ਪਾਰਟੀ ਵਰਕਰਾਂ ਵੱਲੋਂ ਕੀਤੇ ਪੁਰਜ਼ੋਰ ਯਤਨਾਂ ਦੀ ਕੀਤੀ ਸ਼ਲਾਘਾ ਤੇ ਅਪੀਲ ਕੀਤੀ ਕਿ ਆਉਂਦੀਆਂ ਜ਼ਿਮਨੀ ਚੋਣਾਂ ਵਿਚ ਮਜ਼ਬੂਤ ਕਾਰਗੁਜ਼ਾਰੀ ਵਿਖਾਉਣ ਲਈ ਤਿਆਰ ਰਹਿਣ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੇ ਪਾਰਲੀਮਾਨੀ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਨ ਲਈ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ ਤੇ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਵੱਲੋਂ ਕੀਤੇ ਪੁਰਜ਼ੋਰ ਯਤਨਾਂ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਆਉਂਦੀਆਂ ਜ਼ਿਮਨੀ ਚੋਣਾਂ ਵਿਚ ਮਜ਼ਬੂਤ ਕਾਰਗੁਜ਼ਾਰੀ ਵਾਸਤੇ ਤਿਆਰ ਰਹਿਣ ਦੀ ਅਪੀਲ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾ ਨਾਲ ਅਮਰਗੜ੍ਹ ਅਤੇ ਰਣਜੀਤ ਸਿੰਘ ਢਿੱਲੋਂ ਨਾਲ ਲੁਧਿਆਣਾ ਵਿਚ ਉਹਨਾਂ ਦੀ ਰਿਹਾਇਸ਼ ’ਤੇ ਜਾ ਕੇ ਮੁਲਾਕਾਤ ਕੀਤੀ ਅਤੇ ਦੋਵਾਂ ਥਾਵਾਂ ’ਤੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਕੱਲਾ ਅਕਾਲੀ ਦਲ ਹੀ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਉਹਨਾਂਕਿਹਾ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਾਂਗੇ ਭਾਵੇਂ ਉਹ ਦਰਿਆਈ ਪਾਣੀਆਂ ਦਾ ਮਸਲਾ ਹੋਵੇ, ਸਾਡਾ ਰਾਜਧਾਨੀ ਸ਼ਹਿਰ ਚੰਡੀਗੜ੍ਹ ਸਾਨੂੰ ਦੇਣ ਦੀ ਗੱਲ ਹੋਵੇ ਜਾਂ ਫਿਰ ਕਿਸਾਨਾਂ ਲਈ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਲੈਣੀ ਹੋਵੇ, ਹਰ ਮਸਲੇ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਦੇ ਰਹਾਂਗੇ।
ਸਰਦਾਰ ਬਾਦਲ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਨਤੀਜਿਆਂ ਤੋਂ ਮਾਯੂਸ ਨਾ ਹੋਣ। ਉਹਨਾਂ ਕਿਹਾ ਕਿ ਸਾਨੂੰ ਹੁਣ ਆਉਂਦੀਆਂ ਜ਼ਿਮਨੀ ਚੋਣਾਂ ਲਈ ਤਿਆਰ ਰਹਿਣਾ ਪਵੇਗਾ। ਸਾਨੂੰ ਭ੍ਰਿਸ਼ਟਾਚਾਰ ਵਿਚ ਡੁੱਬੀ ਆਮ ਆਦਮੀ ਪਾਰਟੀ (ਆਪ) ਦੇ ਕੁਸ਼ਾਸਨ ਨੂੰ ਉਜਾਗਰ ਕਰਨਾਂ ਪਵੇਗਾ ਜਿਸਨੇ ਸੂਬੇ ਨੂੰ ਕੰਗਾਲ ਬਣਾਇਆ ਤੇ ਜਿਸਦੇ ਰਾਜ ਵਿਚ ਨਸ਼ਿਆਂ ਤੇ ਗੈਂਗਸਟਰਾਂ ਦਾ ਪਸਾਰ ਹੋਇਆ। ਉਹਨਾਂਕਿਹਾ ਕਿ ਆਪ ਤੇ ਕਾਂਗਰਸ ਦਾ ਗਠਜੋੜ ਚੋਣਾਂ ਵਿਚ ਬੇਨਕਾਬ ਹੋ ਗਿਆ ਹੈ ਕਿਉਂਕਿ ਦੋਵੇਂ ਪਾਰਟੀਆਂ ਨੇ ਅਕਾਲੀ ਦਲ ਨੂੰ ਪਾਸੇ ਕਰਨ ਲਈ ਗਠਜੋੜ ਕੀਤਾ। ਉਹਨਾਂ ਕਿਹਾ ਕਿ ਲੋਕਾਂ ਨੇ ਵੇਖ ਲਿਆ ਹੈ ਕਿ ਕਿਵੇਂ ਦਿੱਲੀ ਆਧਾਰਿਤ ਪਾਰਟੀਆਂ ਅਕਾਲੀ ਦਲ ਦੇ ਖਿਲਾਫ ਇਕਜੁੱਟ ਹੋਈਆਂ ਸਨ।
ਪਾਰਟੀ ਪ੍ਰਧਾਨ ਨੇ ਸਬੰਧਤ ਹਲਕਿਆਂ ਦੇ ਆਗੂਆਂ ਤੇ ਵਰਕਰਾਂ ਨਾਲ ਵਿਸਥਾਰ ਵਿਚ ਤੇ ਖੁੱਲ੍ਹੇ ਮਾਹੌਲ ਵਿਚ ਗੱਲਬਾਤ ਕੀਤੀ। ਉਹਨਾਂ ਨੇ ਇਸ ਅੰਤਾਂ ਦੀ ਗਰਮੀ ਵਿਚ ਮਿਹਨਤ ਕਰਨ ਲਈ ਸਭ ਦਾ ਧੰਨਵਾਦ ਕੀਤਾ। ਸਰਦਾਰ ਇਕਬਾਲ ਸਿੰਘ ਝੂੰਦਾ ਤੇ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਸਰਦਾਰ ਬਾਦਲ ਵੱਲੋਂ ਮੋਹਰੀ ਹੋ ਕੇ ਲੜਾਈ ਲੜਨ ਤੇ ਪਾਰਟੀ ਨੂੰ ਯੋਗ ਲੀਡਰਸ਼ਿਪ ਦੇਣ ਅਤੇ ਸਫਲਤਾ ਨਾਲ ਪੰਜਾਬ ਬਚਾਓ ਯਾਤਰਾ ਕੱਢਣ ਦੀ ਸ਼ਲਾਘਾ ਕੀਤੀ। ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹ ਪੰਥ ਅਤੇ ਪੰਜਾਬ ਨੂੰ ਬਚਾਉਣ ਵਾਸਤੇ ਯਤਨ ਦੁੱਗਣੇ ਕਰ ਦੇਣਗੇ ਅਤੇ ਕਿਹਾ ਕਿ ਪਾਰਟੀ ਕੇਡਰ ਆਉਂਦੀਆਂ ਜ਼ਿਮਨੀ ਚੋਣਾਂ ਵਿਚ ਸਾਰੀਆਂ ਸੀਟਾਂ ਜਿੱਤਣ ਲਈ ਪੂਰੀ ਵਾਹ ਲਗਾ ਦੇਵੇਗਾ।
ਅਕਾਲੀ ਦਲ ਦੇ ਪ੍ਰਧਾਨ ਦਾ ਦੋਵਾਂ ਥਾਵਾਂ ’ਤੇ ਪਾਰਟੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ ਤੇ ਉਹਨਾਂ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ।
sad-president-starts-tour-to-meet-party-candidates-in-all-parliamentary-constituencies
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)