ਸ਼੍ਰੋਮਣੀ ਅਕਾਲੀ ਪੰਥ ਬੋਰਡ ਦਾ ਐਲਾਨ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਆਪਣੇ ਸਮਰਥਕਾਂ ਨਾਲ ਮੁਲਾਕਾਤਾਂ ਤੇਜ਼ ਕੀਤੀਆਂ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਪੰਥ ਬੋਰਡ ਦਾ ਐਲਾਨ ਕਰਕੇ ਅਕਾਲੀ ਦਲ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਆਪਣੇ ਸਮਰਥਕਾਂ ਨਾਲ ਮੁਲਾਕਾਤ ਵੀ ਤੇਜ਼ ਕਰ ਦਿੱਤੀ ਹੈ। ਐਤਵਾਰ ਨੂੰ ਬੀਬੀ ਜਗੀਰ ਕੌਰ ਵਿਧਾਨ ਸਭਾ ਹਲਕਾ ਪਾਇਲ ਵਿਖੇ ਪੁੱਜੇ ਜਿੱਥੇ ਓਹਨਾਂ ਨੇ ਇੱਕ ਸ਼ੋਕ ਸਭਾ ਚ ਭਾਗ ਲਿਆ ਓਥੇ ਹੀ ਬਾਅਦ ਚ ਆਪਣੇ ਸਮਰਥਕਾਂ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਓਹਨਾਂ ਦਾ ਇਕੋ ਮਕਸਦ ਹੈ ਕਿ ਐਸਜੀਪੀਸੀ ਨੂੰ ਇੱਕ ਪਾਰਟੀ ਅਤੇ ਪਰਿਵਾਰ ਤੋਂ ਮੁਕਤ ਕਰਾਉਣਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਅਸੀਂ ਇਸ ਕਰਕੇ ਧੱਕੇ ਖਾ ਰਹੇ ਹਾਂ ਕਿ ਅਸੀਂ ਰਾਜਨੀਤੀ ਨੂੰ ਉਪਰ ਰੱਖਿਆ ਅਤੇ ਧਰਮ ਨੂੰ ਥੱਲੇ। ਸਮੁੱਚੀ ਸਿੱਖ ਕੌਮ ਦੀ ਆਵਾਜ਼ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ ਨੂੰ ਰਾਜਨੀਤੀ ਤੋਂ ਪਰੇ ਰੱਖਿਆ ਜਾਵੇ। ਇਸ ਧਾਰਮਿਕ ਸੰਸਥਾ ਉਪਰ ਲੱਗੇ ਦਾਗ ਮਿਟਾਏ ਜਾਣ। ਜਿਸ ਕਰਕੇ ਓਹਨਾਂ ਨੇ ਵੱਖ ਵੱਖ ਜਮਾਤ ਦੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਕੇ ਇੱਕ ਪਲੇਟਫਾਰਮ ਬਣਾਇਆ। ਇਸ ਵਿੱਚ ਪੰਚ ਪ੍ਰਧਾਨੀ ਫੈਸਲੇ ਹੋਣਗੇ ਕੋਈ ਵੀ ਇਕੱਲਾ ਫੈਸਲਾ ਨਹੀਂ ਲੈ ਸਕੇਗਾ। ਐਸਜੀਪੀਸੀ ਚੋਣਾਂ ਲਈ ਹਰੇਕ ਪਾਰਟੀ ਅਤੇ ਸੰਸਥਾ ਚੋਂ ਨਾਮ ਲਏ ਜਾਣਗੇ। ਜਿਹੜੇ ਚੰਗੇ ਕਿਰਦਾਰ ਵਾਲੇ ਉਮੀਦਵਾਰ ਹੋਣਗੇ ਉਹ ਚੋਣ ਮੈਦਾਨ ਚ ਉਤਾਰੇ ਜਾਣਗੇ। ਐਸਜੀਪੀਸੀ ਦੀ ਪ੍ਰਧਾਨਗੀ ਨੂੰ ਲੈਕੇ ਬੀਬੀ ਜਗੀਰ ਕੌਰ ਨੇ ਮੁੜ ਕਿਹਾ ਕਿ ਲਿਫਾਫੇ ਚੋਂ ਹੀ ਪ੍ਰਧਾਨ ਨਿਕਲਦਾ ਸੀ। ਜਿਸਨੂੰ ਲੈਕੇ ਕਈ ਵਾਰ ਸੁਖਬੀਰ ਬਾਦਲ ਨੂੰ ਕਿਹਾ ਵੀ ਗਿਆ ਸੀ ਕਿ ਲੋਕਾਂ ਚ ਬਦਨਾਮੀ ਹੋ ਰਹੀ ਹੈ ਅਜਿਹਾ ਨਾ ਕੀਤਾ ਜਾਵੇ। ਸੁਖਬੀਰ ਨੇ ਗੱਲ ਮੰਨਣ ਦੀ ਥਾਂ ਪਾਰਟੀ ਚੋਂ ਬਾਹਰ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਜਦੋਂ ਓਹਨਾਂ ਨੇ ਸਿਧਾਤਾਂ ਦੀ ਗੱਲ ਕੀਤੀ ਤਾਂ ਓਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ। ਸਿੱਖ ਕੌਮ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਲੈਕੇ ਵੀ ਬੀਬੀ ਜਗੀਰ ਕੌਰ ਨੇ ਸਵਾਲ ਖੜ੍ਹੇ ਕੀਤੇ। ਓਹਨਾਂ ਕਿਹਾ ਕਿ ਜਦੋਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਅਤੇ ਪਾਰਟੀ ਹੀ ਜੱਥੇਦਾਰ ਦਾ ਹੁਕਮ ਨਹੀਂ ਮੰਨੇਗੀ ਤਾਂ ਆਮ ਲੋਕ ਕਿਸ ਤਰ੍ਹਾਂ ਮੰਨਣਗੇ। ਇਹੀ ਕਾਰਨ ਹੈ ਕਿ ਹੁਣ ਜੱਥੇਦਾਰ ਸਾਹਿਬ ਵੀ ਸਿੱਖਾਂ ਨੂੰ ਅਪੀਲ ਕਰ ਰਹੇ ਹਨ ਕਿ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਰਾਜ ਬਦਲਣ ਦੀ ਲੋੜ ਹੈ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)