youth-fairs-play-a-major-role-in-enhancing-all-round-personality-ms-dhanpreet-kaur-ips

ਸਰਵਪੱਖੀ ਸਖਸ਼ੀਅਤ ਨੂੰ ਨਿਖਾਰਨ ਵਿਚ ਯੁਵਕ ਮੇਲੇ ਵੱਡੀ ਭੂਮਿਕਾ ਨਿਭਾਉਂਦੇ ਹਨ-ਸ਼੍ਰੀਮਤੀ ਧਨਪ੍ਰੀਤ ਕੌਰ ਆਈ ਪੀ ਐੱਸ

Nov21,2024 | Narinder Kumar | Ludhiana

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵਲੋਂ ਕਰਵਾਇਆ ਜਾ ਰਿਹਾ ਅੰਤਰ ਕਾਲਜ ਯੁਵਕ ਮੇਲਾ 2024-25 ਆਪਣੇ ਪੂਰੇ ਜੋਬਨ ਤੇ ਪਹੁੰਚ ਚੁੱਕਾ ਹੈ| ਰੰਗ-ਬਰੰਗੀਆਂ ਵਿਰਾਸਤੀ ਪੁਸ਼ਾਕਾਂ ਪਹਿਣ ਕੇ ਵਿਦਿਆਰਥੀਆਂ ਵਲੋਂ ਯੁਵਕ ਮੇਲੇ ਦੀਆਂ ਸਮੂਹਕ ਗਤੀਵਿਧੀਆਂ ਅਤੇ ਮੁਕਾਬਲਿਆਂ ਵਿਚ ਪੂਰੇ ਜੋਸ਼ ਨਾਲ ਸ਼ਿਰਕਤ ਕੀਤੀ ਜਾ ਰਹੀ ਹੈ| ਦੁਲਹਨ ਵਾਂਗ ਸਜਿਆ ਯੂਨੀਵਰਸਿਟੀ ਦਾ ਡਾ. ਏ ਐੱਸ ਖਹਿਰਾ ਓਪਨ ਏਅਰ ਥੀਏਟਰ ਵਿਦਿਆਰਥੀਆਂ ਦੀਆਂ ਤਾੜੀਆਂ ਨਾਲ ਗੂੰਜ ਉੱਠਦਾ ਹੈ, ਜਦੋਂ ਧਮਾਲਾਂ ਪਾਉਂਦੇ ਕਲਾਕਾਰ ਆਪਣੀਆਂ ਕਲਾਵਾਂ ਦੇ ਜ਼ੌਹਰ ਦਿਖਾਉਂਦੇ ਹਨ| ਯੂਨੀਵਰਸਿਟੀ ਦੇ ਨਾਲ ਸੰਬੰਧਤ ਵੱਖੋ-ਵੱਖ ਕਾਲਜਾਂ ਦੀਆਂ ਟੀਮਾਂ ਵੱਲੋਂ ਅੱਜ ਸਮੂਹਿਕ ਲੋਕ ਨਾਚ, ਮਾਈਮ, ਭੰਡ, ਮੋਨੋ ਐਕਟਿੰਗ ਅਤੇ ਇਕਾਂਗੀ ਮੁਕਾਬਲਿਆਂ ਵਿਚ ਸ਼ਿਰਕਤ ਕੀਤੀ ਗਈ| ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਨ ਅਤੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਲਈ ਸ੍ਰੀਮਤੀ ਧਨਪ੍ਰੀਤ ਕੌਰ ਆਈ ਪੀ ਐੱਸ ਇੰਸਪੈਕਟਰ ਜਨਰਲ ਆਫ ਪੁਲਿਸ, ਲੁਧਿਆਣਾ ਰੇਂਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਸ਼੍ਰੀ ਮੁਹੰਮਦ ਸਦੀਕ ਪ੍ਰਸਿੱਧ ਲੋਕ ਗਾਇਕ ਅਤੇ ਸਾਬਕਾ ਮੈਂਬਰ ਲੋਕ ਸਭਾ ਅਤੇ ਡਾ. ਸੁਮਨ ਲਤਾ ਪ੍ਰਿੰਸੀਪਲ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਸਮਾਰੋਹ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ.ਏ.ਯੂ. ਨੇ ਕੀਤੀ| ਇਸ ਮੌਕੇ ਡਾ. ਅਸ਼ੋਕ ਕੁਮਾਰ ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ., ਸ੍ਰੀ ਰਿਸ਼ੀਪਾਲ ਸਿੰਘ ਆਈ ਏ ਐੱਸ ਰਜਿਸਟਰਾਰ ਪੀ.ਏ.ਯੂ., ਡਾ. ਨਿਰਮਲ


ਜੌੜਾ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਤੋਂ ਇਲਾਵਾ ਸਮੂਹ ਡੀਨਜ਼, ਡਾਇਰੈਕਟਰਜ਼ ਅਤੇ ਵੱਖੋ ਵੱਖ ਵਿਭਾਗਾਂ ਦੇ ਮੁਖੀ ਉਚੇਚੇ ਤੌਰ ਤੇ ਹਾਜ਼ਰ ਸਨ|

ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸ੍ਰੀਮਤੀ ਧਨਪ੍ਰੀਤ ਕੌਰ ਨੇ ਕਿਹਾ ਕਿ ਜਿੱਤ ਹਾਰ ਦੀ ਪ੍ਰਵਾਹ ਕੀਤੇ ਬਿਨਾਂ ਸਾਨੂੰ ਵੱਧ ਤੋਂ ਵੱਧ ਇਹਨਾਂ ਮੁਕਾਬਲਿਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਸਰਵਪੱਖੀ ਸ਼ਖਸ਼ੀਅਤ ਨੂੰ ਨਿਖਾਰਨ ਵਿਚ ਯੁਵਕ ਮੇਲੇ ਵੱਡਾ ਰੋਲ ਅਦਾ ਕਰਦੇ ਹਨ| ਇਸ ਮੌਕੇ ਪੰਜਾਬ ਦੇ ਅਮੀਰ ਸੱਭਿਆਚਾਰ ਤੋਂ ਵਾਰੇ-ਵਾਰੇ ਜਾਂਦਿਆਂ ਸ਼੍ਰੀ ਮੁਹੰਮਦ ਸਦੀਕ ਨੇ ਕਿਹਾ ਕਿ ਸਾਡਾ ਭਾਰਤ ਅਨੇਕਤਾ ਵਿਚ ਏਕਤਾ ਦਾ ਪ੍ਰਤੀਕ ਹੈ ਅਤੇ ਪੰਜਾਬ ਦਾ ਵਿਲੱਖਣ ਸੱਭਿਆਚਾਰ ਸਮੁੱਚੇ ਭਾਰਤ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦਾ ਹੈ| ਕਵੀਸ਼ਰੀ ਨੂੰ ਸੰਗੀਤ ਦਾ ਪਹਿਲਾ ਪੜਾਅ ਦੱਸਦਿਆਂ ਉਹਨਾਂ ਨੇ ਬਾਬੂ ਰਜਬ ਅਲੀ ਵੱਲੋਂ ਇਸ ਖੇਤਰ ਵਿਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਵਿਰਾਸਤੀ ਮੁਕਾਬਲਿਆਂ ਵਿਚ ਵਿਖਾਈ ਜਾ ਰਹੀ ਗਰਮਜੋਸ਼ੀ ਲਈ ਪੀ.ਏ.ਯੂ. ਪ੍ਰਬੰਧਕਾਂ ਨੂੰ ਵਧਾਈ ਦਿੱਤੀ|


ਇਸ ਮੌਕੇ ਡਾ. ਸੁਮਨ ਲਤਾ ਨੇ ਪੀ.ਏ.ਯੂ. ਵੱਲੋਂ ਖੇਤੀ ਸੱਭਿਆਚਾਰ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੀ ਅਮੀਰ ਪ੍ਰੰਪਰਾ ਦੀ ਲੜੀ ਨੂੰ ਅੱਗੇ ਤੋਰਨ ਵਿਚ ਪਾਏ ਜਾ ਰਹੇ ਉੱਦਮਾਂ ਦੀ ਸ਼ਲਾਘਾ ਕੀਤੀ| ਡਾ. ਨਿਰਮਲ ਜੌੜਾ ਨਿਰਦੇਸ਼ਕ ਵਿਦਿਆਰਥੀ ਭਲਾਈ ਪੀ.ਏ.ਯੂ. ਨੇ ਯੁਵਕ ਮੇਲੇ ਵਿਚ ਸ਼ਿਰਕਤ ਕਰ ਰਹੇ ਵਿਦਿਆਰਥੀਆਂ ਅਤੇ ਪਤਵੰਤਿਆਂ ਨੂੰ ਜੀ ਆਇਆ ਕਿਹਾ|


ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਸੁਮੇਧਾ ਭੰਡਾਰੀ ਅਤੇ ਡਾ. ਹੀਰਾ ਸਿੰਘ ਨੇ ਨਿਭਾਈ| ਅੱਜ ਦੇ ਵਿਰਾਸਤੀ ਮੁਕਾਬਲਿਆਂ ਵਿੱਚੋਂ ਸਮੂਹਿਕ ਲੋਕ ਨਾਚਾਂ ਵਿਚ ਪਹਿਲਾ ਸਥਾਨ ਖੇਤੀਬਾੜੀ ਕਾਲਜ, ਦੂਜਾ ਕਮਿਊਨਟੀ ਸਾਇੰਸ ਕਾਲਜ ਅਤੇ ਤੀਜਾ ਸਥਾਨ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਨੂੰ ਹਾਸਲ ਹੋਇਆ|

ਇਸੇ ਤਰ੍ਹਾਂ ਲੜਕਿਆਂ ਵਿੱਚੋਂ ਸਰਵੋਤਮ ਡਾਂਸਰ ਸ੍ਰੀ ਸਿਮਰਜੀਤ ਸਿੰਘ, ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਅਤੇ ਲੜਕੀਆਂ ਵਿੱਚੋਂ ਸਰਵੋਤਮ ਡਾਂਸਰ ਮਨਪ੍ਰੀਤ ਕੌਰ ਕਮਿਊਨਟੀ ਸਾਇੰਸ ਕਾਲਜ ਨੂੰ ਐਲਾਨਿਆ ਗਿਆ|


youth-fairs-play-a-major-role-in-enhancing-all-round-personality-ms-dhanpreet-kaur-ips


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com