ਮੁੱਖ ਮੰਤਰੀ ਸਿਹਤ ਯੋਜਨਾ ਨੇ ਲੰਬੇ ਸਮੇਂ ਤੱਕ ਚੱਲਣ ਵਾਲੇ ਛਾਤੀ ਦੇ ਕੈਂਸਰ ਦੇ ਇਲਾਜ ਵਿੱਚ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਕੀਤੀ ਮਦਦ; ਪੰਜਾਬ ਭਰ ਵਿੱਚ ₹26.59 ਕਰੋੜ ਦੇ ਛਾਤੀ ਦੇ ਕੈਂਸਰ ਦੇ 15,494 ਇਲਾਜ
Aug24,2026
| Narinder Kumar | Chandigarh
*ਵਿੱਤੀ ਤੰਗੀ ਕਾਰਨ ਯੋਗ ਮਰੀਜ਼ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ: ਡਾ. ਬਲਬੀਰ ਸਿੰਘ*
*ਛਾਤੀ ਦੇ ਕੈਂਸਰ ਦਾ ਇਲਾਜ ਸਾਲਾਂ ਤੱਕ ਚੱਲ ਸਕਦਾ ਹੈ, ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਪਰਿਵਾਰਾਂ ਨੂੰ ਇਲਾਜ ਪੂਰਾ ਕਰਵਾਉਣ ਵਿੱਚ ਮਦਦ ਕਰਦੀ ਹੈ: ਡਾ. ਕਰੁਣਾ ਸਿੰਘ, ਪ੍ਰੋਫੈਸਰ ਅਤੇ ਮੁਖੀ, ਰੇਡੀਏਸ਼ਨ ਔਨਕੋਲੋਜੀ, ਐਡਵਾਂਸਡ ਕੈਂਸਰ ਇੰਸਟੀਚਿਊਟ*
ਛਾਤੀ ਦੇ ਕੈਂਸਰ ਦਾ ਇਲਾਜ ਸਿਰਫ਼ ਸਰਜਰੀ ਅਤੇ ਕੀਮੋਥੈਰੇਪੀ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਕੁਝ ਮਰੀਜ਼ਾਂ ਨੂੰ ਰੇਡੀਏਸ਼ਨ, ਟਾਰਗੇਟਿਡ ਜਾਂ ਹਾਰਮੋਨ ਥੈਰੇਪੀ ਦੇ ਨਾਲ ਲੰਬੇ ਸਮੇਂ ਤੱਕ ਫਾਲੋ-ਅੱਪ ਦੀ ਵੀ ਲੋੜ ਪੈ ਸਕਦੀ ਹੈ। ਯੋਗ ਲਾਭਪਾਤਰੀਆਂ ਲਈ, ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਰਾਹੀਂ ਪ੍ਰਤੀ ਪਰਿਵਾਰ ਪ੍ਰਤੀ ਸਾਲ ₹10 ਲੱਖ ਤੱਕ ਦੀ ਕੈਸ਼ਲੈੱਸ ਇਲਾਜ ਸਹੂਲਤ ਪ੍ਰਦਾਨ ਕਰਕੇ ਇਲਾਜ ਜਾਰੀ ਰੱਖਣ ਵਿੱਚ ਆਉਣ ਵਾਲੀ ਇੱਕ ਵੱਡੀ ਰੁਕਾਵਟ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ।
ਛਾਤੀ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਛਾਤੀ ਵਿੱਚ ਅਸਧਾਰਨ ਕੋਸ਼ਿਕਾਵਾਂ ਬੇਕਾਬੂ ਢੰਗ ਨਾਲ ਵਧਣ ਅਤੇ ਵੰਡਣ ਲੱਗ ਪੈਂਦੀਆਂ ਹਨ। ਇਹ ਭਾਰਤ ਵਿੱਚ ਔਰਤਾਂ ਵਿੱਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫੋਰਮੈਟਿਕਸ ਐਂਡ ਰਿਸਰਚ (ਆਈਸੀਐਮਆਰ-ਐਨਸੀਡੀਆਈਆਰ) ਦੇ ਅਨੁਸਾਰ, ਸਾਲ 2022 ਵਿੱਚ ਭਾਰਤ ਵਿੱਚ ਅੰਦਾਜ਼ਨ 2,16,108 ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਪਛਾਣ ਹੋਈ ਸੀ, ਜਦਕਿ ਸਾਲ 2025 ਵਿੱਚ ਇਹ ਗਿਣਤੀ ਵਧ ਕੇ 2,32,832 ਹੋਣ ਦਾ ਅਨੁਮਾਨ ਸੀ। ਪ੍ਰੋਗਰਾਮ ਦੇ ਅਨੁਮਾਨ ਅਨੁਸਾਰ, 74 ਸਾਲ ਦੀ ਉਮਰ ਤੱਕ ਹਰ 29 ਭਾਰਤੀ ਔਰਤਾਂ ਵਿੱਚੋਂ ਇੱਕ ਨੂੰ ਆਪਣੇ ਜੀਵਨਕਾਲ ਦੌਰਾਨ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਿੱਤੀ ਮੁਸ਼ਕਲ ਯੋਗ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਹਾਸਲ ਕਰਨ ਤੋਂ ਨਾ ਰੋਕੇ। ਉਨ੍ਹਾਂ ਕਿਹਾ, “ਕਿਸੇ ਵੀ ਤਰ੍ਹਾਂ ਦੀ ਵਿੱਤੀ ਤੰਗੀ ਕਾਰਨ ਯੋਗ ਮਰੀਜ਼ ਮਿਆਰੀ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ।”
ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਵਿਖੇ ਰੇਡੀਏਸ਼ਨ ਔਨਕੋਲੋਜੀ ਦੀ ਪ੍ਰੋਫੈਸਰ ਅਤੇ ਮੁਖੀ ਡਾ. ਕਰੁਣਾ ਸਿੰਘ ਨੇ ਕਿਹਾ ਕਿ ਇਲਾਜ ਦੀ ਪੂਰੀ ਪ੍ਰਕਿਰਿਆ ਕਈ ਮਹੀਨਿਆਂ ਤੱਕ ਚੱਲ ਸਕਦੀ ਹੈ ਅਤੇ ਕੁਝ ਮਰੀਜ਼ਾਂ ਲਈ ਇਹ ਮਿਆਦ ਕਾਫ਼ੀ ਲੰਬੀ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ, “ਛਾਤੀ ਦੇ ਕੈਂਸਰ ਦਾ ਇਲਾਜ ਲੰਬਾ ਚੱਲ ਸਕਦਾ ਹੈ ਅਤੇ ਕੁਝ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਥੈਰੇਪੀ ਅਤੇ ਫਾਲੋ-ਅੱਪ ਦੀ ਲੋੜ ਹੁੰਦੀ ਹੈ। ਛਾਤੀ ਦੇ ਕੈਂਸਰ ਦੇ ਇਲਾਜ ਦਾ ਸ਼ੁਰੂਆਤੀ ਪੜਾਅ ਕਈ ਮਹੀਨਿਆਂ ਤੱਕ ਚੱਲ ਸਕਦਾ ਹੈ, ਜਦਕਿ ਕੁਝ ਮਰੀਜ਼ਾਂ ਨੂੰ ਟਾਰਗੇਟਿਡ ਜਾਂ ਹਾਰਮੋਨਲ ਥੈਰੇਪੀ ਦੇ ਨਾਲ ਸਾਲਾਂ ਤੱਕ ਫਾਲੋ-ਅੱਪ ਦੀ ਲੋੜ ਪੈ ਸਕਦੀ ਹੈ।”
ਇਸ ਤੋਂ ਬਾਅਦ ਵੀ ਨਿਯਮਿਤ ਫਾਲੋ-ਅੱਪ ਸਾਲਾਂ ਤੱਕ ਜਾਰੀ ਰਹਿ ਸਕਦੇ ਹਨ, ਜਿਸ ਦੌਰਾਨ ਸਿਹਤਯਾਬੀ, ਇਲਾਜ ਦੇ ਮਾੜੇ ਪ੍ਰਭਾਵਾਂ ਅਤੇ ਬੀਮਾਰੀ ਦੇ ਮੁੜ ਹੋਣ ਦੇ ਸੰਕੇਤਾਂ ’ਤੇ ਨਜ਼ਰ ਰੱਖਣ ਲਈ ਕਲੀਨਿਕਲ ਜਾਂਚਾਂ ਅਤੇ ਲੋੜੀਂਦੇ ਟੈਸਟ ਕੀਤੇ ਜਾਂਦੇ ਹਨ।
ਡਾ. ਕਰੁਣਾ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਲਾਜ ਬੀਮਾਰੀ ਦੀ ਅਵਸਥਾ ਅਤੇ ਇਸ ਦੀਆਂ ਜੈਵਿਕ ਵਿਸ਼ੇਸ਼ਤਾਵਾਂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ, “ਲੋਕੋਰੀਜਨਲ ਬੀਮਾਰੀ ਦੇ ਮਾਮਲੇ ਵਿੱਚ ਇਲਾਜ ਵਿੱਚ ਕੀਮੋਥੈਰੇਪੀ, ਸਰਜਰੀ ਅਤੇ ਰੇਡੀਏਸ਼ਨ ਥੈਰੇਪੀ ਸ਼ਾਮਲ ਹੋ ਸਕਦੀ ਹੈ ਅਤੇ ਲੋੜ ਪੈਣ ’ਤੇ ਹਾਰਮੋਨ ਥੈਰੇਪੀ ਵੀ ਦਿੱਤੀ ਜਾ ਸਕਦੀ ਹੈ। ਮੈਟਾਸਟੈਟਿਕ ਬੀਮਾਰੀ ਵਿੱਚ ਮਰੀਜ਼ ਦੀ ਵਿਅਕਤੀਗਤ ਸਥਿਤੀ ਦੇ ਆਧਾਰ ’ਤੇ ਇਮਿਊਨੋਥੈਰੇਪੀ ਦੇ ਨਾਲ ਜਾਂ ਇਸ ਤੋਂ ਬਿਨਾਂ ਕੀਮੋਥੈਰੇਪੀ ਦੀ ਵਰਤੋਂ ਕੀਤੀ ਜਾ ਸਕਦੀ ਹੈ।”
ਪੰਜਾਬ ਰਾਜ ਸਿਹਤ ਏਜੰਸੀ (ਐਸਐਚਏ) ਦੇ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ ₹26.59 ਕਰੋੜ ਦੀ ਲਾਗਤ ਵਾਲੇ ਛਾਤੀ ਦੇ ਕੈਂਸਰ ਦੇ 15,494 ਇਲਾਜ ਕੀਤੇ ਗਏ ਹਨ। ਦਰਜ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ 50–59 ਸਾਲ ਉਮਰ ਵਰਗ ਦੀਆਂ ਔਰਤਾਂ ਵਿੱਚ ਰਹੀ, ਜਿਨ੍ਹਾਂ ਦੇ 4,515 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ 40–49 ਸਾਲ ਉਮਰ ਵਰਗ ਵਿੱਚ 4,141 ਅਤੇ 60–69 ਸਾਲ ਉਮਰ ਵਰਗ ਵਿੱਚ 3,557 ਮਾਮਲੇ ਦਰਜ ਹੋਏ। ਇਸੇ ਤਰ੍ਹਾਂ, 30–39 ਸਾਲ ਉਮਰ ਵਰਗ ਵਿੱਚ 1,332 ਮਾਮਲੇ ਦਰਜ ਕੀਤੇ ਗਏ। 40–69 ਸਾਲ ਦੇ ਉਮਰ ਵਰਗਾਂ ਵਿੱਚ ਕੁੱਲ 12,213 ਇਲਾਜ ਦਰਜ ਕੀਤੇ ਗਏ।
ਸਰਕਾਰੀ ਮੈਡੀਕਲ ਕਾਲਜ ਅਤੇ ਸਟੇਟ ਕੈਂਸਰ ਇੰਸਟੀਚਿਊਟ, ਅੰਮ੍ਰਿਤਸਰ ਵਿਖੇ ਰੇਡੀਏਸ਼ਨ ਔਨਕੋਲੋਜੀ ਦੇ ਐਸੋਸੀਏਟ ਪ੍ਰੋਫੈਸਰ ਡਾ. ਮਨਰਾਜ ਸਿੰਘ ਕੰਗ ਨੇ ਦੱਸਿਆ ਕਿ ਇਲਾਜ ਵਿੱਚ ਸਰਜਰੀ, ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ (ਜਿਸ ਵਿੱਚ VMAT, 3D, IMRT, IGRT ਅਤੇ ਬ੍ਰੈਕੀਥੈਰੇਪੀ ਸ਼ਾਮਲ ਹਨ), ਹਾਰਮੋਨਲ ਥੈਰੇਪੀ ਅਤੇ ਇਮਿਊਨੋਥੈਰੇਪੀ ਸ਼ਾਮਲ ਹਨ।
ਕਈ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਸਬੰਧ ਜੈਨੇਟਿਕ ਕਾਰਕਾਂ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ, “ਜੇ ਇਹ 30–40 ਸਾਲ ਦੀ ਉਮਰ ਵਿੱਚ, ਖ਼ਾਸ ਕਰਕੇ ਮੀਨੋਪੌਜ਼ ਤੋਂ ਪਹਿਲਾਂ ਹੁੰਦਾ ਹੈ, ਤਾਂ ਇਹ ਵਧੇਰੇ ਗੰਭੀਰ ਰੂਪ ਵਾਲਾ, ਹਾਰਮੋਨ ਰਿਸੈਪਟਰ ਨੇਗੇਟਿਵ ਜਾਂ ਟ੍ਰਿਪਲ ਨੇਗੇਟਿਵ ਹੋ ਸਕਦਾ ਹੈ। ਇਸ ਦੇ ਉਲਟ, 50 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਇਹ ਹਾਰਮੋਨ ਪਾਜ਼ੀਟਿਵ ਹੁੰਦਾ ਹੈ, ਆਮ ਤੌਰ ’ਤੇ ਘੱਟ ਗੰਭੀਰ ਹੁੰਦਾ ਹੈ ਅਤੇ ਇਸ ਦਾ ਪੂਰਵ-ਅਨੁਮਾਨ ਅਕਸਰ ਬਿਹਤਰ ਹੁੰਦਾ ਹੈ, ਖ਼ਾਸ ਕਰਕੇ ਸਟੇਜ 1–3 ਵਿੱਚ।”
ਡਾ. ਕੰਗ ਨੇ ਅੱਗੇ ਕਿਹਾ, “ਸਰਜਰੀ ਦੇ ਦੋ ਮੁੱਖ ਵਿਕਲਪ ਹਨ: ਬ੍ਰੈਸਟ-ਕਨਜ਼ਰਵਿੰਗ ਸਰਜਰੀ, ਜਿਸ ਦਾ ਉਦੇਸ਼ ਛਾਤੀ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਜੋ ਸਟੇਜ 1–3 ਵਿੱਚ ਸੰਭਵ ਹੋ ਸਕਦੀ ਹੈ, ਅਤੇ ਮੋਡੀਫਾਈਡ ਰੈਡੀਕਲ ਮਾਸਟੈਕਟੋਮੀ (MRM)। ਇਲਾਜ ਦੀ ਚੋਣ ਬਾਇਓਪਸੀ ਦੇ ਨਤੀਜੇ, ਟਿਊਮਰਾਂ ਦੀ ਗਿਣਤੀ ਅਤੇ ਆਕਾਰ, ਲਿੰਫ ਨੋਡਜ਼ ਦੀ ਸ਼ਮੂਲੀਅਤ ਅਤੇ ਟਿਊਮਰ ਦੀਆਂ ਹੋਰ ਵਿਸ਼ੇਸ਼ਤਾਵਾਂ ਵਰਗੇ ਕਾਰਕਾਂ ’ਤੇ ਨਿਰਭਰ ਕਰਦੀ ਹੈ।”
ਸੰਗਰੂਰ ਦੀ ਰਹਿਣ ਵਾਲੀ ਰਾਜਿੰਦਰ ਕੌਰ ਨੇ ਟਾਟਾ ਮੈਮੋਰੀਅਲ ਹਸਪਤਾਲ ਵਿੱਚ ਕ੍ਰਾਇਓਪਲਾਸਟੀ ਦੇ ਨਾਲ ਬ੍ਰੈਸਟ-ਕਨਜ਼ਰਵਿੰਗ ਸਰਜਰੀ ਕਰਵਾਈ। ਉਨ੍ਹਾਂ ਦੇ ਪਤੀ ਪਰਬੂ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਸਾਡੇ ਪਰਿਵਾਰ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਰਹੀ। ਮੇਰੀ ਪਤਨੀ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਬਿਹਤਰੀਨ ਇਲਾਜ ਮਿਲਿਆ। ਅਜਿਹੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਸੀਂ ਸਰਕਾਰ ਦੇ ਧੰਨਵਾਦੀ ਹਾਂ।”
ਡਾ. ਕਰੁਣਾ ਸਿੰਘ ਨੇ ਕਿਹਾ ਕਿ ਵਿੱਤੀ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਖ਼ਾਸ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ, “ਇਨ੍ਹਾਂ ਵਿੱਚੋਂ ਬਹੁਤੇ ਮਰੀਜ਼ ਇਸ ਸਹਾਇਤਾ ਨਾਲ ਆਪਣਾ ਇਲਾਜ ਪੂਰਾ ਕਰ ਪਾਉਂਦੇ ਹਨ।” ਉਨ੍ਹਾਂ ਕਿਹਾ ਕਿ ਯੋਜਨਾ ਦੀ ਮਹੱਤਤਾ ਡਾਕਟਰੀ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਨਹੀਂ, ਸਗੋਂ ਇਲਾਜ ਪੂਰਾ ਕਰਨ ਵਿੱਚ ਆਉਣ ਵਾਲੀ ਵਿੱਤੀ ਮੁਸ਼ਕਲ ਨੂੰ ਰੁਕਾਵਟ ਬਣਨ ਤੋਂ ਰੋਕਣ ਵਿੱਚ ਹੈ।
ਲੰਬੇ ਸਮੇਂ ਤੱਕ ਚੱਲਣ ਵਾਲੇ ਕੈਂਸਰ ਦੇ ਇਲਾਜ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਅਜਿਹੀ ਸਹਾਇਤਾ ਦਾ ਮਤਲਬ ਘੱਟ ਵਿੱਤੀ ਦਬਾਅ, ਇਲਾਜ ਪੂਰਾ ਕਰਨ ’ਤੇ ਵਧੇਰੇ ਧਿਆਨ, ਫਾਲੋ-ਅੱਪ ਜਾਰੀ ਰੱਖਣ ਅਤੇ ਸਿਹਤਯਾਬੀ ਵੱਲ ਅੱਗੇ ਵਧਣ ਵਿੱਚ ਮਦਦ ਹੋ ਸਕਦਾ ਹੈ।
mukh-mantri-sehat-yojana-helps-remove-financial-barriers-to-prolonged-breast-cancer-treatment-15-494-breast-cancer-treatments-worth-26-59-crore-across-punjab