ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਸੰਸਦ ਮੈਂਬਰ ਬਣ ਗਏ ਹਨ। ਹੁਣ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ ਜਿਸ ਕਾਰਨ ਗਿੱਦੜਬਾਹਾ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਹੋਵੇਗੀ। ਭਾਵੇਂ ਚੋਣ ਕਮਿਸ਼ਨ ਨੇ ਜ਼ਿਮਨੀ ਚੋਣ ਸਬੰਧੀ ਕੋਈ ਤਰੀਕ ਤੈਅ ਨਹੀਂ ਕੀਤੀ ਹੈ ਪਰ ਸਿਆਸੀ ਪਾਰਟੀਆਂ ਅਕਾਲੀ ਦਲ, ਆਪ ਤੇ ਭਾਜਪਾ ਦੇ ਆਗੂਆਂ ਨੇ ਹੁਣ ਤੋਂ ਹੀ ਤਿਆਰੀਆਂ ਖਿੱਚ ਲਈਆਂ ਹਨ। ਕਾਂਗਰਸ ਦੇ ਗੜ੍ਹ ਨੂੰ ਤੋੜ ਕੇ ਸਿਆਸੀ ਆਗੂਆਂ ਨੇ ਹਲਕਾ ਗਿੱਦੜਬਾਹਾ ’ਤੇ ਕਬਜ਼ਾ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਗਿੱਦੜਬਾਹਾ ਤੋਂ ਚੋਣ ਲੜਾ ਸਕਦੇ ਹਨ ਜਦਕਿ ਅਕਾਲੀ ਦਲ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ‘ਆਪ’ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਤੇ ਭਾਜਪਾ ਓਮ ਪ੍ਰਕਾਸ਼ ਬੱਬਰ ਨੂੰ ਚੋਣ ਲੜਾ ਸਕਦੀ ਹੈ ਜੋ ਕਿ ਪਹਿਲਾਂ 2022 ’ਚ ਭਾਜਪਾ ਦੀ ਟਿਕਟ ਤੋਂ ਚੋਣ ਲੜ ਚੁੱਕੇ ਹਨ।
ਰਾਜਾ ਵੜਿੰਗ ਗਿੱਦੜਬਾਹਾ ਤੋਂ ਲਗਾਤਾਰ ਤਿੰਨ ਚੋਣਾਂ ਜਿੱਤ ਚੁੱਕੇ ਹਨ। ਓਧਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਲਗਾਤਾਰ ਲੋਕਾਂ ਦੇ ਦੁੱਖ ਸੁੱਖ ’ਚ ਸ਼ਰੀਕ ਹੋ ਕੇ ਆਪਣੇ ਹਲਕੇ ਦੀ ਸਾਰ ਲਈ ਜਾ ਰਹੀ ਹੈ। ਉਨ੍ਹਾਂ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੇ ਹੱਕ ’ਚ ਗਿੱਦੜਬਾਹਾ ’ਚ ਲਗਾਤਾਰ ਚੋਣ ਪ੍ਰਚਾਰ ਕਰਕੇ ਹਲਕੇ ਦੇ ਲੋਕਾਂ ਨਾਲ ਸੰਪਰਕ ਕੀਤਾ। ਓਧਰ ਗਿੱਦੜਬਾਹਾ ’ਚ ਰਾਜਾ ਵੜਿੰਗ ਤੋਂ ਇਲਾਵਾ ਕਾਂਗਰਸ ਕੋਲ ਕੋਈ ਹੋਰ ਮਜ਼ਬੂਤ ਆਗੂ ਨਹੀਂ ਦਿਸ ਰਿਹਾ। ਚਰਚਾ ਇਹ ਵੀ ਹੈ ਕਿ ਜੇਕਰ ਜ਼ਿਮਨੀ ਚੋਣ ਹੁੰਦੀ ਹੈ ਤਾਂ ਰਾਜਾ ਵੜਿੰਗ ਆਪਣੀ ਪਤਨੀ ਨੂੰ ਚੋਣ ਲੜਾ ਸਕਦੇ ਹਨ। ਹੁਣ ਦੇਖਣਾ ਇਹ ਹੈ ਕਿ ਗਿੱਦੜਬਾਹਾ ’ਚ ਜ਼ਿਮਨੀ ਚੋਣ ਕਦੋਂ ਹੁੰਦੀ ਹੈ ਤੇ ਗਿੱਦੜਬਾਹਾ ’ਚ ਇਕ ਵਾਰ ਫਿਰ ਸਿਆਸੀ ਮੈਦਾਨ ਭਖੇਗਾ। ਆਪ ਦੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ਼ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ 2022 ’ਚ ਵਿਧਾਨ ਸਭਾ ਚੋਣ ਲੜੀ ਸੀ।
ਉਨ੍ਹਾਂ ਨੇ ਹਲਕੇ ’ਚ ਆਪਣੀ ਸਰਗਰਮੀ ਲਗਾਤਾਰ ਜਾਰੀ ਰੱਖੀ ਹੋਈ ਹੈ। ਇਹੀ ਕਾਰਨ ਹੈ ਕਿ ਉਹ ਹਲਕੇ ’ਚ ‘ਆਪ’ ਦਾ ਵੋਟ ਬੈਂਕ ਵਧਾਉਣ ’ਚ ਕਾਮਯਾਬ ਰਹੇ ਹਨ। ਦੂਜੇ ਪਾਸੇ ਭਾਜਪਾ ਦਾ ਪੱਲੜਾ ਵੀ ਭਾਰੀ ਹੋ ਰਿਹਾ ਹੈ। ਹਲਕੇ ’ਚ ‘ਆਪ’ ਤੇ ਭਾਜਪਾ ਦਾ ਵਧਦਾ ਪ੍ਰਭਾਵ ਕਿਤੇ ਨਾ ਕਿਤੇ ਕਾਂਗਰਸ ਤੇ ਅਕਾਲੀ ਦਲ ਦੇ ਗੜ੍ਹ ’ਚ ਸੰਨ੍ਹ ਲਗਾ ਸਕਦਾ ਹੈ। ਓਧਰ ਇਹ ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਗਿੱਦੜਬਾਹਾ ਜੋ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਸੀ ਪਰ ਪਿਛਲੇ ਸਾਲਾਂ ਤੋਂ ਕਾਂਗਰਸ ਦੇ ਕਬਜ਼ੇ ਹੇਠ ਹੈ। ਰਾਜਾ ਵੜਿੰਗ ਲਗਾਤਾਰ ਤਿੰਨ ਵਾਰ ਚੋਣ ਜਿੱਤ ਚੁੱਕੇ ਹਨ। ਅਕਾਲੀ ਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਖ਼ਤ ਟੱਕਰ ਦਿੱਤੀ ਪਰ ਰਾਜਾ ਵੜਿੰਗ ਮਹਿਜ਼ 1349 ਵੋਟਾਂ ਨਾਲ ਸਨ।
once-again-the-political-field-will-be-heated-in-giddarbaha-constituency
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)