ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਉੱਤਰੀ ਭਾਰਤ ਦੀ ਅਹਿਜੀ ਸੰਸਥਾ ਹੈ ਜਿਸਨੇ ਆਪਣਾ ਸਥਾਪਨਾ ਤੋਂ ਹੀ ਇਸ ਖਿੱਤੇ ਦੇ ਕਿਸਾਨਾਂ ਅਤੇ ਕਿਸਾਨੀ ਸਮਾਜ ਦੀ ਬਿਹਤਰੀ ਲਈ ਭਰਪੂਰ ਕਾਰਜ ਕੀਤਾ ਹੈ | ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਅਨਾਜ ਪੱਖੋਂ ਸਵੈ ਨਿਰਭਰ ਬਨਾਉਣ ਲਈ ਇਸ ਸੰਸਥਾ ਦਾ ਯੋਗਦਾਨ ਇਤਿਹਾਸਕ ਮਹੱਤਵ ਵਾਲਾ ਹੈ | ਉਤਪਾਦਨ ਦੇ ਨਾਲ-ਨਾਲ ਸਮੇਂ ਦੀ ਮੰਗ ਅਨੁਸਾਰ ਇਸ ਸੰਸਥਾ ਨੇ ਖੇਤੀ ਉਦਯੋਗ ਅਤੇ ਖੇਤੀ ਨਾਲ ਸੰਬੰਧਤ ਵਪਾਰ ਨੂੰ ਕਿਸਾਨੀ ਵਿਹਾਰ ਦਾ ਹਿੱਸਾ ਬਨਾਉਣ ਲਈ ਢੁੱਕਵੇਂ ਯਤਨ ਕੀਤੇ ਹਨ | ਇਹਨਾਂ ਯਤਨਾਂ ਸਦਕਾ ਬਹਤ ਸਾਰੇ ਅਗਾਂਹਵਧੂ ਕਿਸਾਨਾਂ ਨੇ ਖੇਤੀ ਵਪਾਰ ਨਾਲ ਜੁੜ ਕੇ ਜਿੱਥੇ ਆਪਣੀ ਉਪਜ ਦੇ ਮੁੱਲ ਵਾਧੇ ਨੂੰ ਅੰਜਾਮ ਦਿੱਤਾ ਉੱਥੇ ਭੋਜਨ ਲੜੀ ਦੀ ਮਜ਼ਬੂਤੀ ਵਿੱਚ ਵੀ ਭਰਵਾਂ ਯੋਗਦਾਨ ਪਾਇਆ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਵਪਾਰੀਕਰਨ ਦੀਆਂ ਨੀਤੀਆਂ ਨੂੰ ਖੇਤੀ ਖੇਤਰ ਵਿੱਚ ਅਪਣਾ ਕੇ ਕਾਮਯਾਬ ਹੋਣ ਦੀਆਂ ਭਰਪੂਰ ਸੰਭਾਵਨਾਵਾਂ ਹਨ | ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਭੋਜਨ ਤਕਨਾਲੋਜੀ ਅਤੇ ਖੇਤੀ ਵਪਾਰ ਮਾਹਿਰਾਂ ਨੇ ਵੱਖ-ਵੱਖ ਭਾਗੀਦਾਰਾਂ ਨਾਲ ਮਿਲ ਕੇ ਇੱਕ ਮਜ਼ਬੂਤ ਵਪਾਰ ਢਾਂਚਾ ਬਣਾਇਆ ਹੈ | ਡਾ. ਗੋਸਲ ਨੇ ਦਿਲਚਸਪੀ ਰੱਖਣ ਵਾਲੀਆਂ ਧਿਰਾਂ ਨੂੰ ਪੀ.ਏ.ਯੂ. ਤੋਂ ਇਹ ਤਕਨੀਕਾਂ ਹਾਸਲ ਕਰਨ ਦੀ ਅਪੀਲ ਕੀਤੀ ਜਿਸ ਨਾਲ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਸਕਣ | ਉਹਨਾਂ ਕਿਹਾ ਕਿ ਇਸ ਨਾਲ ਖਿੱਤੇ ਦੀ ਸਮਾਜ-ਆਰਥਕ ਤਰੱਕੀ ਨਵੀਆਂ ਸਿਖਰਾਂ ਛੂਹੇਗੀ | ਖੇਤੀ ਉੱਦਮ ਦੇ ਮਹੱਤਵ ਬਾਰੇ ਜ਼ੋਰ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰਨੇ ਭਵਿੱਖ ਵਿੱਚ ਖਪਤਕਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਸੰਭਾਵੀ ਤਕਨਾਲੋਜੀਆਂ ਨੂੰ ਵਿਕਸਤ ਕਰਨ ਅਤੇ ਵਪਾਰਕ ਬਣਾਉਣ ਦੇ ਯੂਨੀਵਰਸਿਟੀ ਦੇ ਕਦਮਾਂ ਬਾਰੇ ਚਾਨਣਾ ਪਾਇਆ| ਉਹਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਉਤਪਾਦਨ ਦੇ ਨਾਲ-ਨਾਲ ਸਵੈ ਮੰਡੀਕਰਨ ਅਤੇ ਖੇਤੀ ਵਪਾਰ ਨਾਲ ਜੁੜਨਾ ਵਧੇਰੇ ਮੁਨਾਫ਼ੇ ਦਾ ਕਾਮਯਾਬ ਰਸਤਾ ਸਾਬਿਤ ਹੋ ਸਕਦਾ ਹੈ | ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤੀ ਜਿਣਸਾਂ ਤੋਂ ਉਤਪਾਦ ਤਿਆਰ ਕਰਨ ਸੰਬੰਧੀ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਦਾ ਉਲੇਖ ਕੀਤਾ | ਉਹਨਾਂ ਕਿਹਾ ਕਿ ਮੌਜੂਦਾ ਯੁਗ ਦੀਆਂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਭੋਜਨ ਵਿਗਿਆਨ ਅਤੇ ਤਕਨਾਲੋਜੀ ਖੇਤੀ ਖੇਤਰ ਦੇ ਅਹਿਮ ਪੱਖ ਬਣੇ ਹਨ ਅਤੇ ਬਹੁਤ ਸਾਰੇ ਕਿਸਾਨਾਂ ਨੇ ਇਹਨਾਂ ਦਾ ਲਾਭ ਲਿਆ ਹੈ | ਉਹਨਾਂ ਕਿਹ ਕਿ ਇਸ ਨਾਲ ਵਾਤਾਵਰਨ ਪੱਖੀ ਖੇਤੀ ਦਾ ਮਾਰਗ ਖੁਲਦਾ ਹੈ ਅਤੇ ਨਾਲ ਹੀ ਭੋਜਨ ਵਸਤਾਂ ਦਾ ਮਿਆਰ, ਪੌਸ਼ਕਤਾ, ਸੁਰੱਖਿਆ ਅਤੇ ਸਿਹਤ ਵਿੱਚ ਖਪਤਕਾਰ ਦਾ ਭਰੋਸਾ ਵਧਦਾ ਹੈ | ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਸਵਿਤਾ ਸਰਮਾ ਨੇ ਉਹਨਾਂ ਦੇ ਵਿਭਾਗ ਵੱਲੋਂ ਜਿਣਸਾਂ ਦੇ ਮੁੱਲ ਵਾਧੇ ਅਤੇ ਪ੍ਰੋਸੈਸਿੰਗ ਸੰਬੰਧੀ ਦਿੱਤੀ ਜਾ ਰਹੀ ਸਿਖਲਾਈ ਅਤੇ ਸਹੂਲਤਾਂ ਦਾ ਜ਼ਿਕਰ ਕੀਤਾ | ਉਹਨਾਂ ਕਿਹਾ ਕਿ ਮੌਜੂਦਾ ਦੌਰ ਜਾਗਰੂਕ ਖਪਤਕਾਰ ਦਾ ਹੈ ਅਤੇ ਖੇਤੀ ਉਤਪਾਦਕ ਨੂੰ ਖਪਤਕਾਰ ਦੀਆਂ ਮੰਗਾਂ ਮੁਤਾਬਿਕ ਆਪਣੇ ਵਿਹਾਰ ਨੂੰ ਵਿਉਂਤਣਾ ਪਵੇਗਾ | ਡਾ. ਸਵਿਤਾ ਸ਼ਰਮਾ ਨੇ ਦੱਸਿਆ ਕਿ ਵੱਖ-ਵੱਖ ਫਸਲੀ ਉਤਪਾਦਨ ਤੋਂ ਰੋਜ਼ਾਨਾਂ ਜੀਵਨ ਦੇ ਬਹੁਤ ਸਾਰੇ ਉਤਪਾਦ ਬਨਾਉਣ ਦੀ ਸਿਖਲਾਈ ਉਹਨਾਂ ਦੇ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਜੋ ਮੌਜੂਦਾ ਬਜ਼ਾਰ ਦਾ ਬਿਹਤਰੀਨ ਅਤੇ ਪੋਸ਼ਕ ਬਦਲ ਬਣਦੀ ਹੈ | ਇੱਥੇ ਜ਼ਿਕਰਯੋਗ ਹੈ ਕਿ ਪੀ.ਏ.ਯੂ. ਨੇ ਖੇਤੀ ਉਤਪਾਦਨ ਦੇ ਵਪਾਰੀਕਰਨ ਲਈ ਬਹੁਤ ਸਾਰੀਆਂ ਤਕਨਾਲੋਜੀਆਂ ਦਾ ਵਿਕਾਸ ਅਤੇ ਵਪਾਰੀਕਰਨ ਕੀਤਾ ਹੈ | ਇਸ ਕਾਰਜ ਵਿੱਚ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਅਹਿਮ ਭੂਮਿਕਾ ਨਿਭਾਈ ਹੈ | ਵਿਭਾਗ ਨੇ ਹੀ ਉਤਪਾਦਾਂ ਦੀ ਸਥਿਰਤਾ, ਸੁਰੱਖਿਆ ਅਤੇ ਪੋਸ਼ਣ ਨੂੰ ਧਿਆਨ ਵਿੱਚ ਰੱਖਦਿਆਂ ਮੌਜੂਦਾ ਉਦਯੋਗਿਕ ਚੁਣੌਤੀਆਂ ਸਾਹਮਣੇ ਉਸਾਰੂ ਤਕਨਾਲੋਜੀਆਂ ਵਿਕਸਿਤ ਕੀਤੀਆਂ ਹਨ | ਇਹਨਾਂ ਤਕਨਾਲੋਜੀਆਂ ਦੇ ਵਪਾਰੀਕਰਨ ਨਾਲ ਪੀ.ਏ.ਯੂ. ਨੇ ਪੂਰੇ ਦੇਸ਼ ਵਿੱਚ ਸਮਾਜ ਵਿੱਚ ਭੋਜਨ ਸੁਰੱਖਿਆ ਦਾ ਪ੍ਰਸਾਰ ਕੀਤਾ ਹੈ | ਬਿਜਨਸ ਸਟੱਡੀਜ ਸਕੂਲ ਦੇ ਨਿਰਦਸ਼ੇਕ ਡਾ. ਰਮਨਦੀਪ ਸਿੰਘ ਨੇ ਇਸ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਪੀ.ਏ.ਯੂ. ਕੋਲ ਕਿਸਾਨਾਂ, ਉਦਯੋਗਾਂ, ਉੱਦਮੀਆਂ, ਨਿਵੇਸਕਾਂ ਅਤੇ ਹੋਰ ਹਿੱਸੇਦਾਰਾਂ ਨਾਲ ਸਾਂਝੇਦਾਰੀ ਦਾ ਬਹੁਤ ਮਜ਼ਬੂਤ ਢਾਂਚਾ ਹੈ | ਉਹਨਾਂ ਦੱਸਿਆ ਕਿ ਯੂਨੀਵਰਸਿਟੀ ਨੇ ਬਹੁਤ ਸਾਰੇ ਖੇਤੀ ਉੱਦਮੀਆਂ ਨੂੰ ਪ੍ਰੇਰਿਤ ਕਰਕੇ ਅਜਿਹੇ ਉਤਪਾਦ ਤਿਆਰ ਕਰਵਾਏ ਜੋ ਫੌਰੀ ਵਰਤੋਂ ਲਈ ਯੋਗ ਹਨ | ਪੀ.ਏ.ਯੂ. ਕੋਲ ਅਗਾਂਹਵਧੂ ਕਿਸਾਨਾਂ ਦੀਆਂ ਬਹੁਤ ਸਾਰੀਆਂ ਐਸੋਸੀਏਸ਼ਨਾਂ ਕਾਰਜਸ਼ੀਲ ਹਨ ਜਿਨ੍ਹਾਂ ਵਿੱਚ ਕਿਸਾਨ ਕਲੱਬ, ਮਧੂ ਮੱਖੀ ਪਾਲਕ ਐਸੋਸੀਏਸਨ ਦਾ ਜ਼ਿਕਰ ਕੀਤਾ ਜਾ ਸਕਦਾ ਹੈ | ਇਹਨਾਂ ਐਸੋਸੀਏਸ਼ਨਾਂ ਦੇ ਕਈ ਅਗਾਂਹਵਧੂ ਕਿਸਾਨਾਂ ਨੇ ਬਜ਼ਾਰ ਦੀ ਭੋਜਨ ਲੜੀ ਦੀ ਮੰਗ ਮੁਤਾਬਿਕ ਖੇਤੀ ਵਪਾਰ ਤਕਨੀਕਾਂ ਨੂੰ ਅਪਣਾਇਆ ਅਤੇ ਆਪਣੇ ਖੇਤ ਤੋਂ, ਬਜ਼ਾਰ ਵਿੱਚ ਜਾਂ ਸ਼ੋਸ਼ਲ ਮੀਡੀਆ ਦੇ ਨਾਲ-ਨਾਲ ਸਵੈ-ਸੇਵੀ ਸਮੂਹ ਬਣਾ ਕੇ ਆਪਣੇ ਉਤਪਾਦਾਂ ਦੇ ਵਪਾਰੀਕਰਨ ਦੀਆਂ ਸਫ਼ਲ ਕੋਸ਼ਿਸ਼ਾਂ ਕੀਤੀਆਂ ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰ ਸ੍ਰੀ ਸਵਰੂਪ ਸਿੰਘ ਦੁਆਰਾ ਤਿਆਰ ਕੀਤਾ ਗਿਆ ਜਵਾਰ ਕੇਕ ਵਾਈਸ-ਚਾਂਸਲਰ ਅਤੇ ਉਨ੍ਹਾਂ ਦੀ ਟੀਮ ਦੀ ਮੌਜੂਦਗੀ ਵਿੱਚ ਪੇਸ ਕੀਤਾ ਗਿਆ |
Agribusiness-Is-Beneficial-For-Farmers-Dr-Satbir-Singh-Gosal
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)