punjab-sets-historic-record-in-excise-revenue-collects-rs-10743-72-crore-in-2024-25-harpal-singh-cheema

ਪੰਜਾਬ ਵੱਲੋਂ ਆਬਕਾਰੀ ਮਾਲੀਆ ਵਿੱਚ ਇਤਿਹਾਸਕ ਰਿਕਾਰਡ ਸਥਾਪਤ, ਸਾਲ 2024-25 ਵਿੱਚ ਪ੍ਰਾਪਤ ਕੀਤੇ 10743.72 ਕਰੋੜ ਰੁਪਏ: ਹਰਪਾਲ ਸਿੰਘ ਚੀਮਾ

Apr1,2025 | | Chandigarh

ਇਤਿਹਾਸ ਵਿੱਚ ਪਹਿਲੀ ਵਾਰ ਵੈਟ, ਸੀ.ਐਸ.ਟੀ, ਜੀ.ਐਸ.ਟੀ, ਪੀ.ਐਸ.ਡੀ.ਟੀ ਅਤੇ ਆਬਕਾਰੀ ਤੋਂ 40,000 ਕਰੋੜ ਰੁਪਏ ਤੋਂ ਵੱਧ ਸਲਾਨਾ ਮਾਲੀਆ ਪ੍ਰਾਪਤ ਕਰਨ ਦਾ ਮੀਲ ਪੱਥਰ ਕੀਤਾ ਸਥਾਪਤ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਾਰਦਰਸ਼ੀ ਆਬਕਾਰੀ ਨੀਤੀਆਂ ਅਤੇ ਕਰਦਾਤਾ ਪੱਖੀ ਪਹਿਲਕਦਮੀਆਂ ਸਿਰ ਬੰਨ੍ਹਿਆਂ ਵਧੇ ਹੋਏ ਮਾਲੀਏ ਦਾ ਸਿਹਰਾ

ਕਿਹਾ, ਵਧੇ ਹੋਏ ਕਰ ਮਾਲੀਆ ਸਦਕਾ ਹੀ 'ਬਦਲਦਾ ਪੰਜਾਬ' ਬਜ਼ਟ ਸੂਬੇ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਦੇਵੇਗਾ ਰਫਤਾਰ

ਪ੍ਰਣ ਕੀਤਾ ਕਿ ਨਾਗਰਿਕਾਂ 'ਤੇ ਕਿਸੇ ਵਾਧੂ ਕਰ ਦਾ ਬੋਝ ਪਾਏ ਬਿਨਾਂ ਮਾਲੀਆ ਪ੍ਰਾਪਤੀਆਂ ਵਿੱਚ ਵਾਧਾ ਰੱਖਿਆ ਜਾਵੇਗਾ ਜਾਰੀ


ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਸੂਬੇ ਦੇ ਆਬਕਾਰੀ ਅਤੇ ਕਰ ਵਿਭਾਗ ਨੇ ਵਿੱਤੀ ਸਾਲ 2024-25 ਲਈ 10,743.72 ਕਰੋੜ ਰੁਪਏ ਦਾ ਰਿਕਾਰਡ ਤੋੜ ਆਬਕਾਰੀ ਮਾਲੀਆ ਪ੍ਰਾਪਤ ਕਰਦਿਆਂ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 16.36 ਫੀਸਦੀ ਦੀ ਪ੍ਰਭਾਵਸ਼ਾਲੀ ਸਾਲਾਨਾ ਵਾਧਾ ਦਰ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2024-25 ਦੌਰਾਨ ਵੈਟ, ਸੀਐਸਟੀ, ਜੀਐਸਟੀ, ਪੀਐਸਡੀਟੀ ਅਤੇ ਆਬਕਾਰੀ ਤੋਂ ਰਾਜ ਦਾ ਕੁੱਲ ਮਾਲੀਆ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ 40,000 ਕਰੋੜ ਰੁਪਏ ਦੀ ਸੀਮਾ ਨੂੰ ਪਾਰ ਕਰਦੇ 12.47 ਫੀਸਦੀ ਵਾਧਾ ਦਰ ਨਾਲ 42289.97 ਕਰੋੜ ਰੁਪਏ ਰਿਹਾ।

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਸਫਲ ਆਬਕਾਰੀ ਨੀਤੀਆਂ ਸਿਰ ਆਬਕਾਰੀ ਵਸੂਲੀ ਵਿੱਚ ਹੋਏ ਜ਼ਿਕਰਯੋਗ ਵਾਧੇ ਦਾ ਸਿਹਰਾ ਬੰਨ੍ਹਿਆ। ਉਨ੍ਹਾਂ ਕਿਹਾ ਕਿ ਸੂਬੇ ਨੇ ਵਿੱਤੀ ਸਾਲ 2024-25 ਦੇ 10145 ਕਰੋੜ ਰੁਪਏ ਦੇ ਟੀਚੇ ਨੂੰ ਪਾਰ ਕਰਦਿਆਂ ਟੀਚੇ ਦੇ ਮੁਕਾਬਲੇ ਆਬਕਾਰੀ ਮਾਲੀਏ ਵਿੱਚ 598.72 ਕਰੋੜ ਰੁਪਏ ਦਾ ਜ਼ਿਕਰਯੋਗ ਵਾਧੇ ਦੀ ਗਵਾਹੀ ਭਰੀ ਹੈ। ਮਾਰਚ 2025 ਵਿੱਚ, ਪੰਜਾਬ ਨੇ ਆਬਕਾਰੀ ਮਾਲੀਏ ਵਿੱਚ 30.67 ਪ੍ਰਤੀਸ਼ਤ ਦੀ ਸ਼ਾਨਦਾਰ ਵਾਧਾ ਦਰ ਹਾਸਲ ਕੀਤੀ, ਜਿਸ ਨਾਲ 1477.04 ਕਰੋੜ ਰੁਪਏ ਪ੍ਰਾਪਤ ਹੋਏ, ਜੋ ਮਾਰਚ 2024 ਵਿੱਚ ਪ੍ਰਾਪਤ ਹੋਏ 1130.37 ਕਰੋੜ ਰੁਪਏ ਤੋਂ ਇੱਕ ਮਹੱਤਵਪੂਰਨ ਵਾਧਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸੂਬੇ ਨੇ ਆਬਕਾਰੀ ਮਾਲੀਏ ਵਿੱਚ ਪੰਜ ਅੰਕਾਂ ਦਾ ਅੰਕੜਾ ਪਾਰ ਕੀਤਾ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਗੇ ਖੁਲਾਸਾ ਕੀਤਾ ਕਿ ਸੂਬੇ ਨੇ ਵਸਤੂਆਂ ਅਤੇ ਸੇਵਾਵਾਂ ਕਰ (ਜੀਐਸਟੀ) ਉਗਰਾਹੀ ਵਿੱਚ ਵੀ 12.99 ਪ੍ਰਤੀਸ਼ਤ ਦੀ ਸ਼ੁੱਧ ਸਲਾਨਾ ਵਾਧਾ ਦਰ ਦੇਖੀ ਹੈ, ਜੋ ਪਿਛਲੇ ਵਿੱਤੀ ਸਾਲ ਦੇ 20,923.37 ਕਰੋੜ ਰੁਪਏ ਦੇ ਮੁਕਾਬਲੇ 23,642.15 ਕਰੋੜ ਰੁਪਏ ਦੀ ਸ਼ੁੱਧ ਸਾਲਾਨਾ ਪ੍ਰਾਪਤੀ ਰਹੀ। ਵਿੱਤ ਮੰਤਰੀ ਨੇ ਕਿਹਾ ਕਿ ਮਾਰਚ 2025 ਵਿੱਚ ਸੂਬੇ ਨੇ 1,913.82 ਕਰੋੜ ਰੁਪਏ ਦੀ ਸ਼ੁੱਧ ਜੀਐਸਟੀ ਪ੍ਰਾਪਤੀ ਦਰਜ ਕੀਤਾ, ਜੋ ਮਾਰਚ 2024 ਵਿੱਚ 1,761.70 ਕਰੋੜ ਰੁਪਏ ਦੇ ਮੁਕਾਬਲੇ 8.63 ਪ੍ਰਤੀਸ਼ਤ ਵਾਧੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕ ਇਸ ਤੋਂ ਇਲਾਵਾ ਸੂਬੇ ਨੇ ਇਸ ਵਿੱਤੀ ਵਰ੍ਹੇ ਦੌਰਾਨ ਵੈਟ ਵਿੱਚ ਵੀ 5.42 ਫੀਸਦੀ ਦੀ ਵਾਧਾ ਦਰ ਦਰਜ ਕਰਦਿਆਂ 7,353.32 ਕਰੋੜ ਰੁਪਏ ਦੀ ਸਾਲਾਨਾ ਪ੍ਰਾਪਤੀ ਕੀਤੀ ਹੈ ਜੋ ਇਸ ਤੋਂ ਪਿਛਲੇ ਵਿੱਤੀ ਵਰ੍ਹੇ ਦੌਰਾਨ 6,975.3 ਕਰੋੜ ਰੁਪਏ ਸੀ।

ਵਿੱਤ ਮੰਤਰੀ ਚੀਮਾ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਪਾਰਦਰਸ਼ੀ ਆਬਕਾਰੀ ਨੀਤੀਆਂ ਅਤੇ ਆਬਕਾਰੀ ਤੇ ਕਰ ਵਿਭਾਗ ਦੀਆਂ ਉਨ੍ਹਾਂ ਇਨਫੋਰਸਮੈਂਟ ਗਤੀਵਿਧੀਆਂ ਨੂੰ ਦਿੱਤਾ ਜਿਨ੍ਹਾਂ ਸਦਕਾ ਗੁਆਂਢੀ ਰਾਜਾਂ ਤੋਂ ਸ਼ਰਾਬ ਦੀ ਤਸਕਰੀ ਨੂੰ ਸਫਲਤਾਪੂਰਵਕ ਠੱਲ੍ਹ ਪਾਈ ਗਈ। ਉਨ੍ਹਾਂ ਕਿਹਾ ਕਿ ਵਿਭਾਗ ਨੇ "ਬਿੱਲ ਲਿਆਓ ਇਨਾਮ ਪਾਓ" ਸਕੀਮ ਵਰਗੀਆਂ ਪਹਿਲਕਦਮੀਆਂ ਰਾਹੀਂ ਅਤੇ ਤਕਨੀਕੀ ਹੱਲਾਂ ਤੇ ਟੈਕਸ ਇੰਟੈਲੀਜੈਂਸ ਯੂਨਿਟ ਦਾ ਲਾਭ ਉਠਾ ਕੇ ਕਰ ਪਾਲਣਾ ਨੂੰ ਉਤਸ਼ਾਹਿਤ ਕਰਕੇ ਜੀਐਸਟੀ ਮਾਲੀਏ ਨੂੰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਦੋ-ਪੱਖੀ ਰਣਨੀਤੀ ਅਪਣਾਈ ਹੈ, ਜਿਸ ਵਿੱਚ ਇਮਾਨਦਾਰ ਕਰਦਾਤਾਵਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਕਰ ਚੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਣਾ ਸ਼ਾਮਲ ਹੈ, ਜਿਸ ਸਦਕਾ ਇੱਕ ਨਿਰਪੱਖ ਅਤੇ ਪਾਰਦਰਸ਼ੀ ਕਰ ਪ੍ਰਣਾਲੀ ਨੂੰ ਯਕੀਨੀ ਬਣਾਇਆ ਗਿਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਦੇ ਕਰ ਮਾਲੀਏ ਨੂੰ ਹੁਲਾਰਾ ਦੇਣ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਇਤਿਹਾਸਕ 'ਬਦਲਦਾ ਪੰਜਾਬ' ਬਜਟ ਪੇਸ਼ ਕਰਨ ਦੇ ਯੋਗ ਬਣਾਇਆ ਹੈ, ਜਿਸ ਦਾ ਉਦੇਸ਼ ਸੂਬੇ ਲਈ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਲੋਕਾਂ 'ਤੇ ਕਿਸੇ ਨਵੇਂ ਕਰ ਦਾ ਬੋਝ ਪਾਏ ਬਿਨਾਂ ਕਰ ਮਾਲੀਏ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਆਂ ਪਹਿਲਕਦਮੀਆਂ ਨੂੰ ਜਾਰੀ ਰੱਖੇਗੀ।


punjab-sets-historic-record-in-excise-revenue-collects-rs-10743-72-crore-in-2024-25-harpal-singh-cheema


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com