-pain-of-migrants-spoken-by-principal-balkar-singh-bajwa-gurbhajan-singh-gill-prof-

"ਪੀੜ ਪਰਵਾਸੀਆਂ ਦੀ" ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੀ ਜ਼ੁਬਾਨੀ:-ਗੁਰਭਜਨ ਸਿੰਘ ਗਿੱਲ (ਪ੍ਰੋ.)

May28,2024 | Narinder Kumar | Ludhiana

"ਪੀੜ ਪਰਵਾਸੀਆਂ ਦੀ"ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੀ ਜ਼ੁਬਾਨੀ:-ਗੁਰਭਜਨ ਸਿੰਘ ਗਿੱਲ (ਪ੍ਰੋ.)

“ਪੀੜ ਪਰਵਾਸੀਆਂ ਦੀ”ਮੇਰੇ ਵੱਡੇ ਵੀਰ ਪ੍ਰਿੰ. ਬਲਕਾਰ ਸਿੰਘ ਬਾਜਵਾ ਦੀ ਕੈਨੇਡਾ ਵਾਸ ਦੌਰਾਨ ਲਿਖੀ ਵਾਰਤਕ ਦਾ ਸੰਗ੍ਰਹਿ ਹੈ। ਟੋਰਾਂਟੋ (ਕੈਨੇਡਾ) ਵਿੱਚ ਵੱਸਦਿਆਂ ਉਨ੍ਹਾਂ ਨੇ 1996 ਤੋਂ ਲੈ ਕੇ ਹੁਣ ਤੱਕ ਦੇ ਦਿਖਾਵੇਂ ਸੁਖਾਵੇਂ ਸਭ ਅਨੁਭਵ ਅਸਲ ਕਿਰਦਾਰਾਂ ਸਮੇਤ ਇਸ ਪੁਸਤਕ ਵਿੱਚ ਪਰੋ ਦਿੱਤੇ ਹਨ। ਇਸ ਪੁਸਤਕ ਦਾ ਵਡੱਪਣ ਹੀ ਇਹੀ ਹੈ ਕਿ ਇਹ ਪਾਰਦਰਸ਼ੀ ਲਿਖਤ ਹੈ। ਸੱਚ ਤੇ ਸੁਚਮਤਾ ਨੂੰ ਆਰ-ਪਾਰੇ ਦੇਖਣ ਦੀ ਸਮਰੱਥਾ ਵਾਲੀ ਕਿਤਾਬ।
ਵਤਨ ਰਹਿੰਦਿਆਂ ਪ੍ਰਿੰ. ਬਲਕਾਰ ਸਿੰਘ ਬਾਜਵਾ ਉੱਤਰੀ ਭਾਰਤ ਦੇ ਮੁੱਖ ਸਿੱਖਿਆ ਅਦਾਰੇ ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸੁਧਾਰ (ਲੁਧਿਆਣਾ) ਦੇ ਲਗਪਗ ਤਿੰਨ ਦਹਾਕੇ ਪ੍ਰਿੰਸੀਪਲ ਰਹੇ ਹਨ। ਵੱਖ-ਵੱਖ ਸਮੇਂ 'ਤੇ ਵਿਦਿਆਰਥੀਆਂ ਦੇ ਲੰਘਾਏ ਪੂਰ ਉਨ੍ਹਾਂ ਦੇ ਵਿਸ਼ਲੇਸ਼ਣੀ ਸੁਭਾਅ ਨੂੰ ਹੁਣ ਵੀ ਚੇਤੇ ਕਰਦਿਆਂ ਆਖਦੇ ਹਨ ਕਿ ਪ੍ਰਿੰਸੀਪਲ ਬਾਜਵਾ ਭੂਤ, ਭਵਿੱਖ ਅਤੇ ਵਰਤਮਾਨ ਨੂੰ ਇਕੋ ਵੇਲੇ ਦੇਖਣ ਤੇ ਵਿਖਾਉਣ ਵਾਲਾ ਅਧਿਆਪਕ ਸੀ।
ਪਰਦੇਸ ਜਾ ਕੇ ਵੀ ਉਨ੍ਹਾਂ ਨੇ ਆਪਣੀ ਕਲਮ ਨੂੰ ਟਿਕ ਕੇ ਨਹੀਂ ਬਹਿਣ ਦਿੱਤਾ। ਦੇਸ਼ ਵੱਸਦਿਆਂ ਉਨ੍ਹਾਂ ਦੀ ਇਕ ਕਿਤਾਬ 'ਸਿਖਿਆ ਸਭਿਆਚਾਰ ਵਿਰਸਾ ਤੇ ਵਰਤਮਾਨ’ ਛਪ ਚੁੱਕੀ ਸੀ। ਕੈਨੇਡਾ ਪੁੱਜ ਕੇ ਉਨ੍ਹਾਂ ਨੇ ਪਹਿਲੀ ਕਿਤਾਬ “ਰੰਗ ਕੈਨੇਡਾ ਦੇ”ਲਿਖੀ। ਇਹ ਕਿਤਾਬ ਮੂਲ ਰੂਪ ਵਿੱਚ ਦੇਸੋਂ ਪਰਦੇਸ ਗਏ ਨਵੇਂ ਬੰਦੇ ਲਈ ਭਰਮ ਤੋੜ ਗਰੰਥ ਜਿਹੀ ਕਿਰਤ ਹੈ।
ਇਸ ਕਿਤਾਬ ਨੂੰ ਪੜ੍ਹਦਿਆਂ ਬੰਦਾ ਸੋਚਦਾ ਹੈ ਕਿ ਜੇ ਇਕ ਕਾਲਜ ਦਾ ਪ੍ਰਿੰਸੀਪਲ ਕੈਨੇਡਾ ਜਾ ਕੇ ਸਕਿਓਰਿਟੀ ਦੀ ਨੌਕਰੀ ਕਰ ਸਕਦਾ ਹੈ, ਕਾਰੋਬਾਰੀ ਅਦਾਰਿਆਂ 'ਚ ਨਿੱਕੇ-ਮੋਟੇ ਕੰਮ ਕਰਕੇ ਆਤਮ-ਸਨਮਾਨ ਲਈ ਖ਼ਰਚ -ਪੱਠਾ ਇਕੱਠਾ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ।
ਕੈਨੇਡਾ ਵਿੱਚ ਮੈਨੂੰ ਮੇਰੇ ਕਈ ਪੁਰਾਣੇ ਸਹਿ-ਕਰਮੀ ਅਧਿਆਪਕ ਜਾਣਦੇ ਹਨ, ਜਿਨ੍ਹਾਂ ਨੂੰ ਇਸ ਪੁਸਤਕ ਨੇ ਆਤਮ-ਵਿਸ਼ਵਾਸ ਦਿੱਤਾ ਕਿ ਉਹ ਵੀ ਬੱਚਿਆਂ 'ਤੇ ਬੋਝ ਬਣਨ ਦੀ ਥਾਂ ਕਰਮਯੋਗ ਕਮਾ ਸਕਦੇ ਹਨ। ਕਿਸੇ ਲਿਖਤ ਦੀ ਇਸ ਤੋਂ ਵੱਧ ਹੋਰ ਪ੍ਰਾਪਤੀ ਕੀ ਹੋ ਸਕਦੀ ਹੈ ਕਿ ਉਹ ਡਿੱਗੇ ਬੰਦ ਨੂੰ ਖੜ੍ਹਾ ਕਰੇ ਤੇ ਕਹੇ, ਉੱਠ ਚੱਲ! ਕੀ ਹੋਇਆ ਤੈਨੂੰ'' ਤਾਂ ਉਹ ਦੌੜ ਕੇ ਪੈਂਡਾ ਮੁਕਾ ਲਵੇ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਜੀਵਨ ਸਫਰ 'ਚ ਪ੍ਰੇਰਨਾ ਸਰੋਤ ਕਿਰਦਾਰਾਂ ਬਾਰੇ ਪਰਿਵਾਰ-ਮੂਲਕ ਕਿਰਦਾਰਾਂ ਬਾਰੇ ਇੱਕ ਕਿਤਾਬ ਲਿਖੀ ਸੀ “ਮੇਰੇ ਰਾਹਾਂ ਦੇ ਰੁੱਖ”।
ਇਸ ਵਿੱਚ ਮੇਰੇ ਪੁਰਖਿਆਂ ਤੋਂ ਲੈ ਕੇ ਮੇਰੇ ਵਰਗੇ ਨਿਗੂਣੇ ਕਿਰਦਾਰ ਤੱਕ ਦੇ ਰੇਖਾ ਚਿੱਤਰ ਹਨ। ਇਹ ਗੱਲ ਕਰਨ ਦਾ ਕਾਰਨ ਇਹ ਹੈ ਕਿ ਪ੍ਰਿੰ. ਬਲਕਾਰ ਸਿੰਘ ਬਾਜਵਾ ਨੇ ਆਪਣੇ ਜੀਵਨ ਕਾਲ ਦਾ ਹਰ ਪਲ ਆਪਣੇ ਚੇਤਿਆਂ ਵਿੱਚ ਸੰਭਾਲਿਆ ਹੋਇਆ ਹੈ ਅਤੇ ਜਿੱਥੋਂ ਚਾਹੁਣ ,ਖੋਲ੍ਹ ਕੇ ਉਸ ਪਾਸੋਂ ਪ੍ਰੇਰਨਾ ਤੇ ਊਰਜਾ ਹਾਸਲ ਕਰ ਲੈਂਦੇ ਹਨ।
ਇਹ ਬੜੇ ਥੋੜ੍ਹੇ ਲੋਕਾਂ ਨੂੰ ਨਸੀਬ ਹੁੰਦਾ ਹੈ ਕਿ ਉਹ ਪ੍ਰੇਰਨਾ ਸਰੋਤ ਕਿਰਦਾਰਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਮੋੜ ਸਕਣ। ਮੇਰੇ ਬਾਪੂ ਜੀ ਜੋ ਉਨ੍ਹਾਂ ਦੇ ਵੱਡੇ ਮਾਮਾ ਜੀ ਲੱਗਦੇ ਸਨ, ਪੈਲੀ ਚ ਸੁਹਾਗਾ ਫੇਰਨ ਵੱਲੇ ਬਾਲ ਬਲਕਾਰ ਨੂੰ ਆਪਣੀਆਂ ਲੱਤਾਂ ਦੇ ਵਿਚਕਾਰ ਖੜਾ ਕਰ ਲੈਂਦੇ ਸਨ। ਨਿੱਕਾ ਬਾਲਕਾ ਬਲਕਾਰ (ਬੱਲੀ)ਮਾਮੇ ਦੀਆਂ ਲੱਤਾਂ ਨੂੰ ਚੰਬੜਿਆ ਰਹਿੰਦਾ।
ਸਾਡੇ ਬਾਪੂ ਜੀ ਤਾਂ 1987 'ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਪਰ ਪ੍ਰਿੰ. ਬਲਕਾਰ ਸਿੰਘ ਬਾਜਵਾ ਨੂੰ ਉਮਰ ਦੇ ਅਠਵੇਂ ਦਹਾਕੇ ਦੇ ਅੰਤ ਵਿਚ ਪਹੁੰਚ ਕੇ ਵੀ ਅਜੇ ਆਪਣੇ ਮਾਮੇ ਦੀਆਂ ਲੱਤਾਂ ਨੂੰ ਚੰਬੜਿਆ ਵੇਖਿਆ ਜਾ ਸਕਦਾ ਹੈ। ਹੁਣ ਵੀ ਜੇ ਕਦੇ ਉਨ੍ਹਾਂ ਨਾਲ ਬਾਪੂ ਜੀ ਦੀ ਗੱਲ ਛੇੜ ਲਵੋ ਤਾਂ ਘੰਟਿਆਂ ਬੱਧੀ ਯਾਦਾਂ ਦੇ ਲੱਛੇ ਉਧੜਦੇ ਰਹਿੰਦੇ ਹਨ। ਪ੍ਰਿੰ. ਬਲਕਾਰ ਸਿੰਘ ਬਾਜਵਾ ਖਾਲਸਾ ਕਾਲਜ ਅੰਮ੍ਰਿਤਸਰ 'ਚ ਪੜ੍ਹਦਿਆਂ ਉੱਘੇ ਅਥਲੀਟ ਸਨ। ਹੈਮਰ ਥਰੋਅ ਵਿੱਚ ਇੰਟਰ 'ਵਰਸਿਟੀ ਚੈਂਪੀਅਨ ਬਣੇ। ਨੌਕਰੀ ਲਈ ਗੁਰੂਸਰ ਸੁਧਾਰ ਆ ਕੇ ਕਾਲਿਜ ਦੀ ਹਾਕੀ ਟੀਮ ਬਣਾ ਲਈ। ਅਨੇਕਾਂ ਪਿੰਡਾਂ 'ਚ ਟੂਰਨਾਮੈਂਟ ਖੇਡ। ਪ੍ਰਿੰਸੀਪਲ ਬਣ ਕੇ ਵੀ ਪੇਂਡੂ ਮੁੰਡਿਆ ਨਾਲ ਹਾਕੀ ਖੇਡਦੇ ਰਹੇ। ਗੁਰੂਸਰ ਸੁਧਾਰ ਦੇ ਹਾਕੀ ਖਿਡਾਰੀਆਂ ਬਾਰੇ ਇਕ ਕਿਤਾਬ “ਹਾਕੀ ਸਿਤਾਰੇ ਸੁਧਾਰ ਦੇ” ਲਿਖੀ। ਕੈਨੇਡਾ ਵੱਸਦੇ ਹਮ-ਉਮਰ ਜਾਂ ਸਹਿ-ਕਰਮੀ ਕਰਮਯੋਗੀਆ ਬਾਰੇ ਕਿਤਾਬ “ਮੇਰੇ ਹਮਸਫਰ”ਲਿਖੀ। ਇਸੇ ਤਰ੍ਹਾਂ ਰੰਗ ਨਿਆਰੇ ਮੈਪਲ ਦੇ” ਵੀ ਉਨ੍ਹਾਂ ਦੀ ਮਾਣਯੋਗ ਕਿਰਤ ਹੈ।
ਹੁਣ “ਪੀੜ ਪਰਵਾਸੀਆਂ ਦੀ “ ਬਾਰੇ ਗੱਲ ਛੋਹ ਰਿਹਾਂ।
ਇਸ ਪੁਸਤਕ ਦਾ ਸਮਰਪਣ ਹੀ ਕਮਾਲ ਦਾ ਹੈ। ਇਹ ਕਿਤਾਬ ਉਨ੍ਹਾਂ ਪਰਵਾਸੀਆਂ ਨੂੰ ਸਮਰਪਿਤ ਹੈ ਜੋ ਆਪਣੇ ਮਨ- ਮਸਤਕ ਵਿੱਚ ਆਪਣੀ ਪਿਛੋਰੜੀ ਰਹਿਤਲ ਦੀ ਖੁਸ਼ਬੂ ਨੂੰ ਵਧਾਉਣ ਤੇ ਮਾਨਣ ਲਈ ਹਮੇਸ਼ਾ ਸੋਚਦੇ ਰਹਿੰਦੇ ਹਨ ਅਤੇ ਯੋਗਦਾਨ ਪਾਉਂਦੇ ਹਨ।
“ਪੀੜ ਪਰਵਾਸੀਆਂ ਦੀ “ ਕਿਤਾਬ ਵਿੱਚ ਵਿਚਰਦੇ ਵਿਅਕਤੀ ਅਤੇ ਉਨ੍ਹਾਂ ਨਾਲ ਸਬੰਧਤ ਵਰਤਾਰੇ ਸਾਨੂੰ ਜ਼ਿੰਦਗੀ ਨਾਲ ਮੁਹੱਬਤ ਕਰਨ ਦੀ ਪ੍ਰੇਰਨਾ ਦਿੰਦੇ ਹਨ। ਅਸਲ 'ਚ ਇਹ ਸਾਰੇ ਲੇਖ ਪਹਿਲਾਂ ਕੈਨੇਡਾ ਦੇ ਪ੍ਰਮੁੱਖ ਪੰਜਾਬੀ ਸਪਤਾਹਿਕ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਕੇ ਪੰਜਾਬੀ ਭਾਈਚਾਰੇ ਦਾ ਧਿਆਨ ਵੱਖ-ਵੱਖ ਸਮੱਸਿਆਵਾਂ ਵੱਲ ਦਿਵਾਉਂਦੇ ਰਹੇ ਹਨ।
ਲੋਕ ਚੇਤਨਾ ਲਹਿਰ ਨੂੰ ਪ੍ਰਚੰਡ ਕਰਨ ਲਈ ਅਖ਼ਬਾਰਾਂ 'ਚ ਛਪੇ ਇਨ੍ਹਾਂ ਲੇਖਾਂ ਕਾਰਨ ਪ੍ਰਿੰ.ਬਲਕਾਰ ਸਿੰਘ ਬਾਜਵਾ ਉੱਤਰੀ ਅਮਰੀਕਾ ਵਿੱਚ ਘਰ-ਘਰ ਦੀ ਕਹਾਣੀ ਬਣ ਚੁੱਕੇ ਹਨ। ਉਨ੍ਹਾਂ ਕੋਲ ਵਾਰਤਾਲਾਪ ਦੀ ਨਿਵੇਕਲੀ ਵਿਧੀ ਹੈ, ਜਿਸ ਨੂੰ ਉਹ ਆਪਣੇ ਲੇਖਾਂ ਵਿੱਚ ਬਾਖੂਬੀ ਵਰਤਦੇ ਹਨ। ਬੋਲ ਚਾਲ ਵਿੱਚ ਰਸੀਲੀ ਵਾਰਤਾਲਾਪ ਅੰਕਿਤ ਕਰਨ ਲੱਗਿਆਂ ਉਹ ਖੇਤਰੀ ਚਾਸ਼ਨੀ ਨੂੰ ਫਿੱਕਾ ਨਹੀਂ ਪੈਣ ਦਿੰਦੇ ਸਗੋਂ ਉਸ ਰੂਪ ਸਰੂਪ ਵਿੱਚ ਹੀ ਪੁੱਠ ਕੌਮਿਆਂ ਅੰਦਰ ਪਰੋਸ ਦਿੰਦੇ ਹਨ। ਉਨ੍ਹਾਂ ਦੀ ਇਸ ਤਕਨੀਕ ਨੂੰ ਖੇਤਰੀ ਸੁਭਾਅ ਦੀ ਪੇਸ਼ਕਾਰੀ ਕਾਰਨ ਵੱਡਾ ਪਾਠਕ ਵਰਗ ਮਿਲ ਜਾਂਦਾ ਹੈ।
ਸਿੱਖਿਆ ਸ਼ਾਸਤਰੀ ਹੋਣ ਕਾਰਨ ਉਹ ਜਾਣਦੇ ਹਨ ਕਿ ਪਾਠਕ /ਸਰੋਤੇ ਨੂੰ ਕਿਹੜੇ ਬੋਲਾਂ ਨਾਲ ਕੀਲ ਕੇ ਬਿਠਾਉਣਾ ਹੈ। ਇਸ ਤਕਨੀਕ ਦੀ ਵਰਤੋਂ ਕਰਕੇ ਹੀ ਉਹ ਸਿਆਣੀ ਉਮਰ ਦੇ ਬਾਬਿਆਂ ਦੀ ਢਲਦੀ ਉਮਰ ਦੇ ਪਰਛਾਵਿਆ ਵਿੱਚ ਵੀ ਕਈ ਥਾਈਂ ਸੂਰਜ ਦੀ ਲਿਸ਼ਕੋਰਵੀਂ ਝਲਕ ਵਿਖਾ ਜਾਂਦੇ ਹਨ।
ਪੰਘੂੜੇ ਤੋਂ ਸਿਵਿਆਂ ਤੀਕ ਦੀ ਲੋਕ ਧਾਰਾ ਸਾਨੂੰ ਨਾਲ-ਨਾਲ ਤੁਰਦੀ ਹੈ। “ਸਸਤੀਆਂ ਫਿਊਨਰਲ ਸੇਵਾਵਾਂ” “ਕੋਠੀ ਲੱਗੇ ਐੱਨ.ਆਰ.ਆਈ. ਬਜੁਰਗ”,”ਮਾਣਯੋਗ ਰੁਤਬਾ ਐੱਨ.ਆਰ.ਆਈ. ਬਣਿਆ”,ਨਹੀਂ ਰਹਿਣਾ ਇੰਡੀਆ' ਅਤੇ ਅਜਿਹੀਆਂ ਹੋਰ ਰਚਨਾਵਾਂ ਸਾਨੂੰ ਪਰਦੇਸੀ ਧਰਤੀ ਉੱਤੇ ਦੇਸੀ ਜ਼ਿੰਦਗੀ ਦੇ ਨਿਕਟ ਦਰਸ਼ਨ ਕਰਵਾਉਂਦੀਆਂ ਹਨ।
“ਪੀੜ ਪਰਵਾਸੀਆਂ ਦੀ”ਕਿਤਾਬ ਵਿੱਚ ਕਿਤੇ ਦਰਦ ਵਹਿ ਤੁਰਦੇ ਨੇ, ਕਿਤੇ ਹਾਸਿਆਂ ਦੀਆਂ ਫੁੱਲਝੜੀਆਂ ਨੇ ਅਤੇ ਕਿਤੇ ਆਬਸ਼ਾਰਾਂ ਜ਼ਿੰਦਗੀ ਦੀਆਂ। ਪੱਕੇ ਰਸ ਵਰਗੀ ਉਮਰੇ ਪ੍ਰਦੇਸ ਗਏ ਪੰਜਾਬੀਆਂ ਦੀ ਬੇਪਰਦ ਅੰਤਰ- ਵੇਦਨਾ। ਵੱਡੀਆਂ-ਵੱਡੀਆਂ ਕਲਗੀਆਂ, ਕੁਰਸੀਆ ਰੁਤਬੇ ਮੁਰਾਤਬੇ ਅਤੇ ਅਧਿਕਾਰ ਮਾਣਦੇ ਅਧਿਕਾਰੀ ਜਦੋਂ ਕੈਨੇਡਾ ਚ ਪਹੁੰਚਣ ਸਾਰ ਕਤਾਰ 'ਚ ਲੱਗਦੇ ਹਨ ਤਾਂ ਬੜਾ ਕੁਝ ਅੰਦਰੋਂ ਟੁੱਟਦਾ ਹੈ। ਪੀੜ ਪਰਵਾਸੀਆਂ ਦੀ ਪੁਸਤਕ ਇਸ ਭਾਵਨਾ ਦਾ ਸੰਗਠਿਤ ਦਸਤਾਵੇਜ਼ ਹੈ।

-pain-of-migrants-spoken-by-principal-balkar-singh-bajwa-gurbhajan-singh-gill-prof-


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com