ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਮਰਹੂਮ ਸੁਰਜੀਤ ਪਾਤਰ ਦੀ ਯਾਦ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰ ਸਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਿੱਥੇ ਇਕ ਕਵੀ ਦਰਬਾਰ ਕਰਵਾਇਆ ਜਾਵੇਗਾ ਉੱਥੇ ਹੀ ਇੱਕ ਲਾਇਬਰੇਰੀ ਦੀ ਸਥਾਪਨਾ ਵੀ ਕੀਤੀ ਜਾਵੇਗੀ।ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਉੱਘੇ ਸਮਾਜ ਸੇਵੀ ਡਾ.ਐਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਸੰਨੀ ਓਬਰਾਏ ਵਿਵੇਕ ਸਦਨ (ਐਡਵਾਂਸ ਇੰਸਟੀਚਿਊਟ) ਵਿਖੇ ਸੁਰਜੀਤ ਪਾਤਰ ਦੀ ਯਾਦ ਵਿੱਚ ਜਿੱਥੇ ਹਰ ਸਾਲ ਕਵੀ ਦਰਬਾਰ ਕਰਵਾਇਆ ਜਾਵੇਗਾ ਉਥੇ ਹੀ ਵਿਵੇਕ ਸਦਨ ਵਿੱਚ ਮੌਜੂਦ ਉਨ੍ਹਾਂ ਦੇ ਠਹਿਰਨ ਵਾਲੇ ਕਮਰੇ ਨੂੰ ਲਾਇਬੇ੍ਰਰੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁੁੱਝ ਸਮਾਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਚਲੇ ਸੰਨੀ ਓਬਰਾਏ ਵਿਵੇਕ ਸਦਨ ਅਤੇ ਅਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵਿਖੇ ‘ਸੰਮਲਿਤਾ ਦਾ ਵਿਚਾਰ : ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ, ਰਮਣੀਕ, ਅਲੌਕਿਕ ਧਰਤੀ’ ਵਿਸ਼ੇ ’ਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਦੋ ਦਿਨਾਂ ਵਿਸ਼ਵ ਪੱਧਰੀ ਕਾਨਫਰੰਸ ਡਾ.ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਸੀ, ਜਿਸ ਵਿੱਚ ਪੰਜਾਬੀ ਦੇ 28 ਨਾਮਵਰ ਵਿਦਵਾਨ ਬੁਲਾਏ ਗਏ ਸਨ ।
ਜਿਸ ਦੌਰਾਨ ਡਾ: ਸੁਰਜੀਤ ਪਾਤਰ ਵੀ ਦੋ ਦਿਨ ਇੱਥੇ ਠਹਿਰੇ ਸਨ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਸੁਰਜੀਤ ਪਾਤਰ ਹੁਰੀਂ ਵਿਵੇਕ ਸਦਨ ਦੇ ਜਿਸ ਕਮਰੇ ਵਿੱਚ ਠਹਿਰੇ ਸਨ, ਉਸ ਕਮਰੇ ’ਚੋਂ ਦਿਸਦੇ ਕੁਦਰਤੀ ਨਜ਼ਾਰਿਆਂ ਨੂੰ ਵੇਖਦਿਆਂ ਸੁਰਜੀਤ ਪਾਤਰ ਹੁਰਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਕਮਰਾ, ਜਿਸ ਵਿਚ ਉਹ (ਪਾਤਰ ਸਾਹਿਬ) ਰਹੇ ਸੀ, ਉਹ ਉਨ੍ਹਾਂ ਨੂੰ ਪੱਕਾ ਅਲਾਟ ਕਰ ਦਿਉ। ਡਾ: ਓਬਰਾਏ ਨੇ ਦੱਸਿਆ ਕਿ ਉਸ ਦੌਰਾਨ ਹੀ ਮੈਂ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਹ ਕਮਰਾ ਪੱਕੇ ਤੌਰ ’ਤੇ ਤੁਹਾਡਾ ਹੈ।
ਡਾ. ਉਬਰਾਏ ਨੇ ਦੱਸਿਆ ਕਿ ਸੁਰਜੀਤ ਪਾਤਰ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 52 ਕਵੀਆਂ ਦਾ ਕਵੀ ਦਰਬਾਰ ਲਗਾਉਂਦੇ ਸੀ, ਸੋ ਆਪਾਂ ਵੀ ਅਜਿਹਾ ਹੀ ਕਵੀ ਦਰਬਾਰ ਸ਼ੁਰੂ ਕਰੀਏ। ਉਨ੍ਹਾਂ ਕਿਹਾ ਕਿ ਪਾਤਰ ਹੁਰਾਂ ਦੀ ਸਲਾਹ ਮੁਤਾਬਕ ਅਸੀਂ ਵੀ 52 ਚੋਣਵੇਂ ਨਾਮਵਰ ਕਵੀ ਤਿਆਰ ਕਰਕੇ ਚਾਰ ਰੋਜ਼ਾ ਕਵੀ ਦਰਬਾਰ ਕਰਵਾਉਣ ਦੀ ਯੋਜਨਾ ਬਣਾਈ ਸੀ, ਜਿਸ ਦੀ ਪ੍ਰਧਾਨਗੀ ਵੀ ਪਾਤਰ ਸਾਹਿਬ ਨੇ ਹੀ ਕਰਨੀ ਸੀ ਪਰ ਸੁਰਜੀਤ ਪਾਤਰ ਦੇ ਅਚਾਨਕ ਪਏ ਵਿਛੋੜੇ ਕਾਰਨ ਇਹ ਕਵੀ ਦਰਬਾਰ ਹੁਣ 2 ਮਹੀਨੇ ਅੱਗੇ ਪਾ ਦਿੱਤਾ ਗਿਆ ਹੈ, ਜਿਹੜਾ ਹੁਣ ਸੁਰਜੀਤ ਪਾਤਰ ਹੁਰਾਂ ਨੂੰ ਸਮਰਪਿਤ ਹੋਵੇਗਾ।
kavi-durbar-will-be-held-every-year-in-memory-of-surjit-patar-dr-oberoi
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)