beginning-of-revival-of-sports-culture-in-punjab-kejriwal-and-cm-mann-lay-foundation-of-india-s-first-multi-purpose-sports-complex-in-jalandhar-at-a-cost-of-rs-78-crore

ਪੰਜਾਬ ਵਿੱਚ ਖੇਡ ਸੱਭਿਆਚਾਰ ਸੁਰਜੀਤ ਕਰਨ ਦੀ ਸ਼ੁਰੂਆਤ: ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ 78 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ ਦੇ ਪਹਿਲੇ ਬਹੁ-ਮੰਤਵੀ ਖੇਡ ਕੰਪਲੈਕਸ ਦੀ ਨੀਂਹ ਰੱਖੀ

Jun11,2025 | Narinder Kumar | Jalandhar/chandigarh

ਅਪਰੇਸ਼ਨ ਬੁਲਡੋਜ਼ਰ ਨੇ ਡਰੱਗ ਨੈੱਟਵਰਕ ਦਾ ਲੱਕ ਤੋੜਿਆ, ਹੁਣ ਖੇਡਾਂ ਭਵਿੱਖ ਦਾ ਨਿਰਮਾਣ ਕਰਨਗੀਆਂ: ਕੇਜਰੀਵਾਲ

ਹਰੇਕ ਪਿੰਡ ਵਿੱਚ ਸਟੇਡੀਅਮ, ਨਸ਼ਿਆਂ ਵਿਰੁੱਧ ਸਾਡਾ ਜਵਾਬ ਹੋਣਗੇ: ਅਰਵਿੰਦ ਕੇਜਰੀਵਾਲ

ਅਸੀਂ 2022 ਵਿੱਚ ਸਪੋਰਟਸ ਹੱਬ ਦਾ ਵਾਅਦਾ ਕੀਤਾ ਸੀ ਅਤੇ ਅੱਜ ਅਸੀਂ ਇਸ ਨੂੰ ਪੂਰਾ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਮਾਨ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਖੇਡਾਂ ਨੂੰ ਪ੍ਰਮੋਟ ਕਰ ਕੇ ਨਸ਼ਿਆਂ ਵਿਰੁੱਧ ਕਾਰਵਾਈ ਤੇਜ਼ ਕਰਨ ਦਾ ਐਲਾਨ ਕੀਤਾ। ਬਰਲਟਨ ਪਾਰਕ ਸਪੋਰਟਸ ਹੱਬ, ਜੋ ਕਿ ਲਗਭਗ 78 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਹੋਣ ਵਾਲਾ ਅਹਿਮ ਪ੍ਰੋਜੈਕਟ ਹੈ, ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਇਤਿਹਾਸਕ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਹਿਲ ਹਜ਼ਾਰਾਂ ਲੋਕਾਂ ਨੂੰ ਖੇਡਾਂ ਵਿੱਚ ਸ਼ਾਮਲ ਹੋਣ ਅਤੇ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਦੇ ਮੌਕੇ ਮੁਹੱਈਆ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦੇਸ਼ ਦਾ ਆਪਣੀ ਤਰ੍ਹਾਂ ਦਾ ਪਹਿਲਾ ਖੇਡ ਕੰਪਲੈਕਸ ਹੋਵੇਗਾ ਅਤੇ ਇੱਕ ਸਾਲ ਦੇ ਅੰਦਰ ਪੂਰਾ ਹੋ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕਦੇ ਖੇਡਾਂ ਸਮੇਤ ਕਈ ਖੇਤਰਾਂ ਵਿੱਚ ਮੋਹਰੀ ਸੀ ਪਰ ਰਵਾਇਤੀ ਸਿਆਸੀ ਪਾਰਟੀਆਂ ਦੀਆਂ ਪਿਛਾਖੜੀ ਨੀਤੀਆਂ ਇਸ ਦੇ ਪਤਨ ਦਾ ਕਾਰਨ ਬਣੀਆਂ। ਉਨ੍ਹਾਂ ਨੇ ਇਨ੍ਹਾਂ ਪਾਰਟੀਆਂ ਨੂੰ ਨਸ਼ਿਆਂ ਦੇ ਖ਼ਤਰੇ ਨੂੰ ਵਧਾਉਣ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਨੇ ਹੁਣ ਨਸ਼ਿਆਂ ਦੇ ਨੈੱਟਵਰਕ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਉਨ੍ਹਾਂ ਨੇ ਸਰਕਾਰ ਦੀਆਂ ਦਲੇਰਾਨਾ ਕਾਰਵਾਈਆਂ, ਜਿਵੇਂ ਕਿ ਅਪਰੇਸ਼ਨ ਬੁਲਡੋਜ਼ਰ ਰਾਹੀਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਢਾਹੁਣ ਬਾਰੇ ਚਾਨਣਾ ਪਾਇਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਰਲਟਨ ਪਾਰਕ ਦਾ ਨਵੀਨੀਕਰਨ ਨਸ਼ਾ ਵਿਰੋਧੀ ਮੁਹਿੰਮ ਤਹਿਤ ਇੱਕ ਰਣਨੀਤਕ ਕਦਮ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਲਦੀ ਹੀ ਹਰੇਕ ਪਿੰਡ ਵਿੱਚ ਅਤਿ-ਆਧੁਨਿਕ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਦੁਹਰਾਇਆ ਕਿ ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਨੂੰ ਦੇਸ਼ ਵਿੱਚ ਮੋਹਰੀ ਸੂਬੇ ਵਜੋਂ ਸਥਾਪਿਤ ਕਰਨਾ ਹੈ। ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਉਦਯੋਗ-ਅਨੁਕੂਲ ਰੁਖ਼ ਦਾ ਵੀ ਜ਼ਿਕਰ ਕੀਤਾ, ਜਿਸ ਨੇ ਮਹੱਤਵਪੂਰਨ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਪੰਜਾਬ ਭਰ ਵਿੱਚ ਨਵੇਂ ਫੋਕਲ ਪੁਆਇੰਟਾਂ ਦੀ ਸਥਾਪਨਾ ਅਤੇ ਫਾਸਟਟਰੈਕ ਪੰਜਾਬ ਪੋਰਟਲ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ ਤਾਂ ਜੋ ਨਿਵੇਸ਼ਕਾਂ ਨੂੰ ਅਰਜ਼ੀ ਦੇਣ ਦੇ 45 ਦਿਨਾਂ ਦੇ ਅੰਦਰ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਸਕਣ। ਉਨ੍ਹਾਂ ਕਿਹਾ ਕਿ ਪੰਜਾਬ, ਜੋ ਆਪਣੀ ਹਿੰਮਤ ਅਤੇ ਉੱਦਮੀ ਸੁਭਾਅ ਲਈ ਜਾਣਿਆ ਜਾਂਦਾ ਹੈ, ਹੁਣ ਭਾਰਤ ਦੇ ਉਦਯੋਗਿਕ ਉਭਾਰ ਦੀ ਅਗਵਾਈ ਕਰਨ ਲਈ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸੂਬਾ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ਅਤੇ ਇਹ ਗਤੀ ਭਵਿੱਖ ਵਿੱਚ ਵੀ ਜਾਰੀ ਰਹੇਗੀ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੀ ਵਿਰਾਸਤ ਦਾ ਜ਼ਿਕਰ ਕੀਤਾ ਕਿ ਇੱਥੇ ਬੇਮਿਸਾਲ ਖਿਡਾਰੀ ਪੈਦਾ ਹੋਏ ਹਨ, ਜਿਨ੍ਹਾਂ ਨੇ ਦੇਸ਼ ਨੂੰ, ਖ਼ਾਸ ਕਰ ਕੇ ਹਾਕੀ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਦਿਵਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਕੌਮੀ ਹਾਕੀ ਟੀਮ ਦੇ ਬਹੁਤ ਸਾਰੇ ਖਿਡਾਰੀ ਇਸ ਜ਼ਿਲ੍ਹੇ ਤੋਂ ਹਨ, ਜਿਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਇਸ ਦੇ ਮੈਦਾਨਾਂ ਤੋਂ ਨਿਕਲੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਲਾਂ ਤੋਂ ਸਿਆਸੀ ਕੁਪ੍ਰਬੰਧ ਕਾਰਨ ਪੰਜਾਬ ਖੇਡਾਂ ਵਿੱਚ ਪਛੜ ਗਿਆ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਅਥਲੈਟਿਕਸ ਵਿੱਚ ਸੂਬੇ ਦੀ ਗੁਆਚੀ ਸ਼ਾਨ ਨੂੰ ਰਣਨੀਤਕ ਯਤਨਾਂ ਰਾਹੀਂ ਬਹਾਲ ਕੀਤਾ ਜਾਵੇਗਾ। ਖੇਡਾਂ ਨੂੰ ਸੁਰਜੀਤ ਕਰਨਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਕੇਂਦਰੀ ਥੰਮ੍ਹ ਹੈ, ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਰਾਹਾਂ ਵੱਲ ਲੈ ਜਾਣਾ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਤਿਹਾਸਕ ਬਰਲਟਨ ਪਾਰਕ ਦਾ ਨਾਮ ਇੱਕ ਮਹਾਨ ਪੰਜਾਬੀ ਅਥਲੀਟ ਦੇ ਨਾਮ 'ਤੇ ਰੱਖਿਆ ਜਾਵੇਗਾ ਤਾਂ ਕਿ ਬਸਤੀਵਾਦੀ ਵਿਰਾਸਤ ਤੋਂ ਨਿਜ਼ਾਤ ਮਿਲੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੁੱਲਾਂਪੁਰ ਤੋਂ ਬਾਅਦ ਜਲਦੀ ਹੀ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਕਸਤ ਕੀਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਮਾਣ ਨਾਲ ਕਿਹਾ ਕਿ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਦੇ ਕਪਤਾਨਾਂ ਦੇ ਨਾਲ-ਨਾਲ ਫੁੱਟਬਾਲ ਟੀਮ ਦੇ ਕਪਤਾਨ ਵੀ ਪੰਜਾਬ ਤੋਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਜਲਦੀ ਹੀ ਖੇਡਾਂ ਵਿੱਚ ਨੰਬਰ ਇੱਕ ਸੂਬਾ ਬਣ ਜਾਵੇਗਾ ਅਤੇ ਸਰਕਾਰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਖਿਡਾਰੀਆਂ ਨੂੰ ਅਥਲੈਟਿਕ ਵਿੱਚ ਮੱਲਾਂ ਮਾਰਨ ਦੇ ਯੋਗ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੁੱਖ ਮੰਤਰੀ ਨੇ ਅਖ਼ੀਰ ਵਿੱਚ ਪੰਜਾਬ ਅਤੇ ਇਸ ਦੇ ਲੋਕਾਂ ਦੇ ਸਰਵਪੱਖੀ ਵਿਕਾਸ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਰਾਤਨ ਸ਼ਾਨ ਨੂੰ ਹਰ ਹਾਲ ਵਿੱਚ ਬਹਾਲ ਕੀਤਾ ਜਾਵੇਗਾ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇਗਾ।

beginning-of-revival-of-sports-culture-in-punjab-kejriwal-and-cm-mann-lay-foundation-of-india-s-first-multi-purpose-sports-complex-in-jalandhar-at-a-cost-of-rs-78-crore


pbpunjab ad banner image
pbpunjab ad banner image
pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com