ਵਿਸ਼ਵ ਬੈਂਕ ਅਤੇ ਭੋਜਨ ਅਤੇ ਖੇਤੀ ਸੰਸਥਾਨ ਦੇ ਆਰਥਿਕ ਵਿਕਾਸ ਸਲਾਹਕਾਰ ਡਾ. ਇਵਗੁਏਨੀ ਵਿਕਟਰੋਵਿਚ ਪੋਲਿਆਕੋਵ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਯੂਨੀਵਰਸਿਟੀ ਅਧਿਕਾਰੀਆਂ ਅਤੇ ਅਧਿਆਪਕਾਂ ਨਾਲ ਪੀਏਯੂ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਲਈ। ਇਸ ਦੇ ਨਾਲ ਹੀ ਡਾ ਵਿਕਟਰੋਵਿਚ ਨੇ ਵਿਸ਼ਵ ਬੈਂਕ ਦੁਆਰਾ ਪ੍ਰਾਯੋਜਿਤ ਯੂਨੀਵਰਸਿਟੀ ਵਿੱਚ ਜਾਰੀ ਆਈ ਸੀ ਏ ਆਰ ਕਾਸਟ ਪ੍ਰੋਜੈਕਟ ਬਾਰੇ ਵੀ ਗੱਲਬਾਤ ਕੀਤੀ । ਡਾ. ਵਿਕਟਰੋਵਿਚ ਪਿਛਲੇ ਤੀਹ ਸਾਲਾਂ ਤੋਂ ਇਲਾਕਾਈ ਆਰਥਿਕਤਾ, ਕੌਮਾਂਤਰੀ ਵਪਾਰ ਅਤੇ ਪ੍ਰਭਾਵਾਂ ਨਾਲ ਜੁੜੇ ਹੋਏ ਹਨ। ਖੇਤੀਬਾੜੀ ਖੋਜ ਅਤੇ ਪਸਾਰ ਬਾਰੇ ਗੱਲ ਕਰਦਿਆਂ ਡਾ ਪੋਲੀਆਕੋਵ ਨੇ ਜ਼ੋਰ ਦਿੱਤਾ ਕਿ ਪਿਛਲੀ ਸਦੀ ਵਿੱਚ ਖੇਤੀ ਪੈਦਾਵਾਰ ਖੋਜ ਅਤੇ ਵਿਕਾਸ -ਤੇ ਨਿਰਭਰ ਕਰਦੀ ਸੀ। ਉਨ੍ਹਾਂ ਕਿਹਾ ਕਿ ਖੇਤੀ ਖੋਜ ਨਾਲ ਹੀ ਵੱਧ ਝਾੜ, ਮਿਆਰੀ ਕਿਸਮਾਂ ਅਤੇ ਸੁਧਰੇ ਉਤਪਾਦ ਹੋਂਦ ਵਿਚ ਆਏ ਜਿਨ੍ਹਾਂ ਨਾਲ ਸਮਾਜ ਦੇ ਵੱਡੇ ਵਰਗ ਨੂੰ ਲਾਭ ਪੁੱਜਾ। ਉਨ੍ਹਾਂ ਹੋਰ ਕਿਹਾ ਕਿ ਹਰ ਨਵੀਂ ਤਕਨਾਲੋਜੀ ਦਾ ਢੁਕਵਾਂ ਅਸਰ ਅਤੇ ਕਿਸਾਨ ਤੱਕ ਇਸਦੀ ਪਹੁੰਚ ਹੀ ਖੇਤੀਬਾੜੀ ਖੋਜ ਅਤੇ ਵਿਕਾਸ ਦਾ ਮੁੱਲ ਮੋੜਨ ਵਾਲੀ ਗੱਲ ਹੈ । ਇਸ ਲਈ ਖੇਤੀ ਖੋਜ ਦਾ ਅੰਤਿਮ ਨਿਸ਼ਾਨਾ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਤਕਨੀਕਾਂ ਦਾ ਵਿਕਾਸ ਤੇ ਉਨ੍ਹਾਂ ਤਕ ਪਹੁੰਚ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪੀ ਏ ਯੂ ਦੀ ਕਿਸਾਨਾਂ ਤਕ ਪਹੁੰਚ ਦੇ ਤਰੀਕੇ ਅਤੇ ਪਸਾਰ ਗਤੀਵਿਧੀਆਂ ਨੂੰ ਜਾਨਣ ਵਿਚ ਖਾਸ ਦਿਲਚਸਪੀ ਦਿਖਾਈ। ਡਾ. ਸਤਿਬੀਰ ਸਿੰਘ ਗੋਸਲ ਨੇ ਮਹਿਮਾਨ ਮਾਹਿਰ ਨੂੰ ਪੀਏਯੂ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਕਿਸਾਨੀ ਦੀ ਦਸ਼ਾ ਨੂੰ ਸੁਧਾਰਨ ਵਿੱਚ ਇਸਦੀ ਮਹੱਤਵਪੂਰਨ ਭੂਮਿਕਾ ਬਾਰੇ ਚਾਨਣਾ ਪਾਇਆ। ਹਰੀ ਕ੍ਰਾਂਤੀ ਦੀ ਆਮਦ ਲਈ ਪੀਏਯੂ ਨੇ ਖੇਤੀਬਾੜੀ, ਮਧੂ-ਮੱਖੀ ਪਾਲਣ ਅਤੇ ਖੇਤੀ ਮਸ਼ੀਨੀਕਰਨ ਦੀ ਸੰਭਾਲ ਵਿੱਚ ਬੇਮਿਸਾਲ ਕਾਰਜ ਕੀਤਾ ਹੈ। ਡਾ. ਗੋਸਲ ਨੇ ਯੂਨੀਵਰਸਿਟੀ ਦੀ 60 ਸਾਲਾਂ ਦੀ ਸ਼ਾਨਦਾਰ ਵਿਰਾਸਤ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਸੁਰੱਖਿਆ ਅਤੇ ਪ੍ਰੋਸੈਸਿੰਗ ਤਕਨਾਲੋਜੀਆਂ ਦੀ ਖੋਜ ਦੇ ਨਾਲ ਨਵੀਆਂ ਤਕਨਾਲੋਜੀਆਂ ਦੇ ਤਬਾਦਲੇ ਬਾਰੇ ਵਿਸ਼ੇਸ਼ ਯਤਨ ਕੀਤੇ ਹਨ । ਪੀਏਯੂ ਦੀਆਂ ਵਾਤਾਵਰਨ ਪੱਖੀ ਵੱਧ ਝਾੜ ਵਾਲੀਆਂ ਕਿਸਮਾਂ ਦੇ ਜ਼ਿਕਰ ਤੋਂ ਇਲਾਵਾ ਡਾ. ਗੋਸਲ ਨੇ ਕਿਹਾ ਕਿ ਇਹ ਯੂਨੀਵਰਸਿਟੀ ਨਾ ਸਿਰਫ਼ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ, ਸਗੋਂ ਕਿਸਾਨਾਂ ਲਈ ਲਾਭ ਵਾਲੀਆਂ ਕਿਸਮਾਂ, ਜਲਵਾਯੂ ਸੰਭਾਲ ਤਕਨਾਲੋਜੀਆਂ ਅਤੇ ਸਪੀਡ ਬ੍ਰੀਡਿੰਗ ਵਿਕਸਿਤ ਕਰਕੇ ਪੋਸ਼ਣ ਸੁਰੱਖਿਆ ਨੂੰ ਵੀ ਖੋਜ ਦੇ ਕੇਂਦਰ ਵਿਚ ਰੱਖਦੀ ਹੈ। ਉਨ੍ਹਾਂ ਨੇ ਐਨ ਆਈ ਆਰ ਐੱਫ 2023 ਰੈਂਕਿੰਗ ਵਿੱਚ ਪੀਏਯੂ ਵੱਲੋਂ ਦੇਸ਼ ਦੀਆਂ ਸਾਰੀਆਂ 63 ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਥਿਰ ਖੇਤੀਬਾੜੀ ਵਿੱਚ ਯੂਨੀਵਰਸਿਟੀ ਦੇ ਯਤਨਾਂ ਅਤੇ ਉਨ੍ਹਾਂ ਦੇ ਸਿੱਟਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਪਾਣੀ ਬਚਾਉਣ ਵਾਲੀਆਂ ਤਕਨਾਲੋਜੀਆਂ, ਥੋੜ੍ਹੇ ਸਮੇਂ ਦੀਆਂ ਕਿਸਮਾਂ, ਜੀਨੋਮਿਕ-ਸਹਾਇਤਾ ਪ੍ਰਾਪਤ ਪ੍ਰਜਣਨ, ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਤਕਨੀਕਾਂ, ਸੰਯੁਕਤ ਪੋਸ਼ਣ ਪ੍ਰਬੰਧਨ, ਜੈਵ ਖਾਦ, ਸੰਯੁਕਤ ਕੀਟ ਪ੍ਰਬੰਧਨ ਤਕਨੀਕਾਂ, ਵਾਢੀ ਤੋਂ ਬਾਅਦ ਸੰਭਾਲਣ ਦੇ ਢੰਗ, ਪ੍ਰੋਸੈਸਿੰਗ ਤਕਨੀਕਾਂ ਅਤੇ ਵਿਸ਼ੇਸ਼ ਕਿਸਮਾਂ ਸੰਬੰਧੀ ਕੀਤੀਆਂ ਪਹਿਲਕਦਮੀਆਂ ਬਾਰੇ ਦੱਸਿਆ। ਡਾ: ਢੱਟ ਨੇ ਜੀਨੋਮ ਐਡੀਟਿੰਗ, ਮਾਈਕ੍ਰੋਪ੍ਰੋਪੈਗੇਸ਼ਨ, ਜੈਨੇਟਿਕਲੀ ਮੋਡੀਫਾਈਡ ਫਸਲਾਂ ਅਤੇ ਨੈਨੋ ਖਾਦ ਵਰਗੀਆਂ ਆਧੁਨਿਕ ਤਕਨੀਕਾਂ ਦਾ ਵਿਸ਼ੇਸ਼ ਤੌਰ -ਤੇ ਜ਼ਿਕਰ ਕੀਤਾ।ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਯੂਨੀਵਰਸਿਟੀ ਦੇ ਪਸਾਰ ਢਾਂਚੇ ਅਤੇ ਵਿਗਿਆਨੀਆਂ ਅਤੇ ਕਿਸਾਨਾਂ ਵਿਚਕਾਰ ਇਸ ਦੇ ਮਜ਼ਬੂਤ ਸਬੰਧਾਂ ਬਾਰੇ ਚਰਚਾ ਕੀਤੀ। ਪੀਏਯੂ ਖੇਤੀ ਪਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕੇਵੀਕੇ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੁਆਰਾ ਕਿਸ ਤਰ੍ਹ। ਕਾਰਜ ਕਰਦਾ ਹੈ, ਇਸ ਬਾਰੇ ਉਨ੍ਹਾਂ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਕੈਂਪਾਂ, ਖੇਤ ਦਿਵਸ ਤੋਂ ਇਲਾਵਾ, ਕਿਸਾਨ ਮੇਲੇ ਸਾਲ ਵਿਚ ਦੋ ਵਾਰ ਆਯੋਜਿਤ ਕੀਤੇ ਜਾਂਦੇ ਹਨ, ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਮਾਧਿਅਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਡਾ: ਬੁੱਟਰ ਨੇ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਜਿਵੇਂ ਕਿ ਡਿਜੀਟਲ ਅਖਬਾਰ, ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ, ਪੀਏਯੂ ਕਿਸਾਨ ਐਪ, ਵਟਸਐਪ ਗਰੁੱਪ, ਅਤੇ ਕਿਸਾਨ ਦੂਤ ਦਾ ਜ਼ਿਕਰ ਕੀਤਾ, ਨਾਲ ਹੀ 100 ਤੋਂ ਵੱਧ ਖੇਤੀ ਪ੍ਰਕਾਸ਼ਨਾਵਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਪੀਏਯੂ ਵਿਖੇ ਆਈ ਸੀ ਏ ਆਰ ਕਾਸਟ ਪ੍ਰੋਜੈਕਟ ਸਕੂਲ ਆਫ਼ ਨੈਚੁਰਲ ਰਿਸੋਰਸ ਮੈਨੇਜਮੈਂਟ ਫਾਰ ਸਸਟੇਨੇਬਲ ਐਗਰੀਕਲਚਰ ਦੇ ਮਾਹਿਰ ਵੀ ਹਾਜ਼ਰ ਸਨ। ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ.ਓ.ਪੀ.ਚੌਧਰੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ।ਖੇਤੀਬਾੜੀ ਖੋਜ ਅਤੇ ਪਸਾਰ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਇਆ, ਜਿਸ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ। ਮਹਿਮਾਨ ਨੂੰ ਪੀਏਯੂ ਪ੍ਰਕਾਸ਼ਨ ਅਤੇ ਯੂਨੀਵਰਸਿਟੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
The-World-Bank-Expert-Inquired-About-The-Expansion-Activities-Of-Pau
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)