ਡਾ. ਬਲਜੀਤ ਕੌਰ ਨੇ ਜ਼ੋਰ ਦੇ ਕੇ ਦੱਸਿਆ ਕਿ ਬੱਚੇ ਦੇ ਦਿਮਾਗ਼ ਦਾ ਵੱਡਾ ਹਿੱਸਾ ਜੀਵਨ ਦੇ ਸ਼ੁਰੂਆਤੀ ਸਾਲਾਂ ਵਿੱਚ ਵਿਕਸਿਤ ਹੁੰਦਾ ਹੈ, ਇਸ ਲਈ ਜੀਵਨ ਦੇ ਪਹਿਲੇ 1000 ਦਿਨ (ਗਰਭ ਅਵਸਥਾ ਦੇ 270 ਦਿਨ ਅਤੇ ਜਨਮ ਤੋਂ ਬਾਅਦ ਪਹਿਲੇ 2 ਸਾਲਾਂ ਦੇ 730 ਦਿਨ) ਸਭ ਤੋਂ ਅਹਿਮ ਹਨ। ਇਸ ਦੌਰਾਨ ਸਹੀ ਪੋਸ਼ਣ, ਪਿਆਰ, ਗੱਲਬਾਤ, ਖੇਡ ਅਤੇ ਜਵਾਬਦੇਹ ਸੰਭਾਲ (ਮੁੱਢਲੀ ਉਤੇਜਨਾ) ਬੱਚੇ ਦੇ ਭਵਿੱਖ ਦੀ ਨੀਂਹ ਰੱਖਦੇ ਹਨ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਖੇਡ, ਗੱਲਬਾਤ, ਸਰੀਰਕ ਛੋਹ, ਗੀਤ, ਕਹਾਣੀ ਅਤੇ ਜਵਾਬਦੇਹ ਸੰਭਾਲ ਰਾਹੀਂ ਬੱਚੇ ਦੇ ਦਿਮਾਗ਼ੀ ਤੰਤੂ-ਜੋੜ ਮਜ਼ਬੂਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ 0–3 ਸਾਲ ਦੇ ਬੱਚਿਆਂ ਲਈ "ਨਿੱਕੇ ਕਦਮ" ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ਮਹੀਨਾਵਾਰ ਘਰੇਲੂ ਦੌਰੇ ਕੀਤੇ ਜਾਣਗੇ, ਖੇਡ-ਅਧਾਰਿਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ ਮਾਪਿਆਂ ਦੀ ਸ਼ਮੂਲੀਅਤ ਵਧਾ ਕੇ ਉਮਰ-ਅਨੁਸਾਰ ਮਾਰਗਦਰਸ਼ਨ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਭਰ ਵਿੱਚ ਜਨਮ ਤੋਂ ਲੈ ਕੇ 3 ਸਾਲ ਤੱਕ ਦੀ ਉਮਰ ਦੇ ਹਰੇਕ ਬੱਚੇ ਦੇ ਮਾਪਿਆਂ ਨੂੰ ਇੱਕ 'ਵਿਸ਼ੇਸ਼ ਰਿਪੋਰਟ ਕਾਰਡ' ਜਾਰੀ ਕੀਤਾ ਜਾਵੇਗਾ। ਇਸ ਰਿਪੋਰਟ ਕਾਰਡ ਵਿੱਚ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਮਾਪਣ ਲਈ ਪ੍ਰੈਕਟੀਕਲ ਸਵਾਲ (ਜਿਵੇਂ ਕਿ 3 ਮਹੀਨੇ ਦਾ ਬੱਚਾ ਅੱਖਾਂ ਫੋਕਸ ਕਰਦਾ ਹੈ, ਮੁਸਕਰਾਉਂਦਾ ਹੈ ਜਾਂ ਆਵਾਜ਼ ਸੁਣ ਕੇ ਰਿਸਪੋਂਡ ਕਰਦਾ ਹੈ) ਦਰਜ ਹੋਣਗੇ, ਜਿਨ੍ਹਾਂ ਦਾ ਜਵਾਬ 'ਹਾਂ ਜਾਂ ਨਾਂ' ਵਿੱਚ ਦੇ ਕੇ ਬੱਚੇ ਦੀ ਗਰੋਥ (ਵਿਕਾਸ) ਦਾ ਪੂਰਾ ਚਾਰਟ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਤਸਵੀਰਾਂ ਵਾਲੀ ਇੱਕ ਖਾਸ ਕਿਤਾਬ ਰਾਹੀਂ ਮਾਪਿਆਂ ਨੂੰ ਉਮਰ ਦੇ ਹਿਸਾਬ ਨਾਲ (ਜਿਵੇਂ 6 ਜਾਂ 8 ਮਹੀਨੇ ਦੇ ਬੱਚੇ ਨੂੰ ਰੰਗ ਦਿਖਾਉਣਾ ਅਤੇ ਖਿਡਾਉਣਾ) ਬਾਲ ਗਤੀਵਿਧੀਆਂ ਸਮਝਾਈਆਂ ਜਾਣਗੀਆਂ। ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਭਾਵੁਕ ਪਹਿਲਕਦਮੀ ਦਾ ਮੁੱਖ ਮਕਸਦ ਛੋਟੀ ਉਮਰ ਵਿੱਚ ਕਿਸੇ ਬਿਮਾਰੀ ਕਾਰਨ ਬੱਚਿਆਂ ਵਿੱਚ ਹੋਣ ਵਾਲੀ ਅੰਗਹੀਣਤਾ ਨੂੰ ਸ਼ੁਰੂਆਤ ਵਿੱਚ ਹੀ ਖਤਮ ਕਰਨਾ ਹੈ, ਤਾਂ ਜੋ "ਰੰਗਲੇ ਪੰਜਾਬ" ਦੀ ਨੀਂਹ ਨੂੰ ਪਹਿਲਾਂ ਤੋਂ ਹੀ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉੱਪਰੋਂ ਲੈ ਕੇ ਹੇਠਲੇ ਪੱਧਰ ਤੱਕ ਸਾਡੇ ਸਾਰੇ ਅਧਿਕਾਰੀ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ.ਡੀ.ਪੀ.ਓਜ਼), ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰਸ ਇਸ ਪੂਰੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਵਚਨਬੱਧ ਹਨ।
ਕੈਬਨਿਟ ਮੰਤਰੀ ਨੇ ਬਾਲ ਵਿਕਾਸ ਦੇ ਪੰਜ ਮੁੱਖ ਅੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 0–6 ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਦੇਣਾ ਬੱਚੇ ਲਈ ਕੁਦਰਤੀ ਅਤੇ ਸੰਪੂਰਨ ਆਹਾਰ ਹੈ। ਉਨ੍ਹਾਂ ਸਪੱਸ਼ਟ ਹਦਾਇਤ ਕੀਤੀ ਕਿ ਇਸ ਦੌਰਾਨ ਬੱਚੇ ਨੂੰ ਪਾਣੀ, ਸ਼ਹਿਦ ਜਾਂ ਘੁੱਟੀ ਦੇਣ ਦੀ ਬਿਲਕੁਲ ਲੋੜ ਨਹੀਂ ਹੁੰਦੀ। 6 ਮਹੀਨੇ ਤੋਂ ਬਾਅਦ ਮਾਂ ਦੇ ਦੁੱਧ ਨਾਲ ਅਰਧ-ਠੋਸ, ਗਾੜ੍ਹਾ, ਤਾਜ਼ਾ ਅਤੇ ਘਰੇਲੂ ਭੋਜਨ ਛੋਟੀ ਮਾਤਰਾ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਪੂਰਕ ਆਹਾਰ ਲਈ ਤਿੰਨ ਮੁੱਖ ਧਾਰਨਾਵਾਂ — ਘੱਟੋ-ਘੱਟ ਖੁਰਾਕੀ ਵਿਭਿੰਨਤਾ, ਘੱਟੋ-ਘੱਟ ਭੋਜਨ ਆਵਰਤੀ ਅਤੇ ਘੱਟੋ-ਘੱਟ ਸਵੀਕਾਰਯੋਗ ਖੁਰਾਕ ਬਾਰੇ ਦੱਸਿਆ। ਉਨ੍ਹਾਂ ਜ਼ੋਰ ਦਿੱਤਾ ਕਿ ਘੱਟੋ-ਘੱਟ ਸਵੀਕਾਰਯੋਗ ਖੁਰਾਕ ਉਦੋਂ ਹੀ ਪੂਰੀ ਹੁੰਦੀ ਹੈ ਜਦੋਂ ਪਹਿਲੀਆਂ ਦੋਵੇਂ ਧਾਰਨਾਵਾਂ ਪੂਰੀਆਂ ਹੋਣ। ਉਨ੍ਹਾਂ ਬੱਚਿਆਂ ਨੂੰ ਰੋਜ਼ਾਨਾ 5 ਵੱਖ-ਵੱਖ ਭੋਜਨ ਸਮੂਹਾਂ (ਅਨਾਜ, ਦਾਲਾਂ/ਪ੍ਰੋਟੀਨ, ਸਬਜ਼ੀਆਂ/ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਆਦਿ ) ਵਿੱਚੋਂ ਭੋਜਨ ਦੇਣ ਉੱਤੇ ਜ਼ੋਰ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਵਿਕਾਸ ਦੀ ਨਿਗਰਾਨੀ (ਭਾਰ ਅਤੇ ਕੱਦ ਦਾ ਮੁਲਾਂਕਣ) ਕਰਕੇ ਘੱਟ ਭਾਰ, ਸੁੱਕੜ ਰੋਗ (ਮੱਠਾ ਵਿਕਾਸ) ਅਤੇ ਕੱਦ ਮੁਤਾਬਕ ਘੱਟ ਭਾਰ ਦੀ ਜਲਦੀ ਪਛਾਣ ਕੀਤੀ ਜਾਵੇਗੀ ਅਤੇ ਬੱਚਿਆਂ ਨੂੰ ਆਮ, ਦਰਮਿਆਨੇ ਕੁਪੋਸ਼ਣ ਅਤੇ ਗੰਭੀਰ ਕੁਪੋਸ਼ਣ ਦੀਆਂ ਸ਼੍ਰੇਣੀਆਂ ਵਿੱਚ ਵੰਡ ਕੇ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਜਾਵੇਗਾ। ਇਸ ਲਈ 'ਪੋਸ਼ਣ ਟ੍ਰੈਕਰ' (ਵਿਕਾਸ ਨਿਗਰਾਨੀ ਐਪ) ਉੱਤੇ ਸਹੀ ਅਤੇ ਸਮੇਂ ਸਿਰ ਡਾਟਾ ਦਰਜ ਕਰਨਾ ਲਾਜ਼ਮੀ ਕੀਤਾ ਗਿਆ ਹੈ।
ਆਂਗਣਵਾੜੀ ਕੇਂਦਰਾਂ ਵਿੱਚ 'ਆਧਾਰਸ਼ਿਲਾ-ਅਧਾਰਿਤ ਸਾਂਝਾ ਪਾਠਕ੍ਰਮ' ਅਤੇ ਖੇਡ-ਅਧਾਰਿਤ ਸਿੱਖਿਆ (ਕਹਾਣੀਆਂ, ਫਲੈਸ਼ ਕਾਰਡ, ਡਿਜਿਟਲ ਸਮੱਗਰੀ) ਰਾਹੀਂ ਬੱਚਿਆਂ ਨੂੰ ਸਕੂਲ ਲਈ ਤਿਆਰ ਕੀਤਾ ਜਾ ਰਿਹਾ ਹੈ। ਹੁਣ ਤੱਕ 27,307 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਅਤੇ ਮੁਲਾਂਕਣ ਮੁਕੰਮਲ ਹੋ ਚੁੱਕੀ ਹੈ। "ਮਿਸ਼ਨ ਆਰੰਭ" ਤਹਿਤ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ 26,209 ਆਂਗਣਵਾੜੀ ਵਰਕਰਾਂ ਦੀ ਸ਼ਮੂਲੀਅਤ ਨਾਲ ਲਗਭਗ 1.6 ਲੱਖ ਮਾਪੇ ਵਟਸਐਪ ਘਰੇਲੂ ਸਿੱਖਿਆ ਮੁਹਿੰਮ ਰਾਹੀਂ ਜੁੜੇ ਹਨ। ਸਾਲ 2025–26 ਦੌਰਾਨ ਈ.ਸੀ.ਸੀ.ਈ. ਦਿਵਸ (ਮੁੱਢਲੀ ਬਾਲ ਅਵਸਥਾ ਸੰਭਾਲ ਅਤੇ ਸਿੱਖਿਆ ਦਿਵਸ) ਵਿੱਚ ਰਿਕਾਰਡ 15,59,994 ਮਾਪਿਆਂ ਨੇ ਹਿੱਸਾ ਲਿਆ, ਜਿਸ ਵਿੱਚ 10,76,064 ਮਾਵਾਂ ਦੇ ਨਾਲ-ਨਾਲ 4,83,930 ਪਿਤਾਵਾਂ ਨੇ ਵੀ ਸਰਗਰਮ ਭੂਮੀਕਾ ਨਿਭਾਈ।
ਮੰਤਰੀ ਡਾ. ਬਲਜੀਤ ਕੌਰ ਨੇ ਬੜੇ ਭਾਵੁਕ ਲਹਿਜੇ ਵਿੱਚ ਕਿਹਾ ਕਿ ਇਹ ਸਿਰਫ਼ ਸਰਕਾਰੀ ਮੁਹਿੰਮ ਨਹੀਂ ਹੈ, ਸਗੋਂ ਪੰਜਾਬ ਦੇ ਹਰ ਉਸ ਘਰ ਤੱਕ ਖੁਸ਼ਹਾਲੀ ਪਹੁੰਚਾਉਣ ਦੀ ਇੱਕ ਸੁਹਿਰਦ ਕੋਸ਼ਿਸ਼ ਹੈ ਜਿੱਥੇ ਇੱਕ ਨਿੱਕਾ ਬਾਲ ਪਲ ਰਿਹਾ ਹੈ। ਉਨ੍ਹਾਂ ਕਿਹਾ: "ਜਦੋਂ ਇੱਕ ਆਂਗਣਵਾੜੀ ਵਰਕਰ ਲਾਭਪਾਤਰੀ ਦੇ ਘਰ ਜਾਂਦੀ ਹੈ, ਤਾਂ ਉਹ ਸਿਰਫ਼ ਸਿੱਖਿਆ ਨਹੀਂ, ਸਗੋਂ ਬੱਚੇ ਦੇ ਸੁਰੱਖਿਅਤ ਭਵਿੱਖ ਦਾ ਵਿਸ਼ਵਾਸ ਅਤੇ ਮਾਂ-ਪਿਓ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਉਮੀਦ ਲੈ ਕੇ ਜਾਂਦੀ ਹੈ। ਸਾਡੀ ਸਰਕਾਰ ਦਾ ਮਕਸਦ ਹਰ ਬੱਚੇ ਨੂੰ ਇੱਕ ਸਨਮਾਨਜਨਕ, ਸਿਹਤਮੰਦ ਅਤੇ ਬਿਹਤਰ ਮਾਹੌਲ ਦੇਣਾ ਹੈ, ਜਿਸ ਦੇ ਉਹ ਹੱਕਦਾਰ ਹਨ।"
ਸੰਮੇਲਨ ਦੇ ਅਖੀਰ ਵਿੱਚ ਸਮੂਹ ਆਂਗਣਵਾੜੀ ਵਰਕਰਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਰੋਜਾਨਾ ਘਰਾਂ ਦੇ ਦੌਰੇ ਕਰਨ, ਪੋਸ਼ਣ ਟ੍ਰੈਕਰ ਸਹੀ ਭਰਨ, ਦੇਖਭਾਲ ਦਿਵਸ/ਈ.ਸੀ.ਸੀ.ਈ. ਦਿਵਸ ਮਨਾਉਣ ਅਤੇ ਅਗਲੇਰੀ ਸਹਾਇਤਾ ਵਾਲੇ ਕੇਸਾਂ ਲਈ ਆਸ਼ਾ ਵਰਕਰਾਂ ਤੇ ਸਿਹਤ ਵਿਭਾਗ ਨਾਲ ਮਜ਼ਬੂਤ ਤਾਲਮੇਲ ਬਣਾਉਣ। ਇਸ ਦੇ ਨਾਲ ਹੀ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਦੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਇੱਕੋ ਥਾਂ ਸਥਿਤ ਕੇਂਦਰਾਂ ਅਤੇ ਆਂਗਣਵਾੜੀ ਸਕੂਲ ਛੱਡਣ ਦਾ ਸਰਟੀਫਿਕੇਟ ਵਰਗੀਆਂ ਨਿਵੇਕਲੀਆਂ ਪਹਿਲਕਦਮੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਪੋਸ਼ਣ ਜਾਗਰੂਕਤਾ ਨੂੰ ਭਾਈਚਾਰਕ ਪੱਧਰ ਤੱਕ ਪਹੁੰਚਾਉਣ ਲਈ 'ਪੋਸ਼ਣ ਅਭਿਆਨ' ਹੇਠ ਸਾਲਾਨਾ ਕਲੰਡਰ ਵੀ ਜਾਰੀ ਕੀਤਾ ਗਿਆ ਹੈ।
ਸੰਮੇਲਨ ਦਾ ਮੁੱਖ ਸੰਦੇਸ਼ ਰਿਹਾ ਕਿ ਪੋਸ਼ਣ, ਮੁੱਢਲੀ ਉਤੇਜਨਾ, ਵਿਕਾਸ ਨਿਗਰਾਨੀ, ਸਕੂਲ ਜਾਣ ਤੋਂ ਪਹਿਲਾਂ ਦੀ ਸਿੱਖਿਆ ਅਤੇ ਭਾਈਚਾਰਕ ਭਾਗੀਦਾਰੀ ਨੂੰ ਇਕੱਠੇ ਲਿਆ ਕੇ ਹੀ ਪੰਜਾਬ ਦੇ ਹਰ ਬੱਚੇ ਦੇ ਸਿਹਤਮੰਦ ਅਤੇ ਸਮੂਹਿਕ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB