ਪੰਜਾਬ ਦੇ ਉਦਯੋਗਿਕ ਢਾਂਚੇ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੱਸਿਆ ਕਿ ਜਾਪਾਨੀ ਪੈਕੇਜਿੰਗ ਕੰਪਨੀ 'ਟੌਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ' (ਟੀਐਸਐਫ) ਵੱਲੋਂ ਆਪਣੇ ਪਲਾਂਟ ਦੇ ਵਿਆਪਕ ਵਿਸਤਾਰ ਦਾ ਐਲਾਨ ਕੀਤਾ ਗਿਆ ਹੈ। ਜਾਪਾਨ ਦੀ 'ਟੌਪਨ ਹੋਲਡਿੰਗਜ਼ ਇੰਕ.' ਦੀ ਸਹਾਇਕ ਕੰਪਨੀ, 'ਟੌਪਨ ਸਪੈਸ਼ਲਿਟੀ ਫਿਲਮਜ਼' ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰੈਲ ਮਾਜਰਾ ਵਿਖੇ ਸਥਿਤ ਆਪਣੀ ਨਿਰਮਾਣ ਇਕਾਈ ਦਾ 244 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਸਤਾਰ ਕੀਤਾ ਜਾ ਰਿਹਾ ਹੈ।
ਇਹ ਐਲਾਨ ਉਦਯੋਗ ਮੰਤਰੀ ਨੇ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ 'ਟੌਪਨ ਸਪੈਸ਼ਲਿਟੀ ਫਿਲਮਜ਼' ਦੇ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਅਤੇ ਹੋਲ-ਟਾਈਮ ਡਾਇਰੈਕਟਰ ਸ੍ਰੀ ਅਮਿਤ ਜੈਨ ਵੀ ਮੌਜੂਦ ਸਨ। ਇਸ ਮੌਕੇ ਉਦਯੋਗ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ, ਡਾਇਰੈਕਟਰ ਸ੍ਰੀ ਜਸਪ੍ਰੀਤ ਸਿੰਘ ਅਤੇ ਇਨਵੈਸਟ ਪੰਜਾਬ ਦੇ ਐਡੀਸ਼ਨਲ ਸੀ.ਈ.ਓ. ਸ੍ਰੀਮਤੀ ਸੇਨੂ ਦੁੱਗਲ ਵੀ ਮੌਜੂਦ ਸਨ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਵਿਸਤਾਰ ਨਿਵੇਸ਼ ਲਈ ਕੰਪਨੀਆਂ ਦੀ ਪੰਜਾਬ ਵੱਲ ਖਿੱਚ ਦੇ ਵਧਦੇ ਰੁਝਾਨ ਨੂੰ ਦਰਸਾਉਂਦਾ ਹੈ। ਮਾਰਚ, 2022 ਤੋਂ ਲੈ ਕੇ ਹੁਣ ਤੱਕ ਸੂਬੇ ਨੂੰ 10,673 'ਕਾਮਨ ਐਪਲੀਕੇਸ਼ਨ ਫਾਰਮਾਂ' ਰਾਹੀਂ ਤਕਰੀਬਨ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ 6.63 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਸਮਰੱਥਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਪ੍ਰੈਲ ਤੋਂ ਅਕਤੂਬਰ, 2026 ਤੱਕ ਸੂਬੇ ਨੂੰ 1846 ਕਾਮਨ ਐਪਲੀਕੇਸ਼ਨ ਫਾਰਮਾਂ ਰਾਹੀਂ 35966 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ। ਇਹ ਅੰਕੜਾ ਪੰਜਾਬ ਵਿੱਚ ਵਿਸ਼ਵ ਭਰ ਦੀਆਂ ਕੰਪਨੀਆਂ ਦੇ ਵਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਰੈਲ ਮਾਜਰਾ ਵਿਖੇ ਕੀਤੇ ਜਾਣ ਵਾਲੇ ਇਸ ਵਿਸਤਾਰ ਤਹਿਤ ਇੱਕ ਨਵੀਂ ਥਰਮਲ ਲੈਮੀਨੇਸ਼ਨ ਲਾਈਨ, ਇੱਕ ਨਵੀਂ ਕੋਟਿੰਗ ਲਾਈਨ ਅਤੇ ਦੋ ਨਵੇਂ ਮੈਟਾਲਾਈਜ਼ਰ ਲਾਏ ਜਾਣਗੇ, ਜਿਸ ਨਾਲ ਪਲਾਂਟ ਦੀ ਸਾਲਾਨਾ ਸਮਰੱਥਾ ਵਿੱਚ 19,700 ਟਨ ਦਾ ਵਾਧਾ ਹੋਵੇਗਾ। ਇਸ ਅਪਗ੍ਰੇਡ ਨਾਲ 127 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਜਿਨ੍ਹਾਂ ਵਿੱਚੋਂ 22 ਨੌਕਰੀਆਂ ਔਰਤਾਂ ਲਈ ਹੋਣਗੀਆਂ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਥਾਈ ਉਦਯੋਗਿਕ ਅਮਲਾਂ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਕੰਪਨੀ ਦੋ ਬਾਇਓਮਾਸ-ਆਧਾਰਿਤ ਹੀਟਰ ਵੀ ਲਾਵੇਗੀ। ਇਹ ਹੀਟਰ ਫਰਨੇਸ ਆਇਲ ਦੀ ਥਾਂ 'ਤੇ ਹਰ ਮਹੀਨੇ ਲਗਭਗ ਝੋਨੇ ਦੀ 900 ਟਨ ਪਰਾਲੀ ਦੀ ਵਰਤੋਂ ਕਰਨਗੇ ਅਤੇ ਇਸ ਪ੍ਰਕਿਰਿਆ ਤੋਂ ਪੈਦਾ ਹੋਣ ਵਾਲੀ ਸੁਆਹ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੀ ਸਮੱਗਰੀ ਵਜੋਂ ਸਥਾਨਕ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।
ਦਸੰਬਰ, 2025 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਾਪਾਨ ਦੌਰੇ ਦਾ ਜ਼ਿਕਰ ਕਰਦਿਆਂ ਉਦਯੋਗ ਮੰਤਰੀ ਨੇ ਦੱਸਿਆ ਕਿ ਟੋਪਨ ਦੀ ਸੀਨੀਅਰ ਲੀਡਰਸ਼ਿਪ ਨਾਲ ਹੋਈ ਗੱਲਬਾਤ ਦੌਰਾਨ ਕੰਪਨੀ ਨੇ ਪੰਜਾਬ ਵਿੱਚ ਆਪਣੇ ਪਲਾਂਟ ਦਾ ਵਿਸਤਾਰ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ਤੋਂ ਇਲਾਵਾ ਉਦਯੋਗ-ਅਧਾਰਿਤ ਸਿਖਲਾਈ ਅਤੇ ਅਪ੍ਰੈਂਟਿਸਸ਼ਿਪ ਲਈ ਇੱਕ ਸਕਿਲਿੰਗ ਐਕਸੀਲੈਂਸ ਸੈਂਟਰ ਸਥਾਪਤ ਕਰਨ ਵਾਸਤੇ ਇਨਵੈਸਟ ਪੰਜਾਬ ਨਾਲ ਸਮਝੌਤਾ ਵੀ ਸਹੀਬੱਧ ਕੀਤਾ ਗਿਆ ਸੀ।
ਸ੍ਰੀ ਅਮਨ ਅਰੋੜਾ ਨੇ ਕਿਹਾ, "ਇਹ ਮੌਜੂਦਾ ਵਿਸਤਾਰ ਕੰਪਨੀ ਦੁਆਰਾ ਉਸ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ।" ਉਨ੍ਹਾਂ ਕਿਹਾ ਕਿ 'ਟੋਪਨ' ਵਰਗੀਆਂ ਆਲਮੀ ਕੰਪਨੀਆਂ ਦਾ ਲਗਾਤਾਰ ਵਿਸਤਾਰ ਪੰਜਾਬ ਦੇ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕਰਦਾ ਹੈ, ਸੂਬੇ ਵਿੱਚ ਉੱਨਤ ਤਕਨਾਲੋਜੀ ਲਿਆਉਂਦਾ ਹੈ ਅਤੇ ਇੱਥੋਂ ਦੇ ਨੌਜਵਾਨਾਂ ਲਈ ਹੁਨਰਮੰਦ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ।
ਵਿਸ਼ਵ ਭਰ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਸੱਦਾ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ-2026 ਅਤੇ 'ਇਨਵੈਸਟ ਪੰਜਾਬ' ਦੇ 'ਸਿੰਗਲ-ਵਿੰਡੋ ਸਿਸਟਮ' ਰਾਹੀਂ ਨਿਵੇਸ਼ਕਾਂ ਦੀ ਸਹੂਲਤ ਪ੍ਰਤੀ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਦੱਸਿਆ ਕਿ 20 ਵਿਭਾਗਾਂ ਵਿੱਚ 300 ਤੋਂ ਵੱਧ ਪ੍ਰਵਾਨਗੀਆਂ ਹੁਣ ਆਨਲਾਈਨ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜੋ ਨਿਵੇਸ਼ਕਾਂ ਲਈ ਤੇਜ਼, ਪਾਰਦਰਸ਼ੀ ਅਤੇ ਨਿਰਵਿਘਨ ਪ੍ਰਵਾਨਗੀਆਂ ਨੂੰ ਯਕੀਨੀ ਬਣਾਉਂਦੀਆਂ ਹਨ।
ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਮਰਥਨ ਅਤੇ ਨਿਵੇਸ਼ਕ-ਪੱਖੀ ਮਾਹੌਲ ਲਈ ਧੰਨਵਾਦ ਕਰਦਿਆਂ, ਸ੍ਰੀ ਅਮਿਤ ਜੈਨ ਨੇ ਮੀਡੀਆ ਨੂੰ ਪੰਜਾਬ ਵਿੱਚ ਕੰਪਨੀ ਦੇ ਕਾਰਜਾਂ ਅਤੇ ਵਿਸਥਾਰ ਦੇ ਤਕਨੀਕੀ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਜੈਨ ਨੇ ਕਿਹਾ ਕਿ ਟੋਪਨ ਪੰਜਾਬ ਦੇ ਨੌਜਵਾਨਾਂ ਵਿੱਚ ਵੀ ਨਿਵੇਸ਼ ਕਰ ਰਹੀ ਹੈ। ਮਈ 2026 ਵਿੱਚ ਕੰਪਨੀ ਨੇ ਪੌਲੀਟੈਕਨਿਕ, ਰੋਪੜ ਵਿਖੇ ਇੱਕ ਹੁਨਰ ਵਿਕਾਸ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ, ਜੋ ਆਈਆਈਟੀ ਰੋਪੜ ਅਤੇ ਸੀਆਈਪੀਈਟੀ ਬੱਦੀ ਦੇ ਸਹਿਯੋਗ ਨਾਲ ਪਲਾਸਟਿਕ ਪ੍ਰੋਸੈਸਿੰਗ, ਟੈਲੀ ਈਆਰਪੀ ਅਤੇ ਇਲੈਕਟ੍ਰੀਸ਼ੀਅਨ ਟਰੇਡਾਂ ਵਿੱਚ ਸਿਖਲਾਈ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਬੈਚ ਨੇ ਲਗਭਗ 100 ਫੀਸਦੀ ਪਲੇਸਮੈਂਟ ਪ੍ਰਾਪਤ ਕੀਤੀ ਹੈ। ਟੋਪਨ ਵੱਲੋਂ ਇੱਕ ਸਕਿਲਿੰਗ ਐਕਸੀਲੈਂਸ ਸੈਂਟਰ ਸਥਾਪਤ ਕਰਨ ਲਈ ਨਿਵੇਸ਼ ਪੰਜਾਬ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ, ਜੋ ਕਿ ਹੁਨਰ ਪੰਜਾਬ ਪੋਰਟਲ ਦੇ ਪੂਰਕ ਵਜੋਂ ਕੰਮ ਕਰਦਾ ਹੈ ਅਤੇ ਸੂਬੇ ਭਰ ਵਿੱਚ ਲਗਭਗ 1,750 ਵਿਦਿਅਕ ਅਤੇ ਸਿਖਲਾਈ ਸੰਸਥਾਵਾਂ ਨਾਲ ਉਦਯੋਗ ਨੂੰ ਜੋੜਦਾ ਹੈ।
----------