ਬੰਗਲਾਦੇਸ਼ ਹਿੰਸਾ ਨੂੰ ਲੈ ਕੇ ਨਵੀਂ ਦਿੱਲੀ 'ਚ ਸਰਬ ਪਾਰਟੀ ਬੈਠਕ ਹੋਈ। ਇਸ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਜੈਸ਼ੰਕਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਤੋਂ ਲਲਨ ਸਿੰਘ, ਰਾਮ ਗੋਪਾਲ ਯਾਦਵ ਤੇ ਕਈ ਹੋਰ ਨੇਤਾ ਸ਼ਾਮਲ ਹੋਏ। ਵਿਰੋਧੀ ਧਿਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਮੁੱਦੇ 'ਤੇ ਸਰਕਾਰ ਦੇ ਫੈਸਲੇ ਦਾ ਸਮਰਥਨ ਕਰੇਗੀ।ਵਿਦੇਸ਼ ਮੰਤਰੀ ਨੇ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਿਰੋਧੀ ਧਿਰ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਕਿਹਾ ਹੈ ਕਿ ਉਨ੍ਹਾਂ ਨੇ ਸੰਸਦ 'ਚ ਸਰਬ ਪਾਰਟੀ ਬੈਠਕ 'ਚ ਬੰਗਲਾਦੇਸ਼ 'ਚ ਚੱਲ ਰਹੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਮੈਂ ਵਿਰੋਧੀ ਧਿਰ ਦੁਆਰਾ ਦਿੱਤੇ ਗਏ ਸਮਰਥਨ ਤੇ ਸਮਝ ਦੀ ਸ਼ਲਾਘਾ ਕਰਦਾ ਹਾਂ।
ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਅਜੇ ਅਜਿਹੀ ਸਥਿਤੀ ਪੈਦਾ ਨਹੀਂ ਹੋਈ ਕਿ ਭਾਰਤੀਆਂ ਨੂੰ ਬੰਗਲਾਦੇਸ਼ ਤੋਂ ਏਅਰਲਿਫਟ ਕਰਨਾ ਪਵੇ। ਅੱਗੇ ਦੀ ਸਥਿਤੀ ਉਪਰ ਤਿੱਖੀ ਨਜ਼ਰ ਰੱਖ ਰਹੇ ਹਾਂ। ਸਾਡੇ ਉੱਥੇ 12 ਤੋਂ 13 ਹਜ਼ਾਰ ਭਾਰਤੀ ਹਨ। ਸ਼ੇਖ ਹਸੀਨਾ ਭਾਰਤ 'ਚ ਰਹੇਗੀ ਜਾਂ ਕਿਸੇ ਹੋਰ ਦੇਸ਼ 'ਚ ਸਿਆਸੀ ਸ਼ਰਨ ਲਵੇਗੀ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਇੱਥੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਸਰਕਾਰ ਵੱਲੋਂ ਸਰਬ ਪਾਰਟੀ ਬੈਠਕ ਬੁਲਾਉਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਅਸੀਂ ਵਿਦੇਸ਼ੀ ਮੁੱਦਿਆਂ 'ਤੇ ਇਕਜੁੱਟ ਹਾਂ।ਦੱਸ ਦਈਏ ਕਿ ਜਦੋਂ 1971 ਵਿੱਚ ਬੰਗਲਾਦੇਸ਼ ਆਜ਼ਾਦ ਹੋਇਆ ਸੀ ਤਾਂ ਉੱਥੇ 80 ਫੀਸਦੀ ਕੋਟਾ ਸਿਸਟਮ ਲਾਗੂ ਕੀਤਾ ਗਿਆ ਸੀ। ਇਸ ਵਿੱਚ ਪਛੜੇ ਜ਼ਿਲ੍ਹਿਆਂ ਲਈ 40 ਫੀਸਦੀ ਰਾਖਵਾਂਕਰਨ, ਆਜ਼ਾਦੀ ਘੁਲਾਟੀਆਂ ਦੇ ਬੱਚਿਆਂ ਲਈ 30 ਫੀਸਦੀ ਤੇ ਔਰਤਾਂ ਲਈ 10 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਸੀ। ਜਦੋਂਕਿ ਜਨਰਲ ਵਿਦਿਆਰਥੀਆਂ ਲਈ ਸਿਰਫ਼ 20 ਫ਼ੀਸਦੀ ਸੀਟਾਂ ਹੀ ਰੱਖੀਆਂ ਗਈਆਂ ਸਨ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)