ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਹੁਸ਼ਿਆਰਪੁਰ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦੇ ਪ੍ਰੋਜੈਕਟ ਦੀ ਸਥਿਤੀ ਬਾਰੇ ਪੁੱਛੇ ਜਾਣ ’ਤੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨਿਰਮਾਣ ਕਾਰਜ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ਜੋ ਆਉਂਦੇ ਦੋ ਸਾਲਾਂ ਵਿਚ ਮੁਕੰਮਲ ਹੋਵੇਗਾ। ਲੋਕ ਸਭਾ ਮੈਂਬਰ ਡਾ. ਚੱਬੇਵਾਲ ਨੇ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਟਾਂਡਾ ਤੋਂ ਢੋਲਬਾਹਾ ਰੋਡ, ਸਹੋੜਾ ਕੰਢੀ ਤੋਂ ਗੜ੍ਹਦੀਵਾਲਾ-ਰਘਵਾਲ ਰੋਡ ਤੋਂ ਪੰਡੋਰੀ ਅਟਵਾਲ, ਤਲਵਾੜਾ-ਮੁਬਾਰਕਪੁਰ ਰੋਡ ਤੋਂ ਹਾਜੀਪੁਰ ਢੋਲਬਾਹਾ ਰੋਡ ਵਾਇਰ ਬਰਿੰਗਲੀ, ਬੈੜਿੰਗ, ਬਹਿ ਖੁਸ਼ਹਾਲਾ ਤੋਂ ਇਲਾਵਾ ਐਨ.ਐਚ.-44 ਤੋਂ ਮੁਕੇਰੀਆਂ ਵਾਇਆ ਹਿਆਤਪੁਰ-ਸਿਬੋਚੱਕ, ਹਰਦੋਖੁੰਦਪੁਰ-ਫਿਰੋਜਪੁਰ ਤੋਂ ਘਸੀਟਪੁਰ ਸੜਕਾਂ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਡਾ. ਚੱਬੇਵਾਲ ਨੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ, ਕ੍ਰਿਸ਼ੀ ਵਿਕਾਸ ਯੋਜਨਾ, ਬੇਟੀ ਬਚਾਓ-ਬੇਟੀ ਪੜ੍ਹਾਓ ਯੋਜਨਾ, ਬੱਚਿਆਂ ਦੇ ਵਿਕਾਸ, ਪੋਸ਼ਣ ਅਭਿਆਨ ਤੋਂ ਇਲਾਵਾ ਰਾਸ਼ਟਰੀ ਬਾਗਬਾਨੀ ਮਿਸ਼ਨ, ਰੋਜ਼ਗਾਰ ਸਿਰਜਣ ਯੋਜਨਾ, ਕੰਢੀ ਕੈਨਾਲ ਪ੍ਰੋਜੈਕਟਾਂ, ਸਵੱਛ ਭਾਰਤ ਮਿਸ਼ਨ, ਮਗਨਰੇਗਾ ਅਤੇ ਨੈਸ਼ਨਲ ਹਾਈ ਵੇਅਜ਼ ਦੇ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ।
ਡਾ. ਚੱਬੇਵਾਲ ਨੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਅਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਗੱਲਬਾਤ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਇਨ੍ਹਾਂ ਲੋਕ ਪੱਖੀ ਸਕੀਮਾਂ ਦੀ ਹਰ ਲਾਭਪਾਤਰੀ ਨੂੰ ਸਹੂਲਤ ਮਿਲਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਜਲਦ ਹੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟਰੇਸ਼ਨ ਸ਼ੁਰੂ ਹੋਵੇਗੀ ਤਾਂ ਜੋ ਮਾਵਾਂ-ਧੀਆਂ ਨੂੰ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲਾਭ ਮਿਲ ਸਕੇ। ਉਨ੍ਹਾਂ ਨੇ ਸਵਾਨਿਧੀ ਯੋਜਨਾ ਤਹਿਤ ਬੇਘਰੇ ਲੋਕਾਂ ਨੂੰ ਘਰ ਬਣਾਉਣ ਲਈ ਸਮੇਂ-ਸਮੇਂ ’ਤੇ ਢੁੱਕਵੇਂ ਫੰਡ ਜਾਰੀ ਕਰਨ ਅਤੇ ਸੰਸਦ ਆਦਰਸ਼ ਗਰਾਮ ਯੋਜਨਾ ਤਹਿਤ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿਚ ਚੱਲ ਰਹੇ ਕਾਰਜਾਂ ਦੀ ਲਗਾਤਾਰ ਨਜ਼ਰਸਾਨੀ ਕਰਦਿਆਂ ਕੁਆਲਟੀ, ਪਾਰਦਰਸ਼ਤਾ ਅਤੇ ਤੈਅ ਸਮੇਂ ਦਾ ਪੂਰਾ ਧਿਆਨ ਰੱਖਿਆ ਜਾਵੇ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅਧਿਕਾਰੀਆਂ ਤੋਂ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਨਾਲ ਸਬੰਧਤ ਕੰਮਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈਂਦਿਆਂ ਕਿਹਾ ਕਿ ਲੋਕ ਹਿੱਤ ਵਾਲੇ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਹੂਲਤਾਂ ਮਿਲ ਸਕਣ। ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਟਾਂਡਾ ਹਲਕੇ ਦੇ ਵਿਕਾਸ ਕਾਰਜਾਂ ਦੀ ਜਾਣਕਾਰੀ ਲੈਂਦਿਆਂ ਕਿਹਾ ਕਿ ਇਨ੍ਹਾਂ ਕੰਮਾਂ ਨੂੰ ਨਿਰਧਾਰਤ ਸਮੇਂ ਵਿਚ ਪੂਰਾ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਬਿੰਦਰ ਸਿੰਘ ਪਾਬਲਾ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਨਿਧੀ ਕੁਮੁਦ ਬੰਬਾਹ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
lok-sabha-member-dr-raj-kumar-chabbewal-reviewed-development-works-and-welfare-schemes