ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਇਕ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਦੱਸਿਆ ਕਿ ਡੇਰਾ ਬੱਸੀ ਹਲਕੇ ਦੇ ਪਿੰਡ ਟਿਵਾਣਾ ਨੇੜੇ ਘੱਗਰ ਨੂੰ ਚੌੜਾ ਕਰਨ ਅਤੇ ਇਸ ਦੇ ਬੰਨ੍ਹ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ।
ਵਿਧਾਨ ਸਭਾ ਹਲਕਾ ਡੇਰਾ ਬੱਸੀ ਤੋਂ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਨੇ ਦੱਸਿਆ ਕਿ ਸਾਲ 2023 ਵਿੱਚ ਆਈ ਭਾਰੀ ਬਰਸਾਤ ਕਾਰਨ ਪਿੰਡ ਟਿਵਾਣਾ ਵਿਖੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੀ ਜਿਸ ਕਾਰਨ ਘੱਗਰ ਦਰਿਆ ਦੇ ਹੜ੍ਹ ਦੇ ਪਾਣੀ ਨਾਲ ਖੱਬੇ ਪਾਸੇ ਲੱਗਦੀਆਂ ਵਾਹੀਯੋਗ ਜ਼ਮੀਨਾਂ ਵਿੱਚ ਪਾਣੀ ਭਰ ਗਿਆ ਸੀ ਅਤੇ ਨਾਲ ਹੀ ਖੋਰਾ ਪੈਣ ਨਾਲ ਜ਼ਮੀਨ ਦਾ ਪੱਧਰ ਲਗਭਗ 8 ਤੋਂ 10 ਫੁੱਟ ਨੀਵਾਂ ਹੋ ਗਿਆ ਸੀ ਜਿਸ ਉਪਰੰਤ ਵਿਭਾਗ ਵਲੋਂ ਵਾਹੀਯੋਗ ਜ਼ਮੀਨ ਨੂੰ ਖੋਰ ਤੋਂ ਬਚਾਉਣ ਲਈ 2500 ਫੁੱਟ ਦੀ ਲੰਬਾਈ ਵਿੱਚ ਪੱਥਰਾਂ ਦੀ ਰਿਵੈਟਮੈਂਟ ਅਤੇ ਸਟੱਡ ਲਗਾਏ ਗਏ ਸਨ ਇਸ ਰਿਵੈਟਮੈਂਟ ਨੂੰ ਸਪੋਰਟ ਕਰਨ ਲਈ ਇਸ ਦੇ ਪਿੱਛੇ ਮਿੱਟੀ ਦੀ ਭਰਤੀ ਕਰਦੇ ਹੋਏ ਬੰਨ੍ਹ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਇਸ ਕੰਮ ਨੂੰ ਕਰਨ ਲਈ ਵਿਭਾਗ ਵਲੋਂ 5.06 ਕਰੋੜ ਦਾ ਖਰਚਾ ਕੀਤਾ ਗਿਆ ਸੀ।
ਸ੍ਰੀ ਗੋਇਲ ਨੇ ਦੱਸਿਆ ਕਿ 29 ਜੂਨ, 2025 ਨੂੰ ਘੱਗਰ ਦੇ ਕੈਚਮੈਂਟ ਏਰੀਏ ਵਿੱਚ ਭਾਰੀ ਬਰਸਾਤ ਹੋਣ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਸੀ ਪਰ ਪੱਥਰਾਂ ਦੀ ਰਿਵੈਟਮੈਂਟ ਬਿਲਕੁਲ ਠੀਕ ਹੈ। ਹਾਲਾਂਕਿ ਰਿਵੈਟਮੈਂਟ ਦੇ ਪਿੱਛੇ ਲੱਗੇ ਮਿੱਟੀ ਦੇ ਬੰਨ੍ਹ ਨੂੰ ਥੋੜੀ ਜਗ੍ਹਾ ਤੋਂ ਖੋਰਾ ਲੱਗ ਗਿਆ ਸੀ। ਵਿਭਾਗ ਵਲੋਂ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਬੰਨ੍ਹ ਦੀ ਮੁਰੰਮਤ ਕਰਵਾ ਦਿਤੀ ਗਈ ਹੈ। ਇਹ ਮੁਰੰਮਤ ਦਾ ਕੰਮ ਵਿਭਾਗ ਨੇ ਆਪਣੇ ਪੱਧਰ 'ਤੇ ਮੁਕੰਮਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿੱਚ 8 ਜੁਲਾਈ, 2025 ਨੂੰ ਦੁਬਾਰਾ ਕਾਫੀ ਪਾਣੀ ਆਇਆ ਸੀ, ਪਰੰਤੂ ਇਸ ਬੰਨ੍ਹ ਨੂੰ ਕੋਈ ਨੁਕਸਾਨ ਨਾ ਕਰਦੇ ਹੋਏ ਅੱਗੇ ਨਿਕਲ ਗਿਆ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਘੱਗਰ ਦਰਿਆ ਦੇ ਸੱਜੇ ਪਾਸੇ ਪਿੰਡ ਟਿਵਾਣਾ ਵਿੱਚ ਘੱਗਰ ਨੂੰ ਚੌੜਾ ਕਰਨ ਅਤੇ ਇਸ ਮਿੱਟੀ ਨੂੰ ਬੈਂਕ ਦੇ ਖੱਬੇ ਪਾਸੇ ਪਾ ਕੇ ਬੈਂਕ ਨੂੰ ਚੌੜਾ/ਮਜ਼ਬੂਤ ਕਰਨ ਲਈ ਤਜਵੀਜ਼ ਵੀ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਤਜਵੀਜ਼ ਅਨੁਸਾਰ ਇਹ ਕੰਮ ਵਿਭਾਗ ਵੱਲੋਂ ਲਗਭਗ 11 ਲੱਖ ਰੁਪਏ ਦੀ ਲਾਗਤ ਨਾਲ ਤੁਰੰਤ ਪ੍ਰਭਾਵ ਨਾਲ ਕਰਵਾਇਆ ਜਾਵੇਗਾ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)