ਕੈਨੇਡਾ ਦੇ ਕੌਂਸਲੇਟ ਜਨਰਲ ਨੇ ਪੀ.ਏ.ਯੂ. ਦਾ ਦੌਰਾ ਕਰਕੇ ਸਾਂਝ ਦੇ ਖੇਤਰਾਂ ਦੀ ਸੰਭਾਵਨਾ ਬਾਰੇ ਗੱਲਬਾਤ ਕੀਤੀ
Aug4,2023
| Anupam | Ludhiana
ਚੰਡੀਗੜ ਵਿੱਚ ਕੈਨੇਡਾ ਦੇ ਨਿਯੁਕਤ ਕੌਂਸਲੇਟ ਜਨਰਲ ਸ਼੍ਰੀ ਪੈਟ੍ਰਿਕ ਹੇਬਰਟ ਨੇ ਅੱਜ ਪੀ.ਏ.ਯੂ. ਦਾ ਦੌਰਾ ਕਰਕੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਇਸ ਮਿਲਣੀ ਦਾ ਉਦੇਸ਼ ਕੈਨੇਡਾ ਅਤੇ ਪੀ.ਏ.ਯੂ. ਵਿਚਕਾਰ ਸਾਂਝ ਦੇ ਖੇਤਰਾਂ ਦੀ ਸੰਭਾਵਨਾ ਦੀ ਤਲਾਸ਼ ਸੀ | ਸ਼੍ਰੀ ਪੈਟ੍ਰਿਕ ਨੇ ਵਾਈਸ ਚਾਂਲਸਰ ਡਾ. ਸਤਿਬੀਰ ਸਿੰਘ ਗੋਸਲ ਨਾਲ ਗੱਲਬਾਤ ਦੌਰਾਨ ਪੀ.ਏ.ਯੂ. ਦੀ ਖੋਜ, ਅਕਾਦਮਿਕ ਅਤੇ ਪਸਾਰ ਦੀ ਦਿਸ਼ਾ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਆਉਂਦੇ ਸਮੇਂ ਵਿੱਚ ਸਾਂਝੇ ਤੌਰ ਤੇ ਕਾਰਜ ਕਰਨ ਅਤੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਦੇ ਤਬਾਦਲੇ ਸੰਬੰਧੀ ਵਿਚਾਰ-ਵਟਾਂਦਰਾ ਕੀਤਾ |
ਸ਼੍ਰੀ ਪੈਟ੍ਰਿਕ ਨੇ ਕਿਹਾ ਕਿ ਭਾਰਤ ਦੀ ਇਸ ਸਰਵੋਤਮ ਸੰਸਥਾ ਵਿੱਚ ਆਉਣਾ ਉਹਨਾਂ ਲਈ ਮਾਣ ਵਾਲੀ ਗੱਲ ਹੈ | ਉਹ ਅਖਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਲਗਾਤਾਰ ਪੀ.ਏ.ਯੂ. ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹਿੰਦੇ ਹਨ ਅਤੇ ਭਾਰਤ ਦੇ ਇਸ ਖੇਤਰ ਵਿੱਚ ਪੀ.ਏ.ਯੂ. ਨੇ ਖੇਤੀ ਨੂੰ ਵਿਕਸਿਤ ਕਰਨ ਲਈ ਜੋ ਵਡਮੁੱਲੇ ਕਾਰਜ ਕੀਤੇ ਉਹਨਾਂ ਤੋਂ ਭਲੀਭਾਂਤ ਜਾਣੂ ਹਨ ਪਰ ਅੱਜ ਉਹਨਾਂ ਨੇ ਇਸ ਦੌਰੇ ਦੌਰਾਨ ਪੀ.ਏ.ਯੂ. ਦੀ ਕਾਰਜਸ਼ੈਲੀ ਨੂੰ ਨੇੜਿਓ ਅਤੇ ਗੰਭੀਰ ਰੂਪ ਵਿੱਚ ਜਾਣਿਆ ਹੈ | ਸ਼੍ਰੀ ਪੈਟ੍ਰਿਕ ਹੇਬਰਟ ਨੇ ਕਿਹਾ ਕਿ ਦੁਵੱਲੀ ਸਾਂਝ ਦੇ ਅਨੇਕ ਖੇਤਰ ਹਨ ਜਿਨ੍ਹਾਂ ਵਿੱਚ ਪੀ.ਏ.ਯੂ. ਅਤੇ ਕੈਨੇਡਾ ਦੀਆਂ ਬਹੁਤੀਆਂ ਸੰਸਥਾਵਾਂ ਸਾਂਝੇ ਤੌਰ ਤੇ ਕਾਰਜ ਕਰ ਸਕਦੀਆਂ ਹਨ | ਇਹਨਾਂ ਵਿੱਚ ਪ੍ਰਮੁੱਖ ਇਹ ਹੈ ਕਿ ਕੈਨੇਡਾ ਵਿੱਚ ਭੋਜਨ ਸੁਰੱਖਿਆ ਅਤੇ ਖੇਤੀਬਾੜੀ ਅੱਜ ਭਖਵੇਂ ਖੇਤਰ ਹਨ | ਇਹਨਾਂ ਵਿੱਚ ਕੰਮ ਕਰਨ ਵਾਲੇ ਲੋਕ ਸੰਸਾਰ ਭਰ ਦੀਆਂ ਵਿਕਸਿਤ ਤਕਨੀਕਾਂ ਨੂੰ ਅਪਣਾ ਰਹੇ ਹਨ | ਪੀ.ਏ.ਯੂ. ਵੱਲੋਂ ਹਰ ਲਿਹਾਜ਼ ਨਾਲ ਕੀਤਾ ਗਿਆ ਕਾਰਜ ਉਥੋਂ ਦੇ ਵਿਦਿਆਰਥੀਆਂ ਅਤੇ ਮਾਹਿਰਾਂ ਲਈ ਗੁਣਕਾਰੀ ਸਿੱਧ ਹੋ ਸਕਦਾ ਹੈ | ਨਾਲ ਹੀ ਕੈਨੇਡਾ ਦੀ ਵਿਕਸਿਤ ਖੇਤੀ ਤਕਨਾਲੋਜੀ ਅਤੇ ਵਿਗਿਆਨ ਇੱਥੋਂ ਦੇ ਵਿਦਿਆਰਥੀਆਂ ਨੂੰ ਨਵੇਂ ਗਿਆਨ ਖੇਤਰਾਂ ਨਾਲ ਜੋੜ ਸਕਦੀ ਹੈ | ਉਹਨਾਂ ਕਿਹਾ ਇਸ ਤੋਂ ਇਲਾਵਾ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਉਥੋਂ ਦੇ ਮਾਹੌਲ ਅਤੇ ਵਾਤਾਵਰਨ ਤੋਂ ਇਲਾਵਾ ਮੁੱਢਲੇ ਨਿਯਮਾਂ ਬਾਰੇ ਜਾਣੂੰ ਕਰਵਾਉਣ ਲਈ ਗੱਲਬਾਤ ਕੀਤੀ ਜਾ ਸਕਦੀ ਹੈ | ਸ਼੍ਰੀ ਹੇਬਰਟ ਨੇ ਕਿਹਾ ਕਿ ਉਹ ਜਲਦੀ ਹੀ ਇਸ ਦਿਸ਼ਾ ਵਿੱਚ ਕੁਝ ਸਾਰਥਕ ਕਦਮਾਂ ਦੀ ਆਸ ਨਾਲ ਦੁਬਾਰਾ ਇਸ ਸੰਸਥਾ ਵਿੱਚ ਆਉਣਾ ਚਾਹੁਣਗੇ |
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸੰਸਥਾ ਵੱਲੋਂ ਕੀਤੇ ਕਾਰਜ ਬਾਰੇ ਸੰਖੇਪ ਜਾਣਕਾਰੀ ਦਿੱਤੀ | ਉਹਨਾਂ ਕਿਹਾ ਕਿ ਪਿਛਲੇ 60 ਸਾਲਾਂ ਤੋਂ ਪੀ.ਏ.ਯੂ. ਇਲਾਕੇ ਦੇ ਕਿਸਾਨਾਂ ਅਤੇ ਖੇਤੀ ਸਮਾਜ ਦੀ ਬਿਹਤਰੀ ਲਈ ਕਾਰਜਸ਼ੀਲ ਹੈ | ਹਰੀ ਕ੍ਰਾਂਤੀ ਇਸ ਦਿਸ਼ਾ ਵਿੱਚ ਕੀਤਾ ਗਿਆ ਅਜਿਹਾ ਕਾਰਜ ਸੀ ਜਿਸ ਨਾਲ ਇਹ ਇਲਾਕਾ ਦੇਸ਼ ਦਾ ਅੰਨ ਭੰਡਾਰ ਸਾਬਿਤ ਹੋਇਆ | ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦਾ ਇੱਕ ਸੰਸਥਾ ਦੇ ਤੌਰ ਤੇ ਵਿਸ਼ਵਾਸ਼ ਹੈ ਕਿ ਹੋਰ ਅਦਾਰਿਆਂ ਨਾਲ ਸਿੱਖਣ ਸਿਖਾਉਣ ਦਾ ਰਿਸ਼ਤਾ ਮਜ਼ਬੂਤ ਕੀਤਾ ਜਾਵੇ | ਇਸ ਪੱਖ ਤੋਂ ਸੰਸਾਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨਾਲ ਦੁਵੱਲੀ ਸਾਂਝ ਦੇ ਸਮਝੌਤੇ ਕੀਤੇ ਗਏ ਹਨ | ਉਹਨਾਂ ਕਿਹਾ ਕਿ ਕੈਨੇਡਾ ਅਤੇ ਪੀ.ਏ.ਯੂ. ਦਾ ਆਪਸ ਵਿੱਚ ਹੋਰ ਵੀ ਗਹਿਰਾ ਅਕਾਦਮਿਕ ਸੰਬੰਧ ਹੈ | ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਉੱਚ ਸੰਸਥਾਵਾਂ ਵਿੱਚ ਕਾਰਜ ਕੀਤਾ ਹੈ | ਇਹਨਾਂ ਵਿੱਚ ਮੈਕਗਿਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦੀਪ ਸੈਣੀ ਅਤੇ ਹੋਰ ਉੱਚ ਅਕਾਦਮਿਕ ਹਸਤੀਆਂ ਦਾ ਜ਼ਿਕਰ ਡਾ. ਗੋਸਲ ਨੇ ਕੀਤਾ | ਉਹਨਾਂ ਕਿਹਾ ਕਿ ਸਾਸਕਾਚੇਵਾਨ ਯੂਨੀਵਰਸਿਟੀ, ਮੈਕਗਿਲ ਯੂਨੀਵਰਸਿਟੀ ਅਤੇ ਗੁਲੇਫ ਯੂਨੀਵਰਸਿਟੀ ਨਾਲ ਪੀ.ਏ.ਯੂ. ਲਗਾਤਾਰ ਦੁਵੱਲੀ ਸਾਂਝ ਦੇ ਖੇਤਰਾਂ ਤੇ ਕਾਰਜ ਕਰ ਰਹੀ ਹੈ | ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਦਾਲਾਂ ਅਤੇ ਤੇਲਬੀਜ ਖੇਤਰ ਵਿੱਚ ਦੋਵਾਂ ਦੇਸ਼ਾਂ ਵੱਲੋਂ ਸਾਂਝੇ ਕਾਰਜ ਦੀ ਸੰਭਾਵਨਾ ਹੈ | ਇਸ ਤੋਂ ਇਲਾਵਾ ਵਾਤਾਵਰਨ ਤਬਦੀਲੀ, ਪਾਣੀ ਦੀ ਸੰਭਾਲ, ਮੁੱਲ ਵਾਧਾ, ਪ੍ਰੋਸੈਸਿੰਗ, ਏ ਆਈ ਆਦਿ ਖੇਤਰਾਂ ਵਿੱਚ ਮਿਲ ਕੇ ਕਾਰਜ ਕੀਤਾ ਜਾ ਸਕਦਾ ਹੈ | ਡਾ. ਗੋਸਲ ਨੇ ਕਿਹਾ ਕਿ ਸ਼੍ਰੀ ਪੈਟ੍ਰਿਕ ਹੇਬਰਟ ਦੀ ਫੇਰੀ ਇਸ ਖੇਤਰ ਵਿੱਚ ਸਾਂਝੇ ਕਾਰਜਾਂ ਦੀ ਨਵੀਂ ਪਹਿਲਕਦਮੀ ਸਾਬਿਤ ਹੋਵੇਗੀ |
ਇਸ ਮੌਕੇ ਮਹਿਮਾਨ ਨੂੰ ਪੀ.ਏ.ਯੂ. ਦੇ ਖੋਜ, ਅਕਾਦਮਿਕ ਅਤੇ ਪਸਾਰ ਢਾਂਚੇ ਤੋਂ ਜਾਣੂੰ ਕਰਵਾਇਆ ਗਿਆ| ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਖੋਜ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਹੁਣ ਤੱਕ ਸੰਸਥਾ ਨੇ 900 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਹਨ ਜਿਨ•ਾਂ ਵਿੱਚ ਖੇਤ ਫ਼ਸਲਾਂ, ਦਾਲਾਂ, ਸਬਜ਼ੀਆਂ ਅਤੇ ਚਾਰਾ ਦੀਆਂ ਕਿਸਮਾਂ ਹਨ | ਇਹਨਾਂ ਵਿੱਚੋਂ 230 ਤੋਂ ਵੱਧ ਕਿਸਮਾਂ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪਛਾਣੀਆਂ ਗਈਆਂ | 50 ਪ੍ਰਤੀਸ਼ਤ ਤੋਂ ਵਧੇਰੇ ਮਸ਼ੀਨਰੀ ਜੋ ਰਾਸ਼ਟਰੀ ਪੱਧਰ ਤੇ ਵਰਤੀ ਜਾਂਦੀ ਹੈ ਉਸਦੀ ਖੋਜ ਅਤੇ ਵਿਕਾਸ ਵਿੱਚ ਪੀ.ਏ.ਯੂ. ਦਾ ਹੱਥ ਹੈ | ਮੌਜੂਦਾ ਸਮੇਂ ਵਿੱਚ ਯੂਨੀਵਰਸਿਟੀ ਬਰੀਡਿੰਗ, ਮਸ਼ੀਨਰੀ, ਵਾਤਾਵਰਨ ਅਨੁਕੂਲ ਫਸਲਾਂ, ਵਣ ਖੇਤੀ, ਜੈਵਿਕ ਖਾਦਾਂ ਆਦਿ ਦੇ ਖੇਤਰ ਵਿੱਚ ਲਗਾਤਾਰ ਖੋਜ ਕਰ ਰਹੀ ਹੈ |
ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਪੀ.ਏ.ਯੂ. ਦੇ ਪਸਾਰ ਢਾਂਚੇ ਦੀ ਜਾਣਕਾਰੀ ਦਿੱਤੀ | ਉਹਨਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸੇਵਾ ਸਲਾਹ ਕੇਂਦਰਾਂ ਬਾਰੇ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੂੰ ਖੇਤੀ ਸੰਬੰਧੀ ਨਵੀਆਂ ਤਕਨੀਕਾਂ ਅਤੇ ਸਿਖਲਾਈ ਤੋਂ ਜਾਣੂ ਕਰਵਾ ਰਿਹਾ ਹੈ | ਇਸ ਸੰਬੰਧ ਵਿੱਚ ਕਿਸਾਨ ਮੇਲੇ ਸਾਲ ਵਿੱਚ ਦੋ ਵਾਰ ਆਯੋਜਿਤ ਕੀਤੇ ਜਾਂਦੇ ਹਨ |
ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ.ਕੇ. ਛੁਨੇਜਾ ਨੇ ਅਕਾਦਮਿਕ ਢਾਂਚੇ, ਕਾਲਜਾਂ ਅਤੇ ਵਿਭਾਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਡੀਨਾਂ ਅਤੇ ਨਿਰਦੇਸ਼ਕਾਂ ਨੇ ਮਹਿਮਾਨ ਨੂੰ ਆਪਣੇ ਕਾਲਜ ਦੇ ਉਦੇਸ਼ ਅਤੇ ਮੰਤਵਾਂ ਤੋਂ ਜਾਣੂੰ ਕਰਵਾਇਆ |
ਇਸ ਸਮਾਗਮ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ |
Consulate-General-Of-Canada-Pau-Talked-About-The-Possibility-Of-Areas-Of-Association-By-Visiting