ਵਿਸ਼ਵ ਬੈਂਕ ਵਿਚ ਆਰਥਿਕ ਅਤੇ ਇਲਾਕਾਈ ਖੇਤੀ ਦੇ ਮਾਹਿਰ ਅਤੇ ਖੋਜੀ ਡਾ. ਇਵਗੁਏਨੀ ਵਿਕਟੋਰੋਵਿਚ ਪੋਲਿਆਕੋਵ ਬੀਤੇ ਦਿਨੀਂ ਪੀ ਏ ਯੂ ਦੇ ਦੌਰੇ ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਡਾ: ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ ਦੇ ਕਾਨਫਰੰਸ ਹਾਲ ਵਿੱਚ ਪੰਜਾਬ ਦੇ ਦੋ ਦਰਜਨ ਤੋਂ ਵਧੇਰੇ ਕਿਸਾਨਾਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ। ਨਿਰਦੇਸ਼ਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਨੇ ਇਸ ਮਿਲਣੀ ਵਿਚ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਪੀਏਯੂ ਦੇ ਪਸਾਰ ਢਾਂਚੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨਾਂ ਵਿਚਕਾਰ ਤਾਲਮੇਲ ਬਾਰੇ ਵਿਸਥਾਰ ਨਾਲ ਦੱਸਿਆ ਤੇ ਕਿਹਾ ਕਿ ਤਕਨਾਲੋਜੀਆਂ ਦੇ ਤਬਾਦਲੇ ਅਤੇ ਖੇਤੀ ਜਾਣਕਾਰੀ ਮੁਹਈਆ ਕਰਾਉਣ ਲਈ ਪੀ ਏ ਯੂ ਸਾਲ ਵਿਚ ਦੋ ਵਾਰ ਕਿਸਾਨ ਮੇਲੇ ਆਯੋਜਿਤ ਕਰਦੀ ਹੈ। ਇਸ ਤੋਂ ਇਲਾਵਾ ਖੇਤਰੀ ਕੇਂਦਰਾਂ ਤੇ ਵੀ ਕਿਸਾਨ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਜੋ ਇਲਾਕੇ ਵਿਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਤੇ ਹੋਰ ਮੁਸ਼ਕਿਲਾਂ ਬਾਰੇ ਕਿਸਾਨਾਂ ਨੂੰ ਸੁਚੇਤ ਕਰਨ ਦਾ ਮਾਧਿਅਮ ਹਨ। ਇਸ ਮੀਟਿੰਗ ਵਿੱਚ ਮੋਗਾ, ਜਲੰਧਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਦੇ ਅਗਾਂਹਵਧੂ ਕਿਸਾਨਾਂ ਨੇ ਕੇਵੀਕੇ ਦੇ ਵਿਗਿਆਨੀਆਂ ਨੇ ਭਾਗ ਲਿਆ। ਡਾ: ਪੋਲੀਆਕੋਵ ਨੇ ਕਿਸਾਨ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਪੁੱਛਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੀਏਯੂ ਦੀ ਅਹਿਮ ਭੂਮਿਕਾ ਦੀ ਜਾਣਕਾਰੀ ਲਈ। ਕਿਸਾਨਾਂ ਨੇ ਪੀਏਯੂ ਅਤੇ ਇਸ ਦੇ ਵਿਸਤਾਰ ਪ੍ਰਣਾਲੀ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਅਤੇ ਤਕਨਾਲੋਜੀਆਂ ਦੇ ਤਬਾਦਲੇ ਵਿੱਚ ਪੀਏਯੂ-ਕੇਵੀਕੇ ਦੀ ਭੂਮਿਕਾ ਨੂੰ ਸਾਂਝਾ ਕੀਤਾ। ਕਿਸਾਨਾਂ ਨੇ ਪੰਜਾਬ ਦੀ ਖੇਤੀ ਸਬੰਧੀ ਚਿੰਤਾਵਾਂ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੂਚੀਬੱਧ ਕੀਤਾ। ਆਈ ਸੀ ਏ ਆਰ ਕਾਸਟ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਓ.ਪੀ. ਚੌਧਰੀ ਨੇ ਡਾ ਪੋਲੀਆਕੋਵ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨਾਂ ਦੀ ਬਿਹਤਰੀ ਲਈ ਪ੍ਰੋਜੈਕਟ ਅਧੀਨ ਕਿਤੇ ਕਾਰਜਾਂ ਦਾ ਵੇਰਵਾ ਦਿੱਤਾ । ਮੀਟਿੰਗ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਫੂਡ ਪ੍ਰੋਸੈਸਿੰਗ, ਨਹਿਰੀ ਪਾਣੀ ਦੀ ਵੰਡ ਅਤੇ ਮਿਆਰੀ ਉਤਪਾਦਾਂ ਦਾ ਯਕੀਨੀ ਮੰਡੀਕਰਨ ਕਿਸਾਨਾਂ ਲਈ ਮੁੱਖ ਚਿੰਤਾਵਾਂ ਹਨ। ਇਸ ਮੌਕੇ ਡਾ.ਜੀ.ਪੀ.ਐਸ.ਸੋਢੀ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਸਭ ਦਾ ਧੰਨਵਾਦ ਕੀਤਾ।
At-Pau-The-World-Bank-Official-Interacted-With-The-Farmers-Of-Punjab
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)