kejriwal-appealed-to-the-people-of-punjab-said-give-us-13-seats-out-of-all-13-then-punjab-will-resonate-in-the-lok-sabha

ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਕੀਤੀ ਅਪੀਲ, ਕਿਹਾ- ਸਾਨੂੰ ਸਾਰੀਆਂ 13 ਦੀਆਂ 13 ਸੀਟਾਂ ਦਿਓ, ਫੇਰ ਲੋਕ ਸਭਾ 'ਚ ਗੂੰਜੇਗਾ ਪੰਜਾਬ

ਪਹਿਲਾਂ ਪੰਜਾਬ 'ਚ ਉਦਯੋਗਾਂ ਦੀ ਹਾਲਤ ਬਹੁਤ ਮਾੜੀ ਸੀ, ਉਦਯੋਗ ਬਾਹਰ ਜਾ ਰਹੇ ਸਨ, ਪਰ ਹੁਣ 'ਆਪ' ਸਰਕਾਰ 'ਚ ਵਾਪਸ ਆਉਣ ਲੱਗੇ ਹਨ - ਕੇਜਰੀਵਾਲ

ਸਾਡੀ ਸਰਕਾਰ ਨੇ ਵਪਾਰੀਆਂ ਦੇ ਕਈ ਮਸਲੇ ਹੱਲ ਕੀਤੇ ਹਨ, ਕਈਆਂ 'ਤੇ ਕੰਮ ਚੱਲ ਰਿਹਾ ਹੈ-ਕੇਜਰੀਵਾਲ

May28,2024 | Narinder Kumar | Ludhiana

*ਮੋਦੀ-ਸ਼ਾਹ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ 'ਚ ਵੜਨ ਨਹੀਂ ਦਿੱਤਾ, ਸੜਕਾਂ 'ਤੇ ਮੇਖ਼ਾਂ ਲਾਈਆਂ, ਅੰਦੋਲਨ 'ਚ 750 ਕਿਸਾਨ ਮਰੇ, ਹੁਣ ਪੰਜਾਬੀਆਂ ਨੂੰ ਸਰਕਾਰ ਡੇਗਣ ਦੀਆਂ ਧਮਕੀਆਂ ਦੇ ਰਹੇ ਹਨ - ਅਰਵਿੰਦ ਕੇਜਰੀਵਾਲ


*ਭਾਜਪਾ ਵਾਲੇ ਐਨੇ ਹੰਕਾਰੀ ਹੋ ਗਏ ਹਨ ਕਿ ਉਹ ਨਰਿੰਦਰ ਮੋਦੀ ਨੂੰ ਭਗਵਾਨ ਤੋਂ ਉੱਪਰ ਸਮਝਣ ਲੱਗ ਪਏ ਹਨ – ਕੇਜਰੀਵਾਲ




ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਲੁਧਿਆਣਾ ਵਿੱਚ ਇੱਕ ਵਪਾਰੀ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ‘ਆਪ’ ਉਮੀਦਵਾਰ ਤੁਹਾਡੇ ਸਾਰੇ ਮੁੱਦੇ ਜ਼ੋਰਦਾਰ ਤਰੀਕੇ ਨਾਲ ਪਾਰਲੀਮੈਂਟ ਵਿੱਚ ਉਠਾਉਣਗੇ ਅਤੇ ਤੁਹਾਡੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਲੜਨਗੇ।


ਟਾਊਨ ਹਾਲ ਮੀਟਿੰਗ ਵਿੱਚ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਮੈਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਵਪਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਸਨ। ਅਸੀਂ ਹਰ ਸ਼ਹਿਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ 3 ਘੰਟੇ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ। ਇਸ ਤੋਂ ਬਾਅਦ ਭਗਵੰਤ ਮਾਨ ਨੇ ਹੁਸ਼ਿਆਰਪੁਰ, ਦਸੂਹਾ, ਦੀਨਾਨਗਰ, ਪਟਿਆਲਾ, ਮੋਗਾ ਅਤੇ ਪਠਾਨਕੋਟ ਜਾ ਕੇ ਕਾਰੋਬਾਰੀਆਂ ਨਾਲ ਮਿਲਣੀ ਕੀਤੀ।


ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਵਪਾਰ ਅਤੇ ਉਦਯੋਗ ਦੀ ਹਾਲਤ ਐਨੀ ਮਾੜੀ ਸੀ ਕਿ ਇੱਥੋਂ ਦੇ ਉਦਯੋਗ ਪੰਜਾਬ ਛੱਡ ਕੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਨੇੜਲੇ ਰਾਜਾਂ ਵਿੱਚ ਜਾ ਰਹੇ ਸਨ। ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚੋਂ ਉਦਯੋਗਾਂ ਦੇ ਜਾਣ ਦਾ ਸਿਲਸਿਲਾ ਖ਼ਤਮ ਹੋ ਗਿਆ ਹੈ ਅਤੇ ਉਦਯੋਗਾਂ ਦੇ ਪੰਜਾਬ ਵਿੱਚ ਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅੱਜ ਪੰਜਾਬ 'ਚ 56 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਵਿਦੇਸ਼ੀ ਕੰਪਨੀਆਂ ਵੀ ਹੁਣ ਇੱਥੇ ਉਦਯੋਗਿਕ ਜ਼ਮੀਨ ਖਰੀਦ ਰਹੀਆਂ ਹਨ। ਜਮਸ਼ੇਦਪੁਰ ਤੋਂ ਬਾਅਦ ਟਾਟਾ ਸਟੀਲ ਦਾ ਸਭ ਤੋਂ ਵੱਡਾ ਪਲਾਂਟ ਹੁਣ ਪੰਜਾਬ ਵਿੱਚ ਲਗਾਇਆ ਜਾ ਰਿਹਾ ਹੈ।


ਕੇਜਰੀਵਾਲ ਨੇ ਕਿਹਾ ਕਿ ਪਿਛਲੀ ਵਾਰ ਮੈਂ ਤੁਹਾਡੀਆਂ ਸਮੱਸਿਆਵਾਂ ਸੁਣਨ ਆਇਆ ਸੀ, ਪਰ ਇਸ ਵਾਰ ਤੁਹਾਡਾ ਸਮਰਥਨ ਮੰਗਣ ਆਇਆ ਹਾਂ। ਤੁਸੀਂ ਲੋਕਾਂ ਨੇ ਦੋ ਸਾਲ ਪਹਿਲਾਂ ਵਿਧਾਨ ਸਭਾ ਵਿੱਚ ਭਾਰੀ ਬਹੁਮਤ ਦਿੱਤਾ ਸੀ। ਇਹ ਲੋਕ ਸਭਾ ਚੋਣਾਂ ਹਨ। ਇਸ ਵਾਰ ਸਾਨੂੰ ਕੇਂਦਰ ਵਿੱਚ ਮਜ਼ਬੂਤ ਕਰੋ। ਸਾਰੀਆਂ 13 ਸੀਟਾਂ ਜਿੱਤਾ ਦਿਓ ਫਿਰ ਲੋਕ ਸਭਾ ਵਿੱਚ ਸਿਰਫ਼ ਪੰਜਾਬ ਹੀ ਗੂੰਜੇਗਾ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਸੰਸਦ ਮੈਂਬਰ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਣਗੇ ਅਤੇ ਕੇਂਦਰ ਨਾਲ ਸਬੰਧਿਤ ਸਾਰੇ ਮਸਲੇ ਹੱਲ ਕਰਵਾਉਣਗੇ। ਜਦੋਂ ਪੰਜਾਬ 'ਚ ਸਾਡੇ 13 ਸੰਸਦ ਮੈਂਬਰ ਹੋਣਗੇ ਤਾਂ ਕੇਂਦਰ ਸਰਕਾਰ ਪੰਜਾਬ ਦਾ 1 ਰੁਪਏ ਦਾ ਫੰਡ ਵੀ ਨਹੀਂ ਰੋਕ ਸਕੇਗੀ।


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਕਿਸਾਨ ਅੰਦੋਲਨ ਲਈ ਦਿੱਲੀ ਵੱਲ ਵਧੇ ਸਨ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ ਸੀ। ਉਨ੍ਹਾਂ ਨੂੰ ਬਾਰਡਰ 'ਤੇ ਰੋਕ ਲਿਆ। ਮੋਦੀ ਸਰਕਾਰ ਨੇ ਸੜਕਾਂ 'ਤੇ ਮੇਖ਼ਾਂ ਲਗਵਾ ਦਿੱਤੀਆਂ। ਵੱਡੇ ਬੁਲਡੋਜ਼ਰ ਤੈਨਾਤ ਕਰ ਦਿੱਤੇ ਗਏ। ਅੰਦੋਲਨ ਵਿੱਚ 750 ਕਿਸਾਨ ਮਾਰੇ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਕਿਸਾਨ ਪੰਜਾਬ ਤੋਂ ਸਨ। ਹੁਣ ਉਹ ਪੰਜਾਬੀਆਂ ਨੂੰ ਸਰਕਾਰ ਡੇਗਣ ਦੀਆਂ ਧਮਕੀਆਂ ਦੇ ਰਹੇ ਹਨ। ਇਸ ਲਈ ਇਸ ਵਾਰ ਅਜਿਹਾ ਬਟਨ ਦਬਾਓ ਕਿ ਭਾਜਪਾ ਅਤੇ ਨਰਿੰਦਰ ਮੋਦੀ ਦਿੱਲੀ ਤੋਂ ਬਾਹਰ ਹੋ ਜਾਣ। ਇਹ ਕਿਸਾਨ ਅੰਦੋਲਨ ਦਾ ਬਦਲਾ ਲੈਣ ਦਾ ਸਮਾਂ ਹੈ।


ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਦੇਸ਼ ਵਿੱਚ ਤਾਨਾਸ਼ਾਹੀ ਪੈਦਾ ਕਰ ਦਿੱਤੀ ਹੈ। 16 ਮਾਰਚ ਨੂੰ ਚੋਣਾਂ ਦਾ ਐਲਾਨ ਹੋਇਆ ਅਤੇ ਮੈਨੂੰ 21 ਮਾਰਚ ਵਾਲੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਮੋਦੀ ਜੀ ਨੂੰ ਡਰ ਸੀ ਕਿ ਜੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਕੇਜਰੀਵਾਲ ਦੇਸ਼ ਭਰ ਵਿੱਚ ਘੁੰਮੇਗਾ, ਜਿਸ ਨਾਲ ਮੇਰੀਆਂ ਸੀਟਾਂ ਘੱਟ ਜਾਣਗੀਆਂ, ਇਸ ਲਈ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰ ਦਿਓ।


ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਹਉਮੈ ਐਨੀ ਵੱਧ ਗਈ ਹੈ ਕਿ ਭਗਵਾਨ ਜਗਨਨਾਥ ਜਿਨ੍ਹਾਂ ਨੂੰ ਪੂਰੀ ਦੁਨੀਆ ਦਾ ਨਾਥ ਕਿਹਾ ਜਾਂਦਾ ਹੈ, ਨੂੰ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਭਗਵਾਨ ਜਗਨਨਾਥ ਮੋਦੀ ਜੀ ਦੇ ਭਗਤ ਹਨ। ਭਾਜਪਾ ਵਾਲੇ ਐਨੇ ਹੰਕਾਰੀ ਹੋ ਗਏ ਹਨ ਕਿ ਉਹ ਮੋਦੀ ਜੀ ਨੂੰ ਰੱਬ ਤੋਂ ਉੱਪਰ ਸਮਝਣ ਲੱਗ ਪਏ ਹਨ। ਕੁਝ ਦਿਨ ਪਹਿਲਾਂ ਹੀ ਮੋਦੀ ਜੀ ਆਪਣੇ ਇੰਟਰਵਿਊ ਵਿੱਚ ਕਹਿ ਰਹੇ ਸਨ ਕਿ ਉਹ (ਮੋਦੀ) ਆਪਣੀ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਇਆ। ਉਨ੍ਹਾਂ ਨੂੰ ਰੱਬ ਨੇ ਧਰਤੀ 'ਤੇ ਸਿੱਧਾ ਭੇਜਿਆ ਹੈ। ਮੋਦੀ ਰੱਬ ਦਾ ਅਵਤਾਰ ਹਨ। ਕੇਜਰੀਵਾਲ ਨੇ ਕਿਹਾ ਕਿ ਕੁਝ ਹੀ ਦਿਨਾਂ 'ਚ ਭਾਜਪਾ ਵਾਲੇ ਮੰਦਰਾਂ 'ਚੋਂ ਭਗਵਾਨ ਦੀ ਮੂਰਤੀ ਹਟਾ ਕੇ ਮੋਦੀ ਜੀ ਦੀ ਮੂਰਤੀ ਲਗਾ ਦੇਣਗੇ। ਕਿਹਾ ਜਾਂਦਾ ਹੈ ਕਿ ਮੋਦੀ ਜੀ ਭਗਵਾਨ ਰਾਮ ਨੂੰ ਲੈ ਕੇ ਆਏ ਹਨ। ਜਦੋਂ ਕਿ ਇਸ ਬ੍ਰਹਿਮੰਡ ਦੀ ਰਚਨਾ ਭਗਵਾਨ ਰਾਮ ਨੇ ਕੀਤੀ ਹੈ।


ਕੇਜਰੀਵਾਲ ਨੇ ਪੰਜਾਬ 'ਚ 'ਆਪ' ਸਰਕਾਰ ਦੇ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ਪਿਛਲੀ ਵਾਰ ਜਦੋਂ ਅਸੀਂ ਚੋਣ ਪ੍ਰਚਾਰ ਲਈ ਜਾਂਦੇ ਸੀ ਤਾਂ ਮੈਂ ਕਿਹਾ ਸੀ ਕਿ ਮੈਂ ਦਿੱਲੀ 'ਚ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਹਨ, ਮੈਂ ਤੁਹਾਡੇ ਲਈ ਵੀ ਅਜਿਹਾ ਹੀ ਕਰਾਂਗਾ। ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਬਿਜਲੀ ਦਾ ਬਿੱਲ ਜ਼ੀਰੋ ਹੋ ਸਕਦਾ ਹੈ। ਹੁਣ ਬਿਜਲੀ 24 ਘੰਟੇ ਮਿਲਦੀ ਹੈ ਅਤੇ ਬਿੱਲ ਜ਼ੀਰੋ ਆ ਰਿਹਾ ਹੈ। ਪੂਰੇ ਦੇਸ਼ ਵਿੱਚ ਕਿਤੇ ਵੀ ਬਿਜਲੀ ਮੁਫ਼ਤ ਨਹੀਂ ਹੈ। ਬਿਜਲੀ ਦਾ ਬਿੱਲ ਸਿਰਫ਼ ਦਿੱਲੀ ਅਤੇ ਪੰਜਾਬ ਵਿੱਚ ਹੀ ਜ਼ੀਰੋ ਹੈ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਸਾਡੀ ਪਾਰਟੀ ਇਮਾਨਦਾਰ ਹੈ ਅਤੇ ਅਸੀਂ ਭ੍ਰਿਸ਼ਟਾਚਾਰ ਨੂੰ ਰੋਕ ਕੇ ਪੈਸਾ ਬਚਾਇਆ ਹੈ ਅਤੇ ਉਸ ਪੈਸੇ ਨਾਲ ਪੰਜਾਬ ਦੇ ਲੋਕਾਂ ਨੂੰ ਲਾਭ ਪਹੁੰਚਾ ਰਹੇ ਹਾਂ। ਹੁਣ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਖੁੱਲ੍ਹ ਰਹੇ ਹਨ। ਐਮਿਨੈਂਸ ਸਕੂਲ ਬਣਾ ਰਹੇ ਹਾਂ, ਅਸੀਂ ਭਾਜਪਾ ਵਾਂਗ ਧਰਮ ਅਤੇ ਜਾਤ ਦੇ ਨਾਂ 'ਤੇ ਨਹੀਂ ਸਗੋਂ ਆਪਣੇ ਕੰਮ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਾਂ।


ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦਾ ਵਿਕਾਸ ਨਹੀਂ ਹੋਣ ਦੇਣਾ ਚਾਹੁੰਦੀ। ਮੋਦੀ ਦੀ ਸਰਕਾਰ ਨੇ ਪੰਜਾਬ ਦੇ ਕਰੀਬ 9 ਹਜ਼ਾਰ ਕਰੋੜ ਰੁਪਏ ਦੇ ਫੰਡ ਰੋਕੇ ਹੋਏ ਹਨ। ਉਸ ਵਿੱਚੋਂ ਸਾਢੇ ਪੰਜ ਹਜ਼ਾਰ ਕਰੋੜ ਰੁਪਏ ਪੇਂਡੂ ਵਿਕਾਸ ਫੰਡ ਦਾ ਪੈਸਾ ਹੈ। ਇਸ ਆਰਡੀਐਫ ਦੇ ਪੈਸੇ ਨਾਲ ਹਰ ਪਿੰਡ ਵਿੱਚ ਸੜਕਾਂ ਬਣਾਈਆਂ ਜਾਣੀਆਂ ਸਨ। ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਵੀ ਰੋਕ ਲਿਆ ਗਿਆ ਹੈ, ਇਨ੍ਹਾਂ ਪੈਸਿਆਂ ਨਾਲ ਹੋਰ ਮੁਹੱਲਾ ਕਲੀਨਿਕ ਬਣਾਉਣੇ ਸਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਭਾਜਪਾ ਚਾਹੁੰਦੀ ਹੈ ਕਿ ਪੰਜਾਬ ਦਾ ਵਿਕਾਸ ਰੁਕ ਜਾਵੇ।


ਕੇਜਰੀਵਾਲ ਨੇ ਅਮਿਤ ਸ਼ਾਹ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ 4 ਜੂਨ ਤੋਂ ਬਾਅਦ ਉਹ ਪੰਜਾਬ 'ਚ 'ਆਪ' ਸਰਕਾਰ ਨੂੰ ਡੇਗ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦੇਣਗੇ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੂੰ ਡੇਗਣ ਦਾ ਅਮਿਤ ਸ਼ਾਹ ਦਾ ਮੁੱਖ ਮਕਸਦ ਤੁਹਾਡੀ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕ ਬੰਦ ਕਰਨਾ ਹੈ। ਇਸ ਲਈ ਕਿਸੇ ਵੀ ਕੀਮਤ 'ਤੇ ਭਾਜਪਾ ਨੂੰ ਵੋਟ ਨਾ ਪਾਓ। ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਭਾਜਪਾ ਦੀ ਤਾਨਾਸ਼ਾਹੀ ਦਾ ਠੋਕ ਕੇ ਜਵਾਬ ਦਿਓ।

pbpunjab additional image

kejriwal-appealed-to-the-people-of-punjab-said-give-us-13-seats-out-of-all-13-then-punjab-will-resonate-in-the-lok-sabha


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com