ਬੀਤੇ ਦਿਨੀਂ ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ 25 ਮੈਂਬਰਾਂ ਦੀ ਟੀਮ ਨੇ ਰਾਸਟਰੀ ਪੱਧਰ ਦੇ ਮੁਕਾਬਲੇ-ਤਿਫਾਨ 2023 ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਸੀ| ਯਾਦ ਰਹੇ ਕਿ ਤਿਫਾਨ ਮੁਕਾਬਲਾ ਇੱਕ ਰਾਸਟਰੀ ਪੱਧਰ ਦੀ ਵਿਦਿਆਰਥੀ ਗਤੀਵਿਧੀ ਹੈ ਜੋ ਐੱਸ ਏ ਈ ਇੰਡੀਆ ਅਤੇ ਜੋਂਡੀਅਰ ਲਿਮਿਟਡ ਪੂਨੇ ਵੱਲੋਂ ਆਯੋਜਿਤ ਕੀਤਾ ਗਿਆ ਸੀ | ਇਸ ਟੀਮ ਵਿੱਚ ਤੀਜੇ ਸਾਲ ਦੇ ਇੰਜਨੀਅਰਿੰਗ ਵਿਦਿਆਰਥੀ ਕਰਨ ਦੀ ਕਪਤਾਨੀ ਵਿੱਚ 25 ਮੈਂਬਰੀ ਟੀਮ ਨੇ ਹਿੱਸਾ ਲਿਆ | ਦਿਸ਼ਾ-ਨਿਰਦੇਸ਼ ਲਈ ਡਾ. ਸਤੀਸ਼ ਕੁਮਾਰ ਗੁਪਤਾ, ਡਾ. ਅਨੂਪ ਦੀਕਸ਼ਤ ਅਤੇ ਡਾ. ਰੋਹਨੀਸ਼ ਖੁਰਾਣਾ ਨਾਲ ਮੌਜੂਦ ਸਨ | ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਲਈ ਆਟੋਮੇਟਿਡ ਮਲਟੀ-ਵੈਜੀਟੇਬਲ ਟ੍ਰਾਂਸਪਲਾਂਟਰ ਦਾ ਡਿਜਾਈਨ ਵਿਕਸਤ ਕੀਤਾ ਸੀ | ਜੌਨ ਡੀਅਰ, ਐੱਸ ਏ ਈ ਇੰਡੀਆ, ਮਹਿੰਦਰਾ ਅਤੇ ਮਹਿੰਦਰਾ, ਕਮਿੰਸ ਅਤੇ ਇਹ ਏ ਆਰ ਏ ਆਈ ਦੇ ਜੱਜਾਂ ਦੀ ਇੱਕ ਟੀਮ ਨੇ ਵੱਖ-ਵੱਖ ਸਥਿਤੀਆਂ ਵਿੱਚ ਇਸ ਮਸੀਨ ਦਾ ਚੰਗੀ ਤਰ੍ਹਾਂ ਮੁਲਾਂਕਣ ਕੀਤਾ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਅਨੁਸਾਸ਼ਨ, ਸਮਰਪਣ ਅਤੇ ਲਗਨ ਦੀ ਪ੍ਰਸ਼ੰਸ਼ਾਂ ਕੀਤੀ | ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇ ਇੰਜਨੀਅਰਾਂ ਨੇ ਹਮੇਸ਼ਾਂ ਯੂਨੀਵਰਸਿਟੀ ਲਈ ਮਾਣ ਦੀਆਂ ਘੜੀਆਂ ਜਿੱਤੀਆਂ ਹਨ | ਉਹਨਾਂ ਇਸ ਮਸ਼ੀਨ ਦੇ ਪੇਟੈਂਟ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ | ਖੇਤੀਬਾੜੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ.ਐਚ.ਐਸ.ਸਿੱਧੂ ਨੇ ਟੀਮ ਨੂੰ ਸਾਨਦਾਰ ਯਤਨਾਂ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੀ ਵੱਡੀ ਸਫਲਤਾ ਦੀ ਕਾਮਨਾ ਕੀਤੀ| ਉਨ੍ਹਾਂ ਦੱਸਿਆ ਕਿ ਪੀਏਯੂ ਦੇ ਖੇਤੀਬਾੜੀ ਇੰਜੀਨੀਅਰ ਅਕਾਦਮਿਕ ਅਤੇ ਰਾਸਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਨਿਰੰਤਰ ਸ਼ਾਨਦਾਰ ਪ੍ਰਦਰਸਨ ਕਰ ਰਹੇ ਹਨ| ਉਹਨਾਂ ਦੱਸਿਆ ਕਿ ਬੀ ਟੈੱਕ ਵਿਦਿਆਰਥੀਆਂ ਦੀ ਟੀਮ ਤੀਜੇ ਅਤੇ ਆਖਰੀ ਸਾਲ ਦੇ ਨਾਲ-ਨਾਲ ਦੂਜੇ ਸਾਲ ਦੇ ਵਿਦਿਆਰਥੀਆਂ ਨੂੰ ਚੁਣ ਕੇ ਬਣਾਈ ਗਈ ਸੀ | ਡਾ. ਸਿੱਧੂ ਨੇ ਆਸ ਪ੍ਰਗਟਾਈ ਕਿ ਇਸ ਟੀਮ ਤੋਂ ਪ੍ਰੇਰਿਤ ਹੋ ਕੇ ਆਉਣ ਵਾਲੇ ਸਾਲਾਂ ਵਿੱਚ ਵਿਦਿਆਰਥੀ ਹੋਰ ਖੋਜਾਂ ਨਾਲ ਜੁੜਨਗੇ | ਡਾ. ਸਤੀਸ ਕੁਮਾਰ ਗੁਪਤਾ, ਡਾ. ਅਨੂਪ ਦੀਕਸ਼ਿਤ ਅਤੇ ਡਾ. ਰੋਹਨੀਸ਼ ਖੁਰਾਣਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਕੁੱਲ 31 ਟੀਮਾਂ ਨੇ ਭਾਗ ਲਿਆ ਸੀ ਜਿਨ੍ਹਾਂ ਵਿੱਚੋਂ 20 ਟੀਮਾਂ ਆਖਰੀ ਗੇੜ ਦੇ ਮੁਕਾਬਲੇ ਵਿੱਚ ਦਾਖਲ ਹੋਈਆਂ | ਇਸ ਮੌਕੇ ਜੇਤੂ ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ 10 ਮਹੀਨਿਆਂ ਦੌਰਾਨ ਬਹੁਤ ਸਖਤ ਮਿਹਨਤ ਕਰਕੇ ਸਾਰੀਆਂ ਪਰਖ ਘੜੀਆਂ ਨੂੰ ਪਾਰ ਕੀਤਾ | ਉਹਨਾਂ ਕਿਹਾ ਕਿ ਇਸ ਮਸ਼ੀਨ ਲਈ ਆਰਥਿਕ ਸਾਧਨ ਜਟਾਉਣੇ ਅਤੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣਾ ਔਖਾ ਕੰਮ ਸੀ ਪਰ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਆਪਣੇ ਕੰਮ ਨੂੰ ਸਫਲਤਾ ਨਾਲ ਕਰ ਸਕੇ ਹਨ |
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)