ਪੀ.ਏ.ਯੂ. ਦੇ ਸੰਚਾਰ ਕੇਂਦਰ ਵੱਲੋਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਨਿਗਰਾਨੀ ਹੇਠ ਪੁਰਾਤਨ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਕਰਦੀ ਇੱਕ ਪੇਂਟਿੰਗ ਯੂਨੀਵਰਸਿਟੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਭੇਂਟ ਕੀਤੀ ਗਈ | ਜ਼ਿਕਰਯੋਗ ਹੈ ਕਿ ਡਾ. ਗੋਸਲ ਨੇ ਆਪਣੇ ਸੱਭਿਆਚਾਰ ਪ੍ਰਤੀ ਪ੍ਰੇਮ ਦੇ ਚਲਦਿਆਂ ਇੱਛਾ ਜ਼ਾਹਿਰ ਕੀਤੀ ਸੀ ਕਿ ਪੁਰਾਣੇ ਸੱਭਿਆਚਾਰ ਨਾਲ ਸੰਬੰਧਤ ਕਲਾਕਿਰਤ ਉਹਨਾਂ ਦੀ ਰਿਹਾਇਸ਼ਗਾਹ ਦਾ ਹਿੱਸਾ ਬਣੇ | ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸ਼ਾਨਦਾਰ ਪੇਂਟਿੰਗ ਨੂੰ ਬਣਾ ਕੇ ਦੇਣ ਲਈ ਸਮੁੱਚੇ ਸੰਚਾਰ ਕੇਂਦਰ ਦਾ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਇਹ ਪੇਟਿੰਗ ਉਹਨਾਂ ਦੇ ਬਚਪਨ ਦੇ ਘਰ ਦੀ ਯਾਦ ਦਿਵਾਉਂਦੀ ਹੈ | ਡਾ. ਗੋਸਲ ਨੇ ਇਸ ਪੇਂਟਿੰਗ ਨੂੰ ਬਨਾਉਣ ਵਾਲੀ ਵਿਦਿਆਰਥਣ ਮਨਪ੍ਰੀਤ ਕੌਰ ਲਈ ਅਸ਼ੀਰਵਾਦ ਦੇ ਸ਼ਬਦ ਕਹੇ | ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਪੀ.ਏ.ਯੂ. ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕਿਸੇ ਮੁਕਾਬਲੇ ਦਾ ਆਯੋਜਨ ਕਰਨ ਦੀ ਯੋਜਨਾ ਵੀ ਹੈ | ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਡਾ. ਸਤਿਬੀਰ ਸਿੰਘ ਗੋਸਲ ਦਾ ਕਲਾ ਲਈ ਪ੍ਰੇਮ ਹੈ ਤੇ ਉਹਨਾਂ ਨੇ ਹਮੇਸ਼ਾ ਉਭਰਦੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਹੈ | ਉਹਨਾਂ ਦੱਸਿਆ ਕਿ ਇਸ ਪੇਂਟਿੰਗ ਰਾਹੀਂ ਸੰਚਾਰ ਕੇਂਦਰ ਪੁਰਾਣੇ ਪੰਜਾਬੀ ਸੱਭਿਆਚਾਰ ਨਾਲ ਜੁੜਨ ਦਾ ਸੁਨੇਹਾ ਪ੍ਰਸਾਰਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ, ਡਾ. ਵਿਸ਼ਾਲ ਬੈਕਟਰ, ਡਾ. ਆਸ਼ੂ ਤੂਰ, ਡਾ. ਜਗਵਿੰਦਰ ਸਿੰਘ, ਸੰਦੀਪ ਕੌਰ ਕਲਸੀ, ਸ਼੍ਰੀ ਰਮੇਸ਼ ਕੁਮਾਰ ਮੌਜੂਦ ਸਨ |
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)