗ੍ਰੈਂਡ ਫਿਨਾਲੇ 17 ਦਸੰਬਰ ਨੂੰ ਹੋਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਹਰੇਕ ਜ਼ਿਲ੍ਹੇ ਦੇ ਚੋਟੀ ਦੇ 10 ਭਾਗੀਦਾਰ ਜ਼ਿਲ੍ਹਾ-ਪੱਧਰੀ ਦੌਰ ਲਈ ਕੁਆਲੀਫਾਈ ਕਰਨਗੇ, ਜਦਕਿ ਹਰੇਕ ਜ਼ਿਲ੍ਹੇ ਦਾ ਜੇਤੂ ਗ੍ਰੈਂਡ ਫਿਨਾਲੇ ਵਿੱਚ ਪਹੁੰਚੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਇਸ ਕੁਇਜ਼ ਵਿੱਚ ਪੰਜਾਬ ਦੇ ਇਤਿਹਾਸ, ਭੂਗੋਲ, ਕਲਾ, ਸੱਭਿਆਚਾਰ, ਸਾਧਾਰਨ ਗਿਆਨ, ਕਾਬਲੀਅਤ ਅਤੇ ਸ਼ਾਸਨ ਪ੍ਰਣਾਲੀ ਨਾਲ ਸਬੰਧਤ ਚਾਰ ਵਿਕਲਪਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਪੰਜਾਬ, ਪੰਜਾਬੀ ਅਤੇ ਪੰਜਾਬੀਅਤ 'ਤੇ ਕੇਂਦਰਿਤ ਹੋਵੇਗਾ ਇਹ ਕੁਇਜ਼ ਮੁਕਾਬਲਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਵਿਲੱਖਣ ਰਾਜ-ਪੱਧਰੀ ਯੁਵਕ ਕੁਇਜ਼ ਮੁਕਾਬਲੇ 'ਪੰਜਾਬ ਦਾ ਕਰੋੜਪਤੀ' ਦੀ ਸ਼ੁਰੂਆਤ ਕੀਤੀ। ਇਸ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਦੀ ਊਰਜਾ ਨੂੰ ਗਿਆਨ, ਸਿੱਖਿਆ ਅਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਵੱਲ ਲਗਾਉਣਾ ਹੈ। ਇਸ ਕੁਇਜ਼ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਵੱਡਾ ਇਨਾਮ ਜਿੱਤਣ ਦਾ ਮੌਕਾ ਮਿਲੇਗਾ। 15 ਤੋਂ 30 ਸਾਲ ਦੀ ਉਮਰ ਦੇ ਪੰਜਾਬ ਦੇ ਵਸਨੀਕਾਂ ਲਈ ਖੁੱਲ੍ਹੇ ਇਸ ਮੁਕਾਬਲੇ ਵਿੱਚ ਜੇਤੂ ਨੂੰ 1 ਕਰੋੜ ਰੁਪਏ, ਚਾਰ ਉਪ-ਜੇਤੂਆਂ (ਰਨਰ-ਅੱਪ) ਨੂੰ 10-10 ਲੱਖ ਰੁਪਏ ਅਤੇ ਲੀਡਰਬੋਰਡ 'ਤੇ ਸਿਖਰਲੇ ਅੱਠ ਹੋਰ ਭਾਗੀਦਾਰਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ 10,000 ਤੋਂ ਵੱਧ ਭਾਗੀਦਾਰਾਂ ਨੂੰ ਵੀ ਇਨਾਮ ਦਿੱਤੇ ਜਾਣਗੇ। ਇਸ ਪਹਿਲਕਦਮੀ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਚਾਹੁੰਦੀ ਹੈ ਕਿ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ ਹੋਣ ਕਿਉਂਕਿ ਕਲਮ ਹੀ ਕਿਸੇ ਕੌਮ ਦੀ ਕਿਸਮਤ ਘੜ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਫ਼ਲਤਾ ਹੀ ਪੰਜਾਬ ਦੀ ਅਸਲ ਤਰੱਕੀ ਹੈ ਅਤੇ ਸਰਕਾਰ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਕਿਹਾ, "ਪੰਜਾਬ ਦੇ ਨੌਜਵਾਨਾਂ ਲਈ ਇਹ ਵੱਡੀ ਖ਼ਬਰ ਹੈ। ਅੱਜ ਅਸੀਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਤਿਆਰ ਕਰਨ ਵਾਸਤੇ 'ਪੰਜਾਬ ਦਾ ਕਰੋੜਪਤੀ' ਮੁਕਾਬਲੇ ਦਾ ਐਲਾਨ ਕੀਤਾ ਹੈ। ਜੇਤੂ ਨੂੰ 1 ਕਰੋੜ ਰੁਪਏ ਮਿਲਣਗੇ, ਚਾਰ ਉਪ-ਜੇਤੂਆਂ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ, ਜਦਕਿ ਚੋਟੀ ਦੇ 10,000 ਭਾਗੀਦਾਰਾਂ ਨੂੰ ਵੀ ਆਕਰਸ਼ਕ ਇਨਾਮ ਦਿੱਤੇ ਜਾਣਗੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ ਹੋਣ ਕਿਉਂਕਿ ਕਲਮ ਹੀ ਕਿਸੇ ਕੌਮ ਦੀ ਕਿਸਮਤ ਘੜ ਸਕਦੀ ਹੈ। ਤੁਸੀਂ ਬੱਸ ਸਖ਼ਤ ਮਿਹਨਤ 'ਤੇ ਧਿਆਨ ਦਿਓ; ਸਰਕਾਰ ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ। ਤੁਹਾਡੀ ਸਫ਼ਲਤਾ ਹੀ ਪੰਜਾਬ ਦੀ ਅਸਲ ਤਰੱਕੀ ਹੈ। ਆਓ, ਆਪਣੇ ਹੁਨਰ ਅਤੇ ਸਖ਼ਤ ਮਿਹਨਤ ਰਾਹੀਂ ਇੱਕ ਖ਼ੁਸ਼ਹਾਲ ਅਤੇ ਜੀਵੰਤ 'ਰੰਗਲਾ ਪੰਜਾਬ' ਸਿਰਜੀਏ।"
ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟਰ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 'ਪੰਜਾਬ ਦਾ ਕਰੋੜਪਤੀ' ਉਪਰਾਲਾ ਸਿੱਖਣ, ਗਿਆਨ ਵਧਾਉਣ ਅਤੇ ਵੱਡੇ ਨਕਦ ਇਨਾਮ ਜਿੱਤਣ ਦਾ ਇੱਕ ਸ਼ਾਨਦਾਰ ਮੌਕਾ ਹੈ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਇਹ ਮੁਕਾਬਲਾ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਹੈ ਅਤੇ ਇਸ ਦਾ ਢਾਂਚਾ ਮਸ਼ਹੂਰ ਟੈਲੀਵਿਜ਼ਨ ਕੁਇਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੀ ਤਰਜ਼ ‘ਤੇ ਤਿਆਰ ਕੀਤਾ ਗਿਆ ਹੈ। ਭਾਗੀਦਾਰਾਂ ਨੂੰ ਚੋਣਵੇਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਜਿਨ੍ਹਾਂ ਵਿੱਚੋਂ ਹਰੇਕ ਸਵਾਲ ਦੇ ਚਾਰ ਵਿਕਲਪ ਹੋਣਗੇ ਅਤੇ ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਸਹੀ ਹੋਵੇਗਾ।"
ਉਨ੍ਹਾਂ ਕਿਹਾ, "ਇਸ ਮੁਕਾਬਲੇ ਵਿੱਚ ਕੁੱਲ 11 ਦੌਰ ਹੋਣਗੇ, ਜਿਨ੍ਹਾਂ ਵਿੱਚੋਂ ਪਹਿਲੇ 9 ਦੌਰ ਆਨਲਾਈਨ ਕਰਵਾਏ ਜਾਣਗੇ। ਦਸਵਾਂ ਦੌਰ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਆਫਲਾਈਨ ਢੰਗ ਨਾਲ ਕਰਵਾਇਆ ਜਾਵੇਗਾ, ਜਿਸ ਵਿੱਚ ਭਾਗੀਦਾਰ ਖ਼ੁਦ ਆ ਕੇ ਹਿੱਸਾ ਲੈਣਗੇ, ਜਦਕਿ 11ਵਾਂ ਦੌਰ 'ਗ੍ਰੈਂਡ ਫਿਨਾਲੇ' ਹੋਵੇਗਾ।"
ਮੁੱਖ ਮੰਤਰੀ ਨੇ ਕਿਹਾ, "ਪ੍ਰਸ਼ਨ ਬੈਂਕ ਵਿੱਚ ਲਗਪਗ 50,000 ਪ੍ਰਸ਼ਨ ਸ਼ਾਮਲ ਹੋਣਗੇ, ਜੋ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਭੂਗੋਲ, ਗਣਿਤ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਜਾਣਕਾਰੀ 'ਤੇ ਆਧਾਰਿਤ ਹੋਣਗੇ। ਇਹ ਪ੍ਰਸ਼ਨ ਕਾਂਸਟੇਬਲ, ਪਟਵਾਰੀ ਅਤੇ ਪੀ.ਸੀ.ਐਸ. ਵਰਗੇ ਅਹੁਦਿਆਂ 'ਤੇ ਭਰਤੀ ਲਈ ਲਈਆਂ ਜਾਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਪੈਟਰਨ ਅਨੁਸਾਰ ਹੀ ਹੋਣਗੇ।"
ਉਨ੍ਹਾਂ ਅੱਗੇ ਕਿਹਾ, "ਇਹ ਪਹਿਲਕਦਮੀ ਨੌਜਵਾਨਾਂ ਨੂੰ ਉਨ੍ਹਾਂ ਦਾ ਸਾਧਾਰਨ ਗਿਆਨ ਵਧਾਉਣ ਅਤੇ ਭਵਿੱਖ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨ ਵਿੱਚ ਮਦਦ ਕਰੇਗੀ, ਜਦਕਿ ਨਾਲ ਹੀ ਉਹ ਮੁਕਾਬਲੇ ਦੇ ਉਤਸ਼ਾਹ ਦਾ ਆਨੰਦ ਵੀ ਲੈ ਸਕਣਗੇ।"
ਇਨਾਮਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ, "ਕੁੱਲ 10,000 ਭਾਗੀਦਾਰਾਂ ਨੂੰ ਇਨਾਮ ਦਿੱਤੇ ਜਾਣਗੇ, ਜਿਸ ਵਿੱਚ ਅੰਤਿਮ ਜੇਤੂ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਮਿਲੇਗਾ। ਭਾਗੀਦਾਰਾਂ ਨੂੰ ਸਵਾਲਾਂ ਦੇ ਜਵਾਬ ਦੇਣ ਤੋਂ ਤੁਰੰਤ ਬਾਅਦ ਸਹੀ ਉੱਤਰ ਵੀ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਆਪਣੇ ਜਵਾਬਾਂ ਤੋਂ ਸਿੱਖਣ ਅਤੇ ਆਪਣਾ ਗਿਆਨ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।"
ਪਾਰਦਰਸ਼ਤਾ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, "ਸਾਰੀ ਪ੍ਰਕਿਰਿਆ ਪਾਰਦਰਸ਼ੀ ਹੋਵੇਗੀ ਤਾਂ ਜੋ ਨੌਜਵਾਨਾਂ ਨੂੰ ਆਪਣਾ ਗਿਆਨ ਵਧਾਉਣ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਆਪਣੀ ਤਿਆਰੀ ਮਜ਼ਬੂਤ ਕਰਨ ਅਤੇ ਆਕਰਸ਼ਕ ਨਕਦ ਇਨਾਮ ਜਿੱਤਣ ਦਾ ਬਰਾਬਰ ਮੌਕਾ ਮਿਲ ਸਕੇ।"
ਮੁੱਖ ਮੰਤਰੀ ਨੇ ਕਿਹਾ, "ਮੁਕਾਬਲੇ ਦੇ ਵੇਰਵੇ ਜਲਦ ਹੀ ਅਖਬਾਰਾਂ ਵਿੱਚ ਵੀ ਪ੍ਰਕਾਸ਼ਿਤ ਕੀਤੇ ਜਾਣਗੇ। ਮੋਬਾਈਲ ਫੋਨਾਂ ਅਤੇ ਵੈੱਬ ਰਾਹੀਂ ਇਸ ਪੋਰਟਲ ਤੱਕ ਪਹੁੰਚ ਕੀਤੀ ਜਾ ਸਕੇਗੀ ਅਤੇ ਨੌਜਵਾਨ 'ਪੰਜਾਬ ਦਾ ਕਰੋੜਪਤੀ' ਐਪ/ਪੋਰਟਲ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜੋ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ 'ਤੇ ਉਪਲਬਧ ਹੈ।"
ਇਸ ਨੂੰ ਨੌਜਵਾਨਾਂ ਲਈ ਕਮਾਈ ਦੇ ਨਾਲ-ਨਾਲ ਸਿੱਖਣ ਦਾ ਵੱਡਾ ਮੌਕੇ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਭਰ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਮੁਕਾਬਲੇ ਵਿੱਚ ਹਿੱਸਾ ਲੈਣ, ਆਪਣੇ ਗਿਆਨ ਵਿੱਚ ਵਾਧਾ ਕਰਨ ਅਤੇ ਇਸ ਵਿਲੱਖਣ ਪਹਿਲਕਦਮੀ ਦਾ ਵੱਧ ਤੋਂ ਵੱਧ ਲਾਹਾ ਲੈਣ।
ਉਨ੍ਹਾਂ ਕਿਹਾ, "ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲੈ ਜਾਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਨੂੰ ਸਿਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।"
*ਪੰਜਾਬ ਭਰ ਦੇ 15 ਤੋਂ 30 ਸਾਲ ਤੱਕ ਦੇ ਨੌਜਵਾਨ ਲੈ ਸਕਣਗੇ ਹਿੱਸਾ*
ਇਹ ਮੁਕਾਬਲਾ 1 ਜਨਵਰੀ, 2027 ਤੱਕ 15 ਤੋਂ 30 ਸਾਲ ਦੀ ਉਮਰ ਦੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਖੁੱਲ੍ਹਾ ਹੈ ਅਤੇ ਇਹ ਇੱਕ ਡਿਜੀਟਲ ਕੁਇਜ਼ ਪਲੇਟਫਾਰਮ ਰਾਹੀਂ ਕਰਵਾਇਆ ਜਾਵੇਗਾ। ਇਸ ਦੇ ਸਿਲੇਬਸ ਵਿੱਚ ਪੰਜਾਬ ਦਾ ਇਤਿਹਾਸ, ਭੂਗੋਲ, ਕਲਾ, ਸੱਭਿਆਚਾਰ, ਜਰਨਲ ਨਾਲੇਜ਼, ਕਰੰਟ ਅਫ਼ੇਅਰਜ਼, ਐਪਟੀਟਿਊਡ ਅਤੇ ਸ਼ਾਸਨ ਪ੍ਰਬੰਧ ਨਾਲ ਸਬੰਧਤ ਸਵਾਲ ਸ਼ਾਮਲ ਹੋਣਗੇ, ਜਿਸ ਵਿੱਚ ਸਰਕਾਰੀ ਪਹਿਲਕਦਮੀਆਂ, ਪ੍ਰਾਪਤੀਆਂ ਅਤੇ ਵਿਕਾਸ ਕਾਰਜ ਵੀ ਸ਼ਾਮਲ ਹਨ। ਬਹੁ-ਵਿਕਲਪੀ ਸਵਾਲਾਂ ਵਾਲੇ ਇਸ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਵਿੱਚ ਸਿੱਖਣ ਦੀ ਰੁਚੀ, ਉਤਸੁਕਤਾ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ ਤਾਂ ਜੋ ਪੰਜਾਬ ਦੀ ਵਿਰਾਸਤ, ਤਰੱਕੀ ਅਤੇ ਸ਼ਾਸਨ ਪ੍ਰਬੰਧ ਬਾਰੇ ਉਨ੍ਹਾਂ ਦੀ ਸਮਝ ਨੂੰ ਹੋਰ ਡੂੰਘਾ ਕੀਤਾ ਜਾ ਸਕੇ।
*ਸੂਬਾ ਪੱਧਰੀ ਜੇਤੂ ਨੂੰ 1 ਕਰੋੜ ਰੁਪਏ, ਚਾਰ ਉਪ-ਜੇਤੂਆਂ ਨੂੰ 10-10 ਲੱਖ ਰੁਪਏ ਅਤੇ ਲੀਡਰਬੋਰਡ ’ਤੇ ਥਾਂ ਬਣਾਉਣ ਵਾਲੇ ਅੱਠ ਪ੍ਰਤੀਯੋਗੀਆਂ ਨੂੰ ਮਿਲਣਗੇ 5-5 ਲੱਖ ਰੁਪਏ*
‘ਪੰਜਾਬ ਦਾ ਕਰੋੜਪਤੀ’ ਦੇ ਇਨਾਮਾਂ ਦੀ ਸੂਚੀ ਵਿੱਚ ਸੂਬਾ ਪੱਧਰੀ ਜੇਤੂ ਲਈ 1 ਕਰੋੜ ਰੁਪਏ ਦਾ ਵੱਡਾ ਨਕਦ ਇਨਾਮ ਸ਼ਾਮਲ ਹੈ, ਜਦਕਿ ਚਾਰ ਉਪ-ਜੇਤੂਆਂ (ਰਨਰਜ਼-ਅੱਪ) ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲੀਡਰਬੋਰਡ ’ਤੇ ਥਾਂ ਬਣਾਉਣ ਵਾਲੇ ਅੱਠ ਪ੍ਰਤੀਯੋਗੀਆਂ ਨੂੰ 5-5 ਲੱਖ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ। ਇਨ੍ਹਾਂ ਸਿਖਰਲੇ ਇਨਾਮਾਂ ਤੋਂ ਇਲਾਵਾ, ਕੁਆਲੀਫਾਇੰਗ ਗੇੜਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਤੇ ਜ਼ਿਲ੍ਹਾ ਪੱਧਰੀ ਜੇਤੂਆਂ ਸਮੇਤ 10,000 ਪ੍ਰਤੀਯੋਗੀਆਂ ਨੂੰ ਵੀ ਨਕਦ ਇਨਾਮ ਮਿਲਣਗੇ। ਮੁਕਾਬਲੇ ਦੇ ਵੱਖ-ਵੱਖ ਪੜਾਵਾਂ ਦੌਰਾਨ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਯਕੀਨੀ ਬਣਾਉਣ ਲਈ ਪ੍ਰਤੀਯੋਗੀਆਂ ਕੋਲ ਡਿਜੀਟਲ ਸਰਟੀਫਿਕੇਟ ਅਤੇ ਹੋਰ ਇਨਾਮ ਜਿੱਤਣ ਦੇ ਮੌਕੇ ਵੀ ਹੋਣਗੇ।
*ਡਿਜੀਟਲ ਕੁਇਜ਼ ਗੇੜਾਂ ਰਾਹੀਂ ਹੋਵੇਗੀ ਜ਼ਿਲ੍ਹਾ ਪੱਧਰੀ ਮੁਕਾਬਲੇ ਦੀ ਚੋਣ; ਪ੍ਰਤੀਯੋਗੀਆਂ ਲਈ ਮੌਕ ਕੁਇਜ਼ ਦੀ ਸਹੂਲਤ*
ਇਸ ਮੁਕਾਬਲੇ ਲਈ ਰਜਿਸਟਰੇਸ਼ਨ 14 ਨਵੰਬਰ ਤੋਂ ਸ਼ੁਰੂ ਹੋ ਕੇ 28 ਨਵੰਬਰ, 2026 ਨੂੰ ਬੰਦ ਹੋਵੇਗੀ। ਮੁਕਾਬਲੇ ਵਿੱਚ ਕੁੱਲ 11 ਗੇੜ ਹੋਣਗੇ, ਜਿਨ੍ਹਾਂ ਵਿੱਚੋਂ ਪਹਿਲੇ ਨੌਂ ਗੇੜ ਡਿਜੀਟਲ ਤਰੀਕੇ ਨਾਲ ਕਰਵਾਏ ਜਾਣਗੇ, ਇਸ ਤੋਂ ਬਾਅਦ ਦਸਵੇਂ ਗੇੜ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਣਗੇ ਅਤੇ 11ਵਾਂ ਗੇੜ ਗ੍ਰੈਂਡ ਫਿਨਾਲੇ ਹੋਵੇਗਾ। ਡਿਜੀਟਲ ਕੁਇਜ਼ ਗੇੜ 21, 23, 25, 27 ਅਤੇ 29 ਨਵੰਬਰ ਨੂੰ ਅਤੇ ਉਸ ਤੋਂ ਬਾਅਦ 1, 3, 5 ਅਤੇ 7 ਦਸੰਬਰ ਨੂੰ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰੀ ਮੁਕਾਬਲੇ 9 ਦਸੰਬਰ ਨੂੰ ਸਾਰੇ 23 ਜ਼ਿਲ੍ਹਿਆਂ ਵਿੱਚ ਕਰਵਾਏ ਜਾਣਗੇ, ਜੋ ਪ੍ਰਤੀਯੋਗੀਆਂ ਨੂੰ ਗ੍ਰੈਂਡ ਫਿਨਾਲੇ ਦੀ ਦੌੜ ਵਿੱਚ ਆਪੋ-ਆਪਣੇ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਪ੍ਰਦਾਨ ਕਰਨਗੇ।
ਪ੍ਰਤੀਯੋਗੀਆਂ ਨੂੰ ਡਿਜੀਟਲ ਪਲੇਟਫਾਰਮ ਅਤੇ ਇਸ ਦੀ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣ ਲਈ ਅਭਿਆਸ ਵਾਸਤੇ 'ਮੌਕ ਕੁਇਜ਼' ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਨਾਲ ਨੌਜਵਾਨ ਪ੍ਰਤੀਯੋਗੀਆਂ ਨੂੰ ਐਪ/ਪੋਰਟਲ ਨੂੰ ਸਮਝਣ, ਕੁਇਜ਼ ਦੇ ਰੂਪ ਦਾ ਅਨੁਭਵ ਕਰਨ ਅਤੇ ਅਸਲ ਮੁਕਾਬਲੇ ਦੇ ਗੇੜ ਸ਼ੁਰੂ ਹੋਣ ਤੋਂ ਪਹਿਲਾਂ ਖੁਦ ਨੂੰ ਤਿਆਰ ਕਰਨ ਵਿੱਚ ਮਦਦ ਮਿਲੇਗੀ।
*17 ਦਸੰਬਰ ਨੂੰ ਹੋਵੇਗਾ ਗ੍ਰੈਂਡ ਫਿਨਾਲੇ; ਮੁਕਾਬਲੇ ਦੇ ਟੈਲੀਵਿਜ਼ਨ ਅਤੇ ਡਿਜੀਟਲ ਪ੍ਰਸਾਰਣ ’ਤੇ ਕੀਤੀ ਜਾ ਰਿਹੈ ਵਿਚਾਰ*
ਇਸ ਮੁਕਾਬਲੇ ਦੀ ਸਮਾਪਤੀ 17 ਦਸੰਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਗ੍ਰੈਂਡ ਫਿਨਾਲੇ ਨਾਲ ਹੋਵੇਗੀ, ਜਿਸ ਵਿੱਚ ਪੰਜਾਬ ਭਰ ਦੇ 23 ਜ਼ਿਲ੍ਹਾ ਪੱਧਰੀ ਜੇਤੂ ਹਿੱਸਾ ਲੈਣਗੇ ਅਤੇ ਜੇਤੂ ਰਹਿਣ ਵਾਲਾ ਪ੍ਰਤੀਯੋਗੀ 1 ਕਰੋੜ ਰੁਪਏ ਦਾ ਵੱਕਾਰੀ ਨਕਦ ਇਨਾਮ ਆਪਣੇ ਘਰ ਲੈ ਕੇ ਜਾਵੇਗਾ। ਪ੍ਰਤੀਯੋਗੀ ਹੋਰ ਆਕਰਸ਼ਕ ਨਕਦ ਇਨਾਮਾਂ ਲਈ ਵੀ ਮੁਕਾਬਲਾ ਕਰਨਗੇ, ਜਿਨ੍ਹਾਂ ਵਿੱਚ ਚਾਰ ਉਪ-ਜੇਤੂਆਂ ਲਈ 10-10 ਲੱਖ ਰੁਪਏ ਅਤੇ ਲੀਡਰਬੋਰਡ ’ਤੇ ਥਾਂ ਬਣਾਉਣ ਵਾਲੇ ਅੱਠ ਪ੍ਰਤੀਯੋਗੀਆਂ ਲਈ 5-5 ਲੱਖ ਰੁਪਏ ਸ਼ਾਮਲ ਹਨ, ਜੋ ਇਸ ਮੁਕਾਬਲੇ ਨੂੰ ਪਹਿਲੇ ਸਥਾਨ ਦੇ ਵੱਕਾਰੀ ਇਨਾਮ ਤੋਂ ਇਲਾਵਾ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਲਈ ਵੀ ਢੁਕਵੇਂ ਇਨਾਮਾਂ ਨਾਲ ਵਧੇਰੇ ਆਕਰਸ਼ਕ ਬਣਾਉਂਦਾ ਹੈ। ਇਹ ਫਿਨਾਲੇ ਕਿਸੇ ਢੁਕਵੇਂ ਸਟੇਡੀਅਮ ਜਾਂ ਵੱਡੇ ਸਥਾਨ 'ਤੇ ਕਰਵਾਉਣ ਦੀ ਤਜਵੀਜ਼ ਹੈ, ਜਿਸ ਵਿੱਚ ਇਨਾਮ ਵੰਡ ਸਮਾਰੋਹ, ਸੱਭਿਆਚਾਰਕ ਪੇਸ਼ਕਾਰੀਆਂ, ਨੌਜਵਾਨਾਂ ਦੇ ਮਨੋਰੰਜਨ ਦੇ ਪ੍ਰੋਗਰਾਮ ਅਤੇ ਪ੍ਰਮੁੱਖ ਪੰਜਾਬੀ ਕਲਾਕਾਰਾਂ ਤੇ ਹਸਤੀਆਂ ਦੀ ਸ਼ਮੂਲੀਅਤ ਹੋਵੇਗੀ। ਸੂਬੇ ਦੀ ਨੌਜਵਾਨ ਪ੍ਰਤਿਭਾ ਦੇ ਇਸ ਜਸ਼ਨ ਨੂੰ ਪੰਜਾਬ ਅਤੇ ਇਸ ਤੋਂ ਬਾਹਰ ਬੈਠੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਇਸ ਸਮਾਗਮ ਦਾ ਟੈਲੀਵਿਜ਼ਨ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਸਿੱਧਾ ਪ੍ਰਸਾਰਣ (ਲਾਈਵ-ਸਟ੍ਰੀਮਿੰਗ) ਵੀ ਕੀਤਾ ਜਾ ਸਕਦਾ ਹੈ।
*‘ਪੰਜਾਬ ਦਾ ਕਰੋੜਪਤੀ’ ਲਈ ਰਜਿਸਟਰੇਸ਼ਨ ਅਤੇ ਇਸ ਵਿੱਚ ਕਿਵੇਂ ਹਿੱਸਾ ਲੈਣਾ ਹੈ: ਕਦਮ-ਦਰ-ਕਦਮ ਜਾਣਕਾਰੀ*
ਪੰਜਾਬ ਸਰਕਾਰ ਨੇ ਆਪਣੇ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਕਾਬਲੇ ਲਈ ਰਜਿਸਟਰੇਸ਼ਨ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਅਤੇ ਮੋਬਾਈਲ ਪਲੇਟਫਾਰਮ ਰਾਹੀਂ ਸੁਖਾਲਾ ਬਣਾਇਆ ਹੈ। ਨੌਜਵਾਨ ਹੇਠ ਲਿਖੀ ਚਾਰ-ਪੜਾਵੀ ਸਰਲ ਪ੍ਰਕਿਰਿਆ ਦੀ ਪਾਲਣਾ ਕਰਕੇ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ।
*ਪੜਾਅ 1: ਪੋਰਟਲ ’ਤੇ ਰਜਿਸਟਰੇਸ਼ਨ ਕਰੋ*
• ‘ਪੰਜਾਬ ਦਾ ਕਰੋੜਪਤੀ’ ਦੇ ਅਧਿਕਾਰਤ ਪੋਰਟਲ ’ਤੇ ਜਾਓ ਜਾਂ ਇਸ ਦੀ ਐਪ ਡਾਊਨਲੋਡ ਕਰੋ।
• ਆਪਣੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਰਜਿਸਟਰ ਕਰੋ।
• ਓ.ਟੀ.ਪੀ. ਰਾਹੀਂ ਆਪਣੇ ਮੋਬਾਈਲ ਨੰਬਰ ਦੀ ਪੁਸ਼ਟੀ ਕਰੋ।
• ਪਛਾਣ ਤਸਦੀਕ ਦੀ ਪ੍ਰਕਿਰਿਆ ਪੂਰੀ ਕਰੋ।
• ਜੇਕਰ ਤੁਸੀਂ ਮੌਜੂਦਾ ਸਮੇਂ ਪੜ੍ਹਾਈ ਕਰ ਰਹੇ ਹੋ ਤਾਂ ਆਪਣੇ ਸਕੂਲ ਜਾਂ ਕਾਲਜ ਦੇ ਵੇਰਵੇ ਦਰਜ ਕਰੋ।
• ਰਜਿਸਟਰੇਸ਼ਨ ਪੂਰੀ ਕਰਨ ਲਈ ਆਪਣੇ ਜ਼ਿਲ੍ਹੇ ਦੀ ਚੋਣ ਕਰੋ।
*ਪੜਾਅ 2: ਆਨਲਾਈਨ ਰਾਊਂਡਜ਼ ਵਿੱਚ ਹਿੱਸਾ ਲਓ*
• ਆਪਣੇ ਰਜਿਸਟਰਡ ਮੋਬਾਈਲ ਨੰਬਰ ਅਤੇ ਓ.ਟੀ.ਪੀ. ਦੀ ਵਰਤੋਂ ਕਰਕੇ ਲੌਗ-ਇਨ ਕਰੋ।
• ਆਨਲਾਈਨ ਕੁਇਜ਼ ਗੇੜਾਂ ਵਿੱਚ ਹਿੱਸਾ ਲਓ।
• ਹਰੇਕ ਸਵਾਲ ਦੇ ਚਾਰ ਵਿਕਲਪ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਸਹੀ ਜਵਾਬ ਹੋਵੇਗਾ।
• ਪ੍ਰਤੀਯੋਗੀਆਂ ਨੂੰ ਹਰੇਕ ਸਵਾਲ ਦਾ ਜਵਾਬ ਦੇਣ ਲਈ 20 ਸਕਿੰਟ ਦਾ ਸਮਾਂ ਮਿਲੇਗਾ।
• ਜੇਕਰ ਨਿਰਧਾਰਤ ਸਮਾਂ ਖ਼ਤਮ ਹੋ ਜਾਂਦਾ ਹੈ ਤਾਂ ਅਗਲਾ ਸਵਾਲ ਆਪਣੇ-ਆਪ ਸਕਰੀਨ ’ਤੇ ਆ ਜਾਵੇਗਾ।
• ਇਸ ਵਿੱਚ ਕੁਇਜ਼ ਨੂੰ ਵਿਚਕਾਰ ਰੋਕਣ ਦੀ ਕੋਈ ਸਹੂਲਤ ਨਹੀਂ ਹੈ, ਇਸ ਲਈ ਪ੍ਰਤੀਯੋਗੀਆਂ ਨੂੰ ਪੂਰੇ ਗੇੜ ਦੌਰਾਨ ਧਿਆਨ ਕੇਂਦਰਿਤ ਰੱਖਣਾ ਹੋਵੇਗਾ।
*ਪੜਾਅ 3: ਰੈਂਕਿੰਗ ਵਿੱਚ ਅੱਗੇ ਵਧੋ*
• ਪ੍ਰਤੀਯੋਗੀਆਂ ਦੀ ਰੈਂਕਿੰਗ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।
• ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਪ੍ਰਤੀਯੋਗੀ ਅਗਲੇ ਗੇੜਾਂ ਲਈ ਕੁਆਲੀਫਾਈ ਕਰਨਗੇ।
• ਕੁੱਲ ਅੰਕ ਜ਼ਿਲ੍ਹਾ ਪੱਧਰੀ ਫਾਈਨਲ ਅਤੇ ਸੂਬਾ ਪੱਧਰੀ ਗੇੜ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਤੈਅ ਕਰਨਗੇ।
*ਪੜਾਅ 4: ਗ੍ਰੈਂਡ ਫਿਨਾਲੇ ਦਾ ਮੁਕਾਬਲਾ*
• ਜ਼ਿਲ੍ਹਾ ਪੱਧਰੀ ਫਾਈਨਲਿਸਟਾਂ ਨੂੰ ਗ੍ਰੈਂਡ ਫਿਨਾਲੇ ਵਿੱਚ 'ਹੌਟ ਸੀਟ' ਹਾਸਲ ਕਰਨ ਦਾ ਮੌਕਾ ਮਿਲੇਗਾ।
• ਫਾਈਨਲਿਸਟ 1 ਕਰੋੜ ਰੁਪਏ ਦੇ ਸਿਖਰਲੇ ਇਨਾਮ ਲਈ ਮੁਕਾਬਲਾ ਕਰਨਗੇ।
• ਗ੍ਰੈਂਡ ਫਿਨਾਲੇ ਸੂਬਾ ਪੱਧਰ 'ਤੇ ਕਰਵਾਇਆ ਜਾਵੇਗਾ।
*ਪ੍ਰਤੀਯੋਗੀਆਂ ਲਈ ਜਾਣਨਯੋਗ ਮੁੱਖ ਗੱਲਾਂ*
*ਯੋਗਤਾ*: 15 ਤੋਂ 30 ਸਾਲ ਦੀ ਉਮਰ ਦੇ ਪੰਜਾਬ ਨਿਵਾਸੀ।
* ਰਜਿਸਟਰੇਸ਼ਨ*: ਮੋਬਾਈਲ ਨੰਬਰ ਅਤੇ ਓ.ਟੀ.ਪੀ. ਦੀ ਵਰਤੋਂ ਕਰਕੇ ਅਧਿਕਾਰਤ ਪੋਰਟਲ/ਐਪ ਰਾਹੀਂ।
*ਸਵਾਲਾਂ ਦਾ ਰੂਪ*: ਚਾਰ ਵਿਕਲਪਾਂ ਵਾਲੇ ਬਹੁ-ਵਿਕਲਪੀ ਸਵਾਲ।
*ਸਮਾਂ ਸੀਮਾ*: ਪ੍ਰਤੀ ਸਵਾਲ 20 ਸਕਿੰਟ।
*ਮੁਕਾਬਲੇ ਦਾ ਢਾਂਚਾ*: ਆਨਲਾਈਨ ਗੇੜ, ਜ਼ਿਲ੍ਹਾ ਪੱਧਰੀ ਫਾਈਨਲ ਅਤੇ ਸੂਬਾ ਪੱਧਰੀ ਗ੍ਰੈਂਡ ਫਿਨਾਲੇ।
*ਸਿਖਰਲਾ ਇਨਾਮ*: 1 ਕਰੋੜ ਰੁਪਏ।
*ਜ਼ਰੂਰੀ ਨੋਟ*: ਪੂਰੇ ਮੁਕਾਬਲੇ ਦੌਰਾਨ ਆਪਣਾ ਰਜਿਸਟਰਡ ਮੋਬਾਈਲ ਨੰਬਰ ਆਪਣੇ ਕੋਲ ਚਾਲੂ ਰੱਖੋ, ਕਿਉਂਕਿ ਆਨਲਾਈਨ ਗੇੜਾਂ ਵਿੱਚ ਲੌਗ-ਇਨ ਕਰਨ ਅਤੇ ਹਿੱਸਾ ਲੈਣ ਲਈ ਇਸ ਦੀ ਲੋੜ ਪਵੇਗੀ।
‘ਪੰਜਾਬ ਦਾ ਕਰੋੜਪਤੀ’ ਰਾਹੀਂ ਭਗਵੰਤ ਮਾਨ ਸਰਕਾਰ ਦਾ ਉਦੇਸ਼ ਇੱਕ ਅਜਿਹਾ ਸੂਬਾ ਪੱਧਰੀ ਮੰਚ ਤਿਆਰ ਕਰਨਾ ਹੈ, ਜੋ ਗਿਆਨ, ਪ੍ਰਤਿਭਾ ਅਤੇ ਇੱਛਾਵਾਂ ਨੂੰ ਢੁਕਵੇਂ ਮੌਕਿਆਂ ਅਤੇ ਮਾਣ-ਸਨਮਾਨ ਵਿੱਚ ਬਦਲਣ ਦਾ ਮਾਰਗ ਬਣੇ। ਇਸ ਪਹਿਲਕਦਮੀ ਦੀ ਕਲਪਨਾ ਪੰਜਾਬ ਦੀ ਨੌਜਵਾਨੀ ਦੇ ਉਜਵਲ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ, ਜੋ ਹਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਹਿੱਸਾ ਲੈਣ, ਮੁਕਾਬਲਾ ਕਰਨ ਅਤੇ ਸੂਬੇ ਦਾ ਅਗਲਾ ਕਰੋੜਪਤੀ ਬਣਨ ਦੀ ਇੱਛਾ ਰੱਖਣ ਅਤੇ ਇਸ ਨੂੰ ਸਾਕਾਰ ਕਰਨ ਦਾ ਮੌਕਾ ਦਿੰਦੀ ਹੈ।