ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਦਾੜ੍ਹੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਉਪਰ ਪੰਜਾਬ ਵਿੱਚ ਸਿਆਸੀ ਪਾਰਾ ਚੜ੍ਹ ਗਿਆ ਹੈ। ਇਸ ਮੁੱਦੇ -ਤੇ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਮੁੱਖ ਮੰਤਰੀ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ। ਦੂਜੇ ਪਾਸੇ ਇਸ ਮੁੱਦੇ ਉਪਰ ਪਾਇਲ ਤੋਂ -ਆਪ- ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ ਦਿੱਤੀ ਹੈ। ਗਿਆਸਪੁਰਾ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੇ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਹਨ। ਵੋਟਾਂ ਦੀ ਰਾਜਨੀਤੀ ਵਿੱਚ ਸੁਖਬੀਰ ਬਾਦਲ ਆਪਣਾ ਰੂਪ ਬਦਲਦੇ ਹਨ। ਓਹ ਸਿੱਖੀ ਦੇ ਰੂਪ ਚ ਬਹਿਰੂਪੀਆ ਹਨ। ਅੱਜ ਤੋਂ ਪਹਿਲਾਂ ਸੁਖਬੀਰ ਬਾਦਲ ਆਪਣੀ ਦਾੜ੍ਹੀ ਬੰਨ੍ਹ ਕੇ ਰੱਖਦੇ ਸੀ। ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਦੇ ਮਕਸਦ ਲਈ ਦਾੜ੍ਹੀ ਖੋਲ੍ਹ ਲਈ ਗਈ। ਗਿਆਸਪੁਰਾ ਨੇ ਇੱਥੋਂ ਤੱਕ ਕਿਹਾ ਕਿ ਸੁਖਬੀਰ ਬਾਦਲ ਸ਼੍ਰੀ ਸਾਹਿਬ ਵੀ ਆਪਣੀ ਮਰਜ਼ੀ ਅਨੁਸਾਰ ਪਾਉਂਦੇ ਹਨ। ਜੇਕਰ ਸੱਚਮੁੱਚ ਸੁਖਬੀਰ ਬਾਦਲ ਪੂਰਨ ਸਿੱਖ ਹਨ ਤਾਂ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਸੁਣਾ ਦੇਣ। ਸੰਗਤ ਨੂੰ ਵੀ ਪਤਾ ਲੱਗ ਜਾਵੇਗਾ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਸੁਖਬੀਰ ਕੁਝ ਕਾਲਾ-ਪੀਲਾ ਵੀ ਖਾਂਦੇ ਹਨ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅੱਜ ਅਕਾਲੀ ਦਲ ਸਿੱਖ ਪੰਥ ਨੂੰ ਖ਼ਤਰੇ ਚ ਹੋਣ ਦੀ ਗੱਲ ਆਖ ਕੇ ਰਾਜਨੀਤੀ ਕਰ ਰਿਹਾ ਹੈ। ਜਦੋਂ ਬਾਦਲ ਸੱਤਾ ਚ ਹੁੰਦੇ ਹਨ ਓਦੋਂ ਪੰਥ ਖ਼ਤਰੇ ਚ ਨਹੀਂ ਹੁੰਦਾ। ਜਦੋਂ ਕੁਰਸੀ ਤੋਂ ਉਤਰ ਜਾਂਦੇ ਹਨ ਪੰਥ ਖ਼ਤਰੇ ਚ ਹੋ ਜਾਂਦਾ ਹੈ। ਪੰਥ ਨਹੀਂ, ਸੁਖਬੀਰ ਬਾਦਲ ਐਂਡ ਕੰਪਨੀ ਖਤਰੇ -ਚ ਹੈ। ਇਸੇ ਲਈ ਅਕਾਲੀ ਦਲ ਇਸ ਮਾਮਲੇ ਨੂੰ ਤੂਲ ਦੇ ਕੇ ਆਪ ਨੂੰ ਬਦਨਾਮ ਕਰ ਰਿਹਾ ਹੈ। ਕਿਸੇ ਵੀ ਸਿੱਖ ਨੇ ਮੁੱਖ ਮੰਤਰੀ ਦੀ ਟਿੱਪਣੀ ਨੂੰ ਗਲਤ ਨਹੀਂ ਕਿਹਾ। ਵਿਧਾਇਕ ਗਿਆਸਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ -ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਪੈਰੀਂ ਬੈਠ ਕੇ ਖੁਸ਼ੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਹੀ ਜਥੇਦਾਰ ਬਣਾਇਆ ਜਾਂਦਾ ਹੈ। ਕੱਲ੍ਹ ਨੂੰ ਵਲਟੋਹਾ ਦੀ ਪਰਚੀ ਵੀ ਜੇਬ -ਚੋਂ ਨਿਕਲ ਸਕਦੀ ਹੈ, ਇਹ ਕੋਈ ਵੱਡੀ ਗੱਲ ਨਹੀਂ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)