ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ.ਕੇ ਨੇ ਅੱਜ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਉਨਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ। ਉਕਤ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਨਵੰਬਰ 1984 ਸਿੱਖ ਕਤਲੇਆਮ ਕੇਸ ਵਿੱਚ ਸੀ.ਬੀ.ਆਈ ਵੱਲੋਂ ਜਗਦੀਸ਼ ਟਾਈਟਲਰ ਖਿਲਾਫ ਚਾਰਜਸ਼ੀਟ ਦਾਖਿਲ ਕਰਨਾ ਸਮੁੱਚੀ ਸਿੱਖ ਕੌਮ ਦੀ ਜਿੱਤ ਹੈ।ਉਨਾਂ ਕਿਹਾ ਕਿ ਸਿੰਘ ਸਾਹਿਬ ਨਾਲ ਮੁਲਾਕਾਤ ਦੌਰਾਨ ਅੱਜ ਉਨਾਂ ਨੂੰ ਇਸ ਕੇਸ ਦੇ ਵੱਖ ਵੱਖ ਪਹਿਲੂਆਂ ਤੋਂ ਜਾਣੂੰ ਕਰਵਾਉਂਦਿਆਂ ਉਨਾਂ ਵਿਅਕਤੀਆਂ,ਗੁਰਦੁਆਰਾ ਕਮੇਟੀਆਂ,ਜਥੇਬੰਦੀਆਂ,ਵਕੀਲਾਂ ਅਤੇ ਪ੍ਰਤੱਖਦਰਸ਼ੀਆਂ ਬਾਰੇ ਦੱਸਿਆ ਜਿਨ੍ਹਾਂ ਨੇ ਕੇਸ ਦਰਜ਼ ਕਰਵਾਉਣ ਤੋਂ ਲੈ ਕੇ ਅੱਜ ਤੱਕ ਲੜਾਈ ਜਾਰੀ ਰੱਖੀ ਅਤੇ ਜਿਨ੍ਹਾਂ ਦੀ ਬਦੌਲਤ ਟਾਈਟਲਰ ਖਿਲਾਫ ਚਾਰਜਸ਼ੀਟ ਦਾਖਿਲ ਹੋ ਸਕੀ।ਜੀ.ਕੇ ਨੇ ਇਸ ਮੌਕੇ ਕਿਹਾ ਕਿ ਦਿੱਲੀ ਦੇ ਖਾਲਸਾ ਕਾਲਜਾਂ ਵਿੱਚ 250 ਦੇ ਕਰੀਬ ਭਰਤੀਆਂ ਹੋਣੀਆਂ ਹਨ ਪਰ ਯੋਗ ਹੋਣ ਦੇ ਬਾਵਜ਼ੂਦ ਸਰਕਾਰਾਂ ਵੱਲੋਂ ਕਈ ਨਿਯਮਾਂ ਦਾ ਹਵਾਲਾ ਦਿੰਦਿਆਂ 10 ਪ੍ਰਤੀਸ਼ਤ ਤੋਂ ਵੀ ਘੱਟ ਸਿੱਖ ਬੱਚਿਆਂ ਨੂੰ ਭਰਤੀ ਕੀਤਾ ਜਾ ਰਿਹੈ ਜੋ ਸਾਡੇ ਬੱਚਿਆਂ ਨਾਲ ਸਰਾਸਰ ਧੱਕਾ ਹੈ।ਉਨਾਂ ਕਿਹਾ ਕਿ ਇਸ ਬਾਬਤ ਵੀ ਸਿੰਘ ਸਾਹਿਬ ਨੂੰ ਜਾਣੂੰ ਕਰਵਾਇਆ ਗਿਆ ਹੈ।ਉੱਧਰ ਇੱਕ ਸਵਾਲ ਦੇ ਜਵਾਬ ਵਿੱਚ ਮਨਜੀਤ ਸਿੰਘ ਜੀ.ਕੇ ਨੇ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਿੱਚ ਵਾਧੇ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸੰਗਤਾਂ ਖੁਦ ਹੀ ਸਜ਼ਾਵਾਂ ਦੇਣ ਲੱਗ ਪਈਆਂ ਹਨ ਪਰ ਜੇਕਰ ਸਰਕਾਰਾਂ ਆਪਣਾ ਕੰਮ ਸਹੀ ਢੰਗ ਨਾਲ ਕਰਦੀਆਂ ਅਤੇ ਇਨਸਾਫ ਹੋਇਆ ਹੁੰਦਾ ਤਾਂ ਫਿਰ ਕਿਸੇ ਬੇਅਦਬੀ ਦੇ ਦੋਸ਼ੀ ਨੂੰ ਸੋਧਾ ਲਾਉਣ ਦੀ ਲੋੜ ਨਾ ਪੈਂਦੀ।
Former President of Delhi Committee Manjit Singh GK met Jathedar Akal Takht Sahib
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)